ਇਕ ਮਹੀਨੇ ’ਚ ਹੁਸ਼ਿਆਰਪੁਰ ਤੋਂ 100 ਦੇ ਕਰੀਬ ਆਵਾਰਾ ਪਸ਼ੂਆਂ ਨੂੰ ਫੜ੍ਹ ਕੇ ਕੈਟਲ ਪੌਂਡ ਫਲਾਹੀ ਛੱਡਿਆ ਗਿਆ : ਡਿਪਟੀ ਕਮਿਸ਼ਨਰ
**ਕਿਹਾ, ਐਨ.ਜੀ.ਓਜ਼ ਅਤੇ ਲੋਕ ਲਹਿਰ ਨਾਲ ਸ਼ਹਿਰ ਵਾਸੀਆਂ ਨੂੰ ਆਵਾਰਾ ਪਸ਼ੂਆਂ ਤੋਂ ਨਿਜ਼ਾਤ ਦਿਵਾਉਣ ਲਈ ਪ੍ਰਸ਼ਾਸਨ ਵਲੋਂ ਜੰਗੀ ਪੱਧਰ ’ਤੇ ਕੰਮ ਜਾਰੀ
***ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਕੈਟਲ ਪੌਂਡ ਫਲਾਹੀ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਕੀਤੀ ਅਪੀਲ
ਹੁਸ਼ਿਆਰਪੁਰ, 31 ਅਗਸਤ / ਨਿਊ ਸੁਪਰ ਭਾਰਤ ਨਿਊਜ਼ :
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਹੁਸ਼ਿਆਰਪੁਰ ਵਾਸੀਆਂ ਨੂੰ ਆਵਾਰਾ ਪਸ਼ੂਆਂ ਤੋਂ ਮੁਕਤੀ ਦਿਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜੰਗੀ ਪੱਧਰ ’ਤੇ ਮੁਹਿੰਮ ਚਲਾ ਕੇ ਆਵਾਰਾ ਪਸ਼ੂਆਂ ਨੂੰ ਫੜਨ ਦਾ ਕੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ, ਪਸ਼ੂ ਪਾਲਣ ਵਿਭਾਗ ਅਤੇ ਐਨ.ਜੀ.ਓਜ਼ ਦੇ ਸਹਿਯੋਗ ਨਾਲ ਇਸ ਕੰਮ ਨੇ ਗਤੀ ਫੜ ਲਈ ਹੈ ਅਤੇ ਇਸ ਮਹੀਨੇ ਵਿੱਚ 97 ਆਵਾਰਾ ਪਸ਼ੂਆਂ ਨੂੰ ਫੜ ਕੇ ਕੈਟਲ ਪੌਂਡ ਫਲਾਹੀ ਵਿਖੇ ਛੱਡਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਲੋਕ ਲਹਿਰ ਨਾਲ ਜਲਦ ਹੀ ਇਸ ਸਮੱਸਿਆ ’ਤੇ ਕਾਬੂ ਪਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੈਟਲ ਪੌਂਡ ਫਲਾਹੀ ਵਿੱਚ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਫੜ੍ਹ ਕੇ ਭੇਜਿਆ ਜਾ ਰਿਹਾ ਹੈ ਜਿਥੇ ਇਨ੍ਹਾਂ ਦੇ ਚਾਰੇ ਦੇ ਨਾਲ-ਨਾਲ ਇਲਾਜ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਲਗਾਤਾਰ ਆਵਾਰਾ ਪਸ਼ੂਆਂ ਨੂੰ ਫੜਨ ਦਾ ਕੰਮ ਜਾਰੀ ਹੈ, ਇਸ ਲਈ ਇਸ ਸਮੇਂ ਕੈਟਲ ਪੌਂਡ ਫਲਾਹੀ ਵਿੱਚ 393 ਅਤੇ ਨਗਰ ਨਿਗਮ ਦੇ ਕੈਟਲ ਪੌਂਡ ਵਿੱਚ 300 ਤੋਂ ਵੱਧ ਪਸ਼ੂ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਫੜ੍ਹੇ ਜਾਣ ਵਾਲੇ ਇਨ੍ਹਾਂ ਪਸ਼ੂਆਂ ਨੂੰ ਫਲਾਹੀ ਕੈਟਲ ਪੌਂਡ ਵਿੱਚ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ ਹੋ ਸਕੇ ਅਤੇ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ।
ਅਪਨੀਤ ਰਿਆਤ ਨੇ ਦੱਸਿਆ ਕਿ ਇਸ ਕੰਮ ਦੀ ਸਫਲਤਾ ਲਈ ਨੋਡਲ ਅਫ਼ਸਰ ਸਰਕਾਰੀ ਕੈਟਲ ਪੌਂਡ ਫਲਾਹੀ ਡਾ. ਮਨਮੋਹਨ ਸਿੰਘ ਦਰਦੀ, ਸੈਨੇਟਰੀ ਇੰਸਪੈਕਟਰ ਨਗਰ ਨਿਗਮ ਸੰਜੀਵ ਕੁਮਾਰ ਅਤੇ ਐਨ.ਜੀ.ਓਜ਼ ਅਸ਼ਵਨੀ ਗੈਂਦ ਵਲੋਂ ਸਖਤ ਮਿਹਨਤ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਸ਼ੂਆਂ ਨੂੰ ਸੜਕ ’ਤੇ ਨਾ ਛੱਡਣ ਕਿਉਂਕਿ ਇਹ ਪਸ਼ੂ ਜਿਥੇ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ, ਉਥੇ ਲੋਕਾਂ ਲਈ ਵੀ ਦੁਰਘਟਨਾ ਦਾ ਕਾਰਨ ਬਣਦੇ ਹਨ। ਇਸ ਦੌਰਾਨ ਉਨ੍ਹਾਂ ਕੈਟਲ ਪੌਂਡ ਫਲਾਹੀ ਵਿੱਚ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇੰਟਰਨੈਸ਼ਨਲ ਟਰੈਕਟਰ ਸੋਨਾਲੀਕਾ, ਬਾਬਾ ਸਤ ਕਰਤਾਰ ਸੰਸਥਾ ਅਤੇ ਦਾਨੀ ਸੱਜਣਾਂ ਵਲੋਂ ਵੀ ਕੈਟਲ ਪੌਂਡ ਦੀ ਦੇਖਰੇਖ ਵਿੱਚ ਬਹੁਤ ਯੋਗਦਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਕੈਟਲ ਪੌਂਡ ਫਲਾਹੀ ਦੇ ਸੰਚਾਲਨ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ।