ਹਾਈਵੇਅ ’ਤੇ ਚੋਰੀਆਂ ਕਰਨ ਵਾਲਾ ਗਿਰੋਹ ਕਾਬੂ **ਲੁੱਟਾਂ-ਖੋਹਾਂ ਤੇ ਚੋਰੀਆਂ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ: ਨਵਜੋਤ ਸਿੰਘ ਮਾਹਲ
*ਪਿਛਲੇ 5 ਮਹੀਨਿਆਂ ਤੋਂ ਸਰਗਰਮ ਗਿਰੋਹ ਕਰ ਚੁੱਕਾ ਸੀ ਕਰੀਬ 40 ਵਾਰਦਾਤਾਂ
ਹੁਸ਼ਿਆਰਪੁਰ / 1 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਜ਼ਿਲ੍ਹਾ ਪੁਲਿਸ ਵਲੋਂ ਭੈੜੇ ਅਨਸਰਾਂ ਖਿਲਾਫ ਛੇੜੀ ਮੁਹਿੰਮ ਤਹਿਤ ਹਾਈਵੇਅ ’ਤੇ ਰਾਤ ਸਮੇਂ ਚੋਰੀਆਂ ਕਰਨ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫਤਾਰ ਕਰਕੇ ਟਾਂਡਾ ਪੁਲਿਸ ਨੇ ਇਕ ਟਰਾਲਾ, ਇਨੋਵਾ ਕਾਰ, 12 ਟਾਇਰ, 12 ਰਿੰਮ, 2 ਜੈਕ, 2 ਰਾਡਾਂ ਅਤੇ ਪਾਨੇ ਬਰਾਮਦ ਕੀਤੇ ਹਨ।
ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਬਲਵੀਰ ਸਿੰਘ ਉਰਫ ਵੀਰਾ ਵਾਸੀ ਪਧਿਆਣਾ ਹਾਲ ਵਾਸੀ ਸੂਰੀਆ ਇਨਕਲੇਵ ਜਲੰਧਰ, ਮਨਜੀਤ ਸਿੰਘ ਉਰਫ ਮੋਨੂ ਵਾਸੀ ਪਿੰਡ ਸਮਲੇੜਾ ਜ਼ਿਲ੍ਹਾ ਹਮੀਰਪੁਰ ਹਿਮਾਚਲ ਪ੍ਰਦੇਸ਼, ਗੁਰਬਚਨ ਸਿੰਘ ਉਰਫ ਬੰਟੀ ਵਾਸੀ ਨੂਹਰਤਨਪੁਰ, ਰੋਪੜ ਅਤੇ ਜਸਵੰਤ ਸਿੰਘ ਉਰਫ ਕੰਨੂ ਵਾਸੀ ਮਹਿਦਲੀਕਲਾਂ, ਅਨੰਦਪੁਰ ਸਾਹਿਬ ਵਜੋਂ ਹੋਈ ਹੈ।
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਹ ਗਿਰੋਹ ਰਾਤ ਸਮੇਂ ਨੈਸ਼ਨਲ ਹਾਈਵੇਅ ’ਤੇ ਖੜ੍ਹੇ ਟਰੱਕਾਂ ਅਤੇ ਟਰਾਲਿਆਂ ਦੇ ਜੈਕ ਲਗਾ ਕੇ ਟਾਇਰ ਚੋਰੀ ਕਰਨ ਵਿੱਚ ਪਿਛਲੇ ਪੰਜ ਮਹੀਨਿਆਂ ਤੋਂ ਸਰਗਰਮ ਸੀ ਅਤੇ ਕਰੀਬ 40 ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਐਸ.ਪੀ. (ਜਾਂਚ) ਰਵਿੰਦਰਪਾਲ ਸਿੰਘ ਸੰਧੂ ਦੀ ਦੇਖ-ਰੇਖ ਵਿੱਚ ਡੀ.ਐਸ.ਪੀ. ਟਾਂਡਾ ਦਲਜੀਤ ਸਿੰਘ ਖੱਖ ਨੇ ਕਾਰਵਾਈ ਕਰਾਉਂÎਦਿਆਂ ਇਸ ਅੰਤਰ ਜ਼ਿਲ੍ਹਾ ਗਿਰੋਹ ਨੂੰ ਕਾਬੂ ਕਰਾਇਆ। ਉਨ੍ਹਾਂ ਦੱਸਿਆ ਕਿ ਗਿਰੋਹ ਦੇ ਮੈਂਬਰਾਂ ਦੇ ਕੁੱਝ ਦਿਨ ਪਹਿਲਾਂ ਜੀ.ਟੀ. ਰੋਡ ’ਤੇ ਖੱਖਾਂ ਨੇੜੇ ਇਕ ਢਾਬੇ ਦੇ ਬਾਹਰ ਟਾਇਰ ਚੋਰੀ ਕੀਤੇ ਸਨ ਜਿਸ ’ਤੇ ਥਾਣਾ ਟਾਂਡਾ ਵਿੱਚ ਗੁਰਦੇਵ ਸਿੰਘ ਵਾਸੀ ਖੱਖਾਂ ਵਲੋਂ ਮੁਕੱਦਮਾਂ ਦੀ ਦਰਜ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਥਾਣਾ ਟਾਂਡਾ ਦੀ ਪੁਲਿਸ ਪਾਰਟੀ ਨੇ ਜੀ.ਟੀ ਰੋਡ ਕੁਰਾਲਾ ਨਜ਼ਦੀਕ ਇਕ ਢਾਬੇ ਲਾਗਿਓ ਉਕਤ ਗਿਰੋਹ ਨੂੰ ਚੋਰੀ ਕੀਤੇ ਸਮਾਨ ਸਮੇਤ ਕਾਬੂ ਕੀਤਾ।
ਮਾਹਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਪੂਰੀ ਸਖਤੀ ਨਾਲ ਰੋਕਿਆ ਜਾਵੇਗਾ ਅਤੇ ਇਨ੍ਹਾਂ ਮਾੜੇ ਕੰਮਾਂ ਵਿੱਚ ਸ਼ਾਮਲ ਲੋਕਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।