ਮਗਨਰੇਗਾ ਤਹਿਤ ਜ਼ਿਲ੍ਹੇ ’ਚ 10 ਬਲਾਕਾਂ ’ਚ ਬਣਾਈਆਂ ਜਾਣਗੀਆਂ 100 ਪਾਰਕਾਂ: ਅਪਨੀਤ ਰਿਆਤ

*ਮਗਨਰੇਗਾ ਤਹਿਤ ਪਾਰਕਾਂ ’ਤੇ ਖਰਚ ਕੀਤੇ ਜਾਣਗੇ 2 ਕਰੋੜ 94 ਲੱਖ ਰੁਪਏ, ਜ਼ਿਲ੍ਹੇ ’ਚ 56 ਪਾਰਕਾਂ ਦਾ ਚੱਲ ਰਿਹੈ ਕੰਮ **ਪਿੰਡਾਂ ਦੇ ਲੋਕਾਂ ਨੂੰ ਮਿਲੇਗਾ ਰੋਜ਼ਗਾਰ, ਪਾਰਕਾਂ ਦੇ ਕੰਮ ਲਈ 67 ਹਜ਼ਾਰ 72 ਦਿਹਾੜੀਆਂ ਹੋਣਗੀਆਂ ਜਨਰੇਟ
ਹੁਸ਼ਿਆਰਪੁਰ / 27 ਅਗਸਤ / ਨਿਊ ਸੁਪਰ ਭਾਰਤ ਨਿਊਜ
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਿਥੇ ਵਿਕਾਸ ਕੰਮ ਜਾਰੀ ਹਨ, ਉਥੇ ਪਿੰਡਾਂ ਦੀ ਸੁਦਰੰਤਾ ਨੂੰ ਵਧਾਉਣ ਅਤੇ ਲੋਕਾਂ ਨੂੰ ਸਿਹਤਮੰਦ ਮਾਹੌਲ ਦੇਣ ਲਈ ਵੀ ਉਚੇਚੇ ਯਤਨ ਕੀਤੇ ਜਾ ਰਹੇ ਹਨ। ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਜ਼ਿਲ੍ਹੇ ਦੇ ਸਾਰੇ 10 ਬਲਾਕਾਂ ਵਿੱਚ ਪਾਰਕਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਚਾਲੂ ਵਿੱਤੀ ਸਾਲ ਦੌਰਾਨ ਹਰ ਬਲਾਕ ਵਿੱਚ 10 ਪਾਰਕਾਂ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਨੂੰ ਜਲਦ ਪੂਰਾ ਕਰ ਲਿਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਗਨਰੇਗਾ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ਪਾਰਕਾਂ ਦੇ ਨਿਰਮਾਣ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਗਨਰੇਗਾ ਯੋਜਨਾ ਨੂੰ ਲਾਗੂ ਕਰਨ ਵਿੱਚ ਹੁਸ਼ਿਆਰਪੁਰ ਜਿਥੇ ਸੂਬੇ ਵਿੱਚ ਮੋਹਰੀ ਹੈ, ਉਥੇ ਇਸ ਯੋਜਨਾ ਤਹਿਤ ਪਾਰਦਰਸ਼ਤਾ ਲਿਆਉਣ ਅਤੇ ਉਸ ਨੂੰ ਲੋਕ ਲਹਿਰ ਬਣਾਉਣ ਲਈ ਪੰਚਾਇਤਾਂ ਅਤੇ ਪਿੰਡਾਂ ਦੇ ਜ਼ਰੂਰਤਮੰਦ ਵਿਅਕਤੀਆਂ ਤੇ ਮਹਿਲਾਵਾਂ ਨੂੰ ਪ੍ਰੇਰਿਤ ਕਰਕੇ ਇਕ ਯੋਜਨਾਬੱਧ ਤਰੀਕੇ ਨਾਲ ਸਕਰਾਤਮਕ ਮਾਹੌਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਪਿੰਡਾਂ ਵਿੱਚ ਬਣਨ ਵਾਲੇ ਇਹ ਪਾਰਕ ਪਿੰਡਾਂ ਦੀ ਨੁਹਾਰ ਬਦਲ ਦੇਣਗੇ।

ਅਪਨੀਤ ਰਿਆਤ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਦੇ 10 ਬਲਾਕਾਂ ਵਿੱਚ 56 ਪਾਰਕਾਂ ਦਾ ਕੰਮ ਪ੍ਰਗਤੀ ਅਧੀਨ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਗਨਰੇਗਾ ਤਹਿਤ ਇਨ੍ਹਾਂ ਪਾਰਕਾਂ ’ਤੇ ਕਰੀਬ 2 ਕਰੋੜ 94 ਲੱਖ ਰੁਪਏ ਦਾ ਖਰਚਾ ਕੀਤਾ ਜਾਵੇਗਾ ਅਤੇ ਇਸ ਪਾਰਕ ਲਈ 67 ਹਜ਼ਾਰ 72 ਦਿਹਾੜੀਆਂ ਜਨਰੇਟ ਕੀਤੀਆਂ ਜਾਣਗੀਆਂ, ਜਿਸ ਨਾਲ ਪਿੰਡਾਂ ਦੇ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਕਾਂ ਬਣਨ ਨਾਲ ਪਿੰਡ ਵਾਸੀ ਪਾਰਕ ਵਿੱਚ ਸੈਰ/ਆਰਾਮ ਕਰ ਸਕਦੇ ਹਨ, ਉਥੇ ਛੋਟੇ ਬੱਚੇ ਖੇਡ ਵੀ ਸਕਦੇ ਹਨ। ਪਾਰਕ ਵਿੱਚ ਸੈਰ ਕਰਨ ਦੇ ਲਈ ਟਰੈਕ ਤੋਂ ਇਲਾਵਾ ਓਪਨ ਜਿੰਮ ਵੀ ਖੋਲ੍ਹੇ ਜਾਣਗੇ, ਤਾਂ ਜੋ ਪਿੰਡ ਦੇ ਹਰ ਵਿਅਕਤੀ ਨੂੰ ਸਿਹਤ ਪ੍ਰਤੀ ਜਾਗਰੂਕ ਕਰਦੇ ਹੋਏ ਸਿਹਤ ਮਾਹੌਲ ਦਿੱਤਾ ਜਾ ਸਕੇ।
