ਨਗਰ ਨਿਗਮ ਨੂੰ ਮਜ਼ਬੂਤ ਕਰਨ ਲਈ 264 ਨਵੀਆਂ ਪੋਸਟਾਂ ਨੂੰ ਮਿਲੀ ਮਨਜ਼ੂਰੀ: ਅਰੋੜਾ
*ਹੁਸ਼ਿਆਰਪੁਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਬੇਹਤਰ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਨੇ ਉਠਾਏ ਬੇਹਤਰੀਨ ਕਦਮ **ਮੁੱਖ ਮੰਤਰੀ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਦਾ ਕੀਤਾ ਧੰਨਵਾਦ ***ਕਿਹਾ, ਨਵੀਂਆਂ ਮਨਜ਼ੂਰ ਹੋਈਆਂ ਪੋਸਟਾਂ ਨੂੰ ਭਰਨ ਦੀ ਪ੍ਰਕ੍ਰਿਆ ਹੋਵੇਗੀ ਜਲਦ ਸ਼ੁਰੂ
ਹੁਸ਼ਿਆਰਪੁਰ / 2 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਉਦਯੋਗ ਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਵਲੋਂ ਨਗਰ ਨਿਗਮ ਹੁਸ਼ਿਆਰਪੁਰ ਲਈ 264 ਨਵੀਆਂ ਪੋਸਟਾਂ ਮਨਜ਼ੂਰ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਿੱਚ ਨਵੀਂਆਂ ਆਸਾਮੀਆਂ ਭਰਨ ਨਾਲ ਜਿਥੇ ਲੋਕਾਂ ਨੂੰ ਹੋਰ ਬੇਹਤਰੀਨ ਸੁਵਿਧਾਵਾਂ ਮਿਲਣਗੀਆਂ, ਉਥੇ ਸ਼ਹਿਰ ਦੀ ਨੁਹਾਰ ਵੀ ਬਦਲ ਜਾਵੇਗੀ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਬੇਹਤਰੀਨ ਸੁਵਿਧਾਵਾਂ ਉਪਲਬੱਧ ਕਰਵਾਉਣ ਲਈ ਪੰਜਾਬ ਦੀ ਕੈਪਟਨ ਸਰਕਾਰ ਹਮੇਸ਼ਾ ਤੋਂ ਹੀ ਯਤਨਸ਼ੀਲ ਹੈ।
ਕੈਬਨਿਟ ਮੰਤਰੀ ਸ੍ਰੀ ਅਰੋੜਾ ਨੇ ਇਸ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹੁਸ਼ਿਆਰਪੁਰ ਦੇ ਵਿਕਾਸ ਲਈ ਜਦ ਵੀ ਉਨ੍ਹਾਂ ਮੁੱਖ ਮੰਤਰੀ ਨਾਲ ਗੱਲ ਕੀਤੀ, ਉਨ੍ਹਾਂ ਨੇ ਹਮੇਸ਼ਾਂ ਸ਼ਹਿਰ ਦੇ ਵਿਕਾਸ ਲਈ ਨਵੇਂ ਪ੍ਰੋਜੈਕਟ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਸੰਸਥਾ ਉਦੋਂ ਮਜ਼ਬੂਤੀ ਨਾਲ ਕੰਮ ਕਰ ਸਕਦੀ ਹੈ, ਜਦ ਉਥੇ ਮੈਨਪਾਵਰ ਪੂਰੀ ਹੋਵੇ ਅਤੇ ਉਹ ਮਹਿਸੂਸ ਕਰ ਰਹੇ ਸਨ ਕਿ ਨਗਰ ਨਿਗਮ ਹੁਸ਼ਿਆਰਪੁਰ ਮੈਨਪਾਵਰ ਦੀ ਕਮੀ ਨਾਲ ਲੜ ਰਿਹਾ ਹੈ, ਜਿਸ ਦੇ ਲਈ ਉਹ ਮੁੱਖ ਮੰਤਰੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਾਲ ਵੀ ਮਿਲਦੇ ਰਹੇ, ਜਿਸ ਦਾ ਨਤੀਜਾ ਇਹ ਹੈ ਕਿ ਅੱਜ ਨਗਰ ਨਿਗਮ ਵਿੱਚ ਜਿਥੇ ਨਵੀਂਆਂ ਪੋਸਟਾਂ ਜਨਰੇਟ ਹੋਈਆਂ ਹਨ, ਉਥੇ ਪੁਰਾਣੀਆਂ ਪੋਸਟਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ।
ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਗਰ ਨਿਗਮ ਹੁਸ਼ਿਆਰਪੁਰ ਨੂੰ 264 ਨਵੀਂਆਂ ਪੋਸਟਾਂ ਦਿੱਤੀਆਂ ਗਈਆਂ ਹਨ, ਜਿਸ ਨਾਲ ਹੁਣ ਨਗਰ ਨਿਗਮ ਹੋਰ ਵੱਧ ਮਜ਼ਬੂਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਨਵੀਂਆਂ ਮਨਜ਼ੂਰ ਪੋਸਟਾਂ ਵਿੱਚ ਇਕ ਆਸਾਮੀ ਵਧੀਕ ਕਮਿਸ਼ਨਰ, ਇਕ ਐਕਸੀਅਨ (ਓ.ਐਂਡ ਐਮ), 2 ਐਸ.ਡੀ.ਓ. (ਓ.ਐਂਡ ਐਮ), 1 ਐਸ.ਡੀ.ਓ. (ਲਾਈਟ), 1 ਐਸ.ਡੀ.ਓ, 3 ਜੇ.ਈ. (ਬੀ.ਐਂਡ ਆਰ.), 2 ਜੇ.ਈ. (ਓ.ਐਂਡ ਐਮ), 1 ਜੇ.ਈ. (ਹਾਰਟੀਕਲਚਰ), 3 ਸੈਨੇਟਰੀ ਇੰਸਪੈਕਟਰ, 2 ਚੀਫ਼ ਸੈਨੇਟਰੀ ਇੰਸਪੇਕਟਰ, 22 ਲੀਡਿੰਗ ਫਾਇਰਮੈਨ, 169 ਸਫਾਈ ਸੇਵਕ, 33 ਸੀਵਰਮੈਨ, 13 ਫਾਇਰਮੈਨ, 1 ਏ.ਐਸ.ਆਈ., 1 ਹਵਲਦਾਰ ਅਤੇ 8 ਸਿਪਾਹੀ ਦੀਆਂ ਆਸਾਮੀਆਂ ਮਨਜ਼ੂਰ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਸਾਮੀਆਂ ’ਤੇ ਨਿਯੁਕਤੀ ਸਬੰਧੀ ਕਾਰਵਾਈ ਵੀ ਜਲਦ ਸ਼ੁਰੂ ਹੋ ਜਾਵੇਗੀ।