ਹੁਸ਼ਿਆਰਪੁਰ / ਚੰਡੀਗੜ੍ਹ / 2 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ 60 ਐਸ.ਏ.ਟੀ.ਏ. ਰੈਜੀਮੈਂਟ ਦੇ ਸ਼ਹੀਦ ਹੋਏ ਸੂਬੇਦਾਰ ਰਾਜੇਸ਼ ਕੁਮਾਰ ਦੇ ਪਰਿਵਾਰ ਨੂੰ 50 ਲੱਖ ਰੁਪਏ ਐਕਸ ਗ੍ਰੇਸ਼ੀਆ ਅਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਜੰਮੂ-ਕਸ਼ਮੀਰ ਦੇ ਰਾਜੌਰੀ ਸੈਕਟਰ ’ਚ ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਦੌਰਾਨ ਪਹਿਲੀ ਤੇ ਦੋ ਸਤੰਬਰ ਦੀ ਦਰਮਿਆਨੀ ਰਾਤ ਸੂਬੇਦਾਰ ਰਾਜੇਸ਼ ਕੁਮਾਰ ਸ਼ਹੀਦ ਹੋ ਗਏ ਸਨ।
ਸ਼ਹੀਦ ਸੈਨਿਕ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਤੇ ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇਦਾਰ ਰਾਜੇਸ਼ ਕੁਮਾਰ ਇਕ ਨਿਡਰ ਤੇ ਬਹਾਦਰ ਯੋਧਾ ਸੀ ਜਿਸ ਦੀ ਮਹਾਨ ਕੁਰਬਾਨੀ ਅਤੇ ਆਪਣੇ ਫ਼ਰਜ਼ ਪ੍ਰਤੀ ਸਮਰਪਣ ਭਾਵਨਾ ਲਈ ਦੇਸ਼ ਸਦਾ ਰਿਣੀ ਰਹੇਗਾ। ਸ਼ਹੀਦ ਦੀ ਇਹ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸ੍ਰੋਤ ਬਣੀ ਰਹੇਗੀ।
ਜ਼ਿਕਰਯੋਗ ਹੈ ਕਿ ਸੂਬੇਦਾਰ ਰਾਜੇਸ਼ ਸ਼ਰਮਾ ਦੇ ਪਿਤਾ ਹਵਲਦਾਰ ਰਾਮ ਚੰਦਰ ਵੀ ਇਸੇ ਰੈਜੀਮੈਂਟ ਦੇ ਸੇਵਾ ਮੁਕਤ ਸੈਨਿਕ ਹਨ। ਜ਼ਿਲਾ ਹੁਸ਼ਿਆਰਪੁਰ ਦੀ ਤਹਿਸੀਲ ਮੁਕੇਰੀਆ ਦੇ ਪਿੰਡ ਕਲੀਚਪੁਰ ਕਲੋਟਾ ਦੇ ਵਾਸੀ ਸ਼ਹੀਦ ਰਾਜੇਸ਼ ਕੁਮਾਰ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ, ਪੁੱਤਰ ਅਤੇ ਬੇਟੀ ਛੱਡ ਗਏ ਹਨ।