December 22, 2024

ਕੋਰੋਨਾ ਵਾਇਰਸ- ਜ਼ਿਲ੍ਹੇ ’ਚ ਜਲਦ ਸ਼ੁਰੂ ਹੋਵੇਗੀ ਮੋਬਾਇਲ ਟੈਸਟਿੰਗ: ਅਪਨੀਤ ਰਿਆਤ

0

*ਹੁਸ਼ਿਆਰਪੁਰ ਦੇ ਦੂਰ-ਦੁਰਾਢੇ ਵਾਲੇ ਖੇਤਰਾਂ ’ਚ ਵੀ ਮੋਬਾਇਲ ਵੈਨ ਰਾਹੀਂ ਹੋਣਗੇ ਕੋਰੋਨਾ ਟੈਸਟ **79 ਪਾਜ਼ੀਟਿਵ ਕੇਸ ਆਏ, ਜ਼ਿਲ੍ਹਾ ਵਾਸੀਆਂ ਨੂੰ ਸਿਹਤ ਸਲਾਹਕਾਰੀਆਂ ਦੀ ਮੁਕੰਮਲ ਪਾਲਣਾ ਦੀ ਅਪੀਲ

ਹੁਸ਼ਿਆਰਪੁਰ / 26 ਅਗਸਤ / ਨਿਊ ਸੁਪਰ ਭਾਰਤ ਨਿਊਜ

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਸਬੰਧੀ ਸੈਂਪਲ ਲੈਣ ਦੀ ਸਮਰੱਥਾ ਵਧਾਈ ਜਾ ਰਹੀ ਹੈ ਅਤੇ ਜਲਦ ਹੀ ਮੋਬਾਇਲ ਟੈਸਟਿੰਗ ਵੈਨਾਂ ਰਾਹੀਂ ਸੈਂਪਲ ਲਏ ਜਾਇਆ ਕਰਨਗੇ।
ਅੱਜ 79 ਪਾਜ਼ੀਟਿਵ ਕੇਸ ਸਾਹਮਣੇ ਆਉਣ ’ਤੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਇਨ-ਬਿਨ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਜੋ ਕੋਰੋਨਾ ਦੀ ਚੇਨ ਨੂੰ ਤੋੜਿਆ ਜਾ ਸਕੇ।         

ਜ਼ਿਲ੍ਹੇ ਵਿੱਚ ਘਰਾਂ ਵਿੱਚ ਇਕਾਂਤਾਵਾਸ ਕੀਤੇ ਮਰੀਜ਼ਾਂ ਬਾਰੇ ਉਨ੍ਹਾਂ ਦੱਸਿਆ ਕਿ 51 ਪਾਜ਼ੀਟਿਵ ਮਰੀਜ ਘਰਾਂ ਵਿੱਚ ਇਕਾਂਤਵਾਸ ਕੀਤੇ ਗਏ ਅਤੇ ਹੁਣ ਤੱਕ ਲਏ ਗਏ 54038 ਸੈਂਪਲਾਂ ਵਿਚੋਂ 49346 ਨੈਗੇਟਿਵ ਆਏ ਹਨ ਜਦਕਿ ਕੁੱਲ 1224 ਪਾਜ਼ੀਟਿਵ ਮਾਮਲਿਆਂ ਵਿਚੋਂ 292 ਮਾਮਲੇ ਐਕਟਿਵ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਕੋਰੋਨਾ ਨਾਲ 33 ਮੌਤਾ ਹੋ ਚੁੱਕੀਆਂ ਹਨ।

ਆਪਣੇ ਹਫਤਾਵਰੀ ਫੇਸਬੁੱਕ ਲਾਈਵ ਦੌਰਾਨ ਪੁੱਛੇ ਗਏ ਹੁਸ਼ਿਆਰਪੁਰ ਦੇ ਵੱਖ-ਵੱਖ ਵਾਰਡਾਂ ਵਿੱਚ ਸੈਂਪਲਿੰਗ ਸ਼ੁਰੂ ਕਰਨ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਅਪਨੀਤ ਰਿਆਤ ਨੇ ਦੱਸਿਆ ਕਿ ਇਕੱਲੇ ਹੁਸ਼ਿਆਰਪੁਰ ਦੇ ਵਾਰਡਾਂ ਵਿੱਚ ਹੀ ਨਹੀਂ ਸਗੋਂ ਜ਼ਿਲ੍ਹੇ ਦੇ ਦੂਰ-ਦੁਰਾਢੇ ਵਾਲੇ ਖੇਤਰਾਂ ਵਿੱਚ ਵੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਲਈ ਸੈਂਪਲਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਜਲਦ ਹੀ ਮੋਬਾਇਲ ਟੈਸਟਿੰਗ ਵੈਨਾਂ ਰਾਹੀਂ ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸੈਂਪਲ ਲਏ ਜਾਣਗੇ।

ਇਕ ਹੋਰ ਸਵਾਲ ਦੇ ਜਵਾਬ ਵਿੱਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾ ਮੁਤਾਬਕ ਜੇਕਰ ਕਿਸੇ ਪਾਜ਼ੀਟਿਵ ਮਰੀਜ ਦੇ ਘਰ ਵਿੱਚ ਲੋੜੀਂਦੀ ਵਿਵਸਥਾ ਹੋਵੇ ਤਾਂ ਉਸ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਵੇਂ ਲਾਕਡਾਊਨ ਅਨੁਸਾਰ ਸ਼ਨੀਵਾਰ-ਐਤਵਾਰ ਜ਼ਰੂਰੀ ਸੇਵਾਵਾਂ ਵਾਲੀਆਂ ਦੁਕਾਨਾਂ ਜਿਵੇਂ ਕਿ ਕਰਿਆਨਾ ਵੀ ਖੋਲ੍ਹੀਆਂ ਜਾ ਸਕਦੀਆਂ ਹਨ। ਮੈਰਿਜ ਪੈਲੇਸਾਂ ਨੂੰ ਖੋਲ੍ਹਣ ਸਬੰਧੀ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ 30 ਲੋਕਾਂ ਦੇ ਇਕੱਠ ਅਤੇ ਸਿਹਤ ਸਲਾਹਕਾਰੀਆਂ ਅਨੁਸਾਰ ਪ੍ਰਬੰਧ ਹੋਣ ’ਤੇ ਫੰਕਸ਼ਨ ਕੀਤੇ ਜਾ ਸਕਦੇ ਹਨ ਬਸ਼ਰਤੇ ਇਹ ਇਕੱਠ 30 ਲੋਕਾਂ ਤੋਂ ਵੱਧ ਨਾ ਹੋਵੇ।

ਕੋਵਿਡ ਨਾਲ ਨਜਿੱਠਣ ਸਬੰਧੀ ਪ੍ਰਬੰਧਾਂ ਬਾਰੇ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਿਵਲ ਹਸਪਤਾਲ ਅਤੇ ਲੈਵਲ-3 ਪੱਧਰ ਦੇ ਮਰੀਜ਼ਾਂ ਲਈ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਬੈਡਾਂ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਨੂੰ ਕੇ ਹੋਰ ਵਧਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ ਜਾਂਦਾਂ ਹੈ ਤਾਂ ਉਹ ਆਪਣੇ ਸੰਪਰਕਾਂ ਬਾਰੇ ਬਿਨ੍ਹਾਂ ਕਿਸੇ ਡਰ ਤੋਂ ਪ੍ਰਸ਼ਾਸਨ ਨੂੰ ਜਾਣਕਾਰੀ ਦੇਵੇ ਤਾਂ ਜੋ ਕੋਰੋਨਾ ਦੇ ਹੋਰ ਫੈਲਾਅ ਨੂੰ ਹੋਰ ਅਸਰਦਾਰ ਢੰਗ ਨਾਲ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਮੂਹ ਜ਼ਿਲ੍ਹਾ ਵਾਸੀਆਂ ਦੀ ਇਸ ਬਿਮਾਰੀ ਨੂੰ ਰੋਕਣ ਲਈ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਜੋ ਕਿ ਉਨ੍ਹਾਂ ਨੂੰ ਬਾਖੂਬੀ ਨਿਭਾਉਣੀ ਚਾਹੀਦੀ ਹੈ।

Leave a Reply

Your email address will not be published. Required fields are marked *