ਐਸਐਸਪੀ ਵੱਲੋਂ ’ਤੇਜ਼ ਰਫਤਾਰੀ ਜਾਨਲੇਵਾ ਹੋ ਸਕਦੀ ਹੈ’ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ
*ਪੁਲਿਸ ਲੇਜ਼ਰ ਸਪੀਡ ਗੰਨਾਂ ਰਾਹੀਂ ਵਾਹਨਾਂ ਦੀ ਤੇਜ਼ ਰਫਤਾਰ ਕਰੇਗੀ ਚੈੱਕ, ਮੌਕੇ ’ਤੇ ਹੀ ਵਸੂਲੇ ਜਾਣਗੇ ਭਾਰੀ ਜੁਰਮਾਨੇ **ਨਵਜੋਤ ਸਿੰਘ ਮਾਹਲ ਨੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਲੋਕਾਂ ਨੂੰ ਨਿਰਧਾਰਿਤ ਰਫਤਾਰ ਹੱਦ ’ਚ ਵਾਹਨ ਚਲਾਉਣ ਦੀ ਕੀਤੀ ਅਪੀਲ
ਹੁਸ਼ਿਆਰਪੁਰ / 29 ਅਗਸਤ / ਨਿਊ ਸੁਪਰ ਭਾਰਤ ਨਿਊਜ
ਤੇਜ਼ ਰਫਤਾਰ ਵਾਹਨਾਂ ਕਾਰਨ ਵਾਪਰਦੇ ਸੜਕ ਹਾਦਸਿਆਂ ਨੂੰ ਰੋਕਣ ਲਈ ਐਸਐਸਪੀ ਨਵਜੋਤ ਸਿੰਘ ਮਾਹਲ ਨੇ ’ਤੇਜ਼ ਰਫਤਾਰੀ ਜਾਨਲੇਵਾ ਹੋ ਸਕਦੀ ਹੈ’ ਜਾਗਰੂਕਤਾ ਮੁਹਿੰਮ ਦੀ ਸ਼ਨੀਵਾਰ ਨੂੰ ਸ਼ੁਰੂਆਤ ਕੀਤੀ ਤਾਂ ਜੋ ਲੋਕਾਂ ਨੂੰ ਨਿਰਧਾਰਤ ਰਫਤਾਰ ਹੱਦ ਵਿਚ ਵਾਹਨ ਚਲਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ।ਇਸ ਮੁਹਿੰਮ ਤਹਿਤ ਪੁਲਿਸ ਲੇਜ਼ਰ ਸਪੀਡ ਗੰਨਾਂ ਰਾਹੀਂ ਵਾਹਨਾਂ ਦੀ ਤੇਜ਼ ਰਫਤਾਰ ਕਰੇਗੀ ਚੈੱਕ ਕਰੇਗੀ। ਇਹ ਸਪੀਡ ਗੰਨਾਂ ਵੱਖ-ਵੱਖ ਸੜਕਾਂ, ਹਾਈਵੇਜ਼ ਅਤੇ ਪਿੰਡਾਂ ਦੀਆਂ ਸੜਕਾਂ ’ਤੇ ਲਗਾਈਆਂ ਜਾਣਗੀਆਂ ਤਾਂ ਜੋ ਤੇਜ਼ ਰਫਤਾਰ ਵਾਹਨਾਂ ਨੂੰ ਫੜਿਆ ਜਾ ਸਕੇ।
ਇਸ ਬਾਬਤ ਹੋਰ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਦੱਸਿਆ ਕਿ ਸੜਕੀ ਦੁਰਘਟਨਾਵਾਂ ਵਿਚ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ ਹੈ ਜਿਸ ਨੂੰ ਕਿ ਉਕਤ ਜਾਗਰੂਕਤਾ ਮੁਹਿੰਮ ਰਾਹੀਂ ਘਟਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਵਾਹਨਾਂ ਦੀ ਤੇਜ਼ ਰਫਤਾਰ ਦੇ ਨੁਕਸਾਨਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਸਾਰੇ ਜ਼ਿਲਿਆਂ ਦੀਆਂ ਸੜਕਾਂ ’ਤੇ ਵੱਖ-ਵੱਖ ਵਾਹਨਾਂ ਦੀ ਸਪੀਡ ਲਿਮਿਟ ਬਾਰੇ ਸਾਈਨ ਬੋਰਡ ਲਗਾਏ ਜਾ ਰਹੇ ਹਨ ਤਾਂ ਜੋ ਵਾਹਨਾਂ ਲਈ ਨਿਰਧਾਰਤ ਰਫਤਾਰ ਹੱਦ ਨੂੰ ਯਕੀਨੀ ਬਣਾਇਆ ਜਾਵੇ।ਉਨਾਂ ਦੱਸਿਆ ਕਿ ਓਵਰ ਸਪੀਡ ਵਾਹਨਾਂ ਦਾ ਪਤਾ ਲਗਾਉਣ ਲਈ ਪੁਲਿਸ ਲੇਜ਼ਰ ਸਪੀਡ ਗੰਨਾਂ ਦੀ ਵਰਤੋਂ ਕਰੇਗੀ। ਮਾਹਲ ਅਨੁਸਾਰ ਤੇਜ਼ ਰਫਤਾਰ ਵਾਹਨ ਚਲਾਉਣ ਵਾਲਿਆਂ ਖਿਲਾਫ ਪੁਲਿਸ ਸਖਤੀ ਕਰੇਗੀ ਅਤੇ ਦੋਸ਼ੀਆਂ ਤੋਂ ਮੌਕੇ ’ਤੇ ਹੀ ਭਾਰੀ ਜ਼ੁਰਮਾਨੇ ਵੀ ਵਸੂਲੇ ਜਾਣਗੇ। ਉਨਾਂ ਇਹ ਵੀ ਦੱਸਿਆ ਕਿ ਅਜਿਹੇ 27 ਵਿਅਕਤੀਆਂ ਦੇ ਚਲਾਨ ਕੱਟੇ ਗਏ ਹਨ ਜਿਨਾਂ ਸਪੀਡ ਲਿਮਿਟ ਨਿਯਮ ਨੂੰ ਤੋੜਿਆ ਹੈ।
ਉਨਾਂ ਕਿਹਾ ਕਿ ਇਸ ਜਾਗਰੂਕਤਾ ਮੁਹਿੰਮ ਵਿਚ ਗਲਤ ਅਤੇ ਖਤਰਨਾਕ ਡਰਾਈਵਿੰਗ ਕਰਨ ਵਾਲਿਆਂ ’ਤੇ ਵੀ ਬਾਜ਼ ਅੱਖ ਰੱਖੀ ਜਾਵੇਗੀ ਕਿਉਂ ਕਿ ਕਈ ਸੜਕੀ ਹਾਦਸੇ ਖਾਸ ਤੌਰ ’ਤੇ ਭਾਰੀ ਵਾਹਨ ਚਾਲਕਾਂ ਦੀ ਖਤਰਨਾਕ ਡਰਾਈਵਿੰਗ ਕਰਕੇ ਹੁੰਦੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਆਪਣੇ ਵਾਹਨ ਸਪੀਡ ਲਿਮਿਟ ਵਿਚ ਚਲਾਉਣੇ ਚਾਹੀਦੇ ਹਨ ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।