ਚੋਣ ਡਿਊਟੀ ਕਰਨ ਵਾਲੇ ਟੀਚਿੰਗ ਸਟਾਫ ਦੀਆਂ ਸੇਵਾਵਾਂ ਨੂੰ ਸਨਮਾਨ ਦੇਣ ਲਈ ਹੋਣਗੇ ਲੇਖਣ ਮੁਕਾਬਲੇ : ਅਮਿਤ ਕੁਮਾਰ ਪੰਚਾਲ
*ਸੂਬਾ ਪੱਧਰੀ ਤਿੰਨ ਬਿਹਤਰੀਨ ਐਂਟਰੀਆਂ ਨੂੰ ਮਿਲਣਗੇ ਨਗਦ ਇਨਾਮ, ਜ਼ਿਲ੍ਹਾ ਪੱਧਰ ’ਤੇ ਮਿਲਣਗੇ ਸਰਟੀਫਿਕੇਟ **31 ਅਗਸਤ ਤੱਕ ਤਿੰਨ ਵਿਸ਼ਿਆਂ ’ਤੇ 500 ਸ਼ਬਦਾਂ ਵਾਲੇ ਲੇਖ ਲੈਣ ਲਈ ਕਮੇਟੀ ਬਣਾਈ
ਹੁਸ਼ਿਆਰਪੁਰ / 26 ਅਗਸਤ / ਨਿਊ ਸੁਪਰ ਭਾਰਤ ਨਿਊਜ
ਚੋਣਾਂ ਦੌਰਾਨ ਟੀਚਿੰਗ ਸਟਾਫ ਵਲੋਂ ਦਿੱਤੀਆਂ ਸੇਵਾਵਾਂ ਨੂੰ ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਸਨਮਾਨ ਦੇਣ ਲਈ ਟੀਚਿੰਗ ਸਟਾਫ ਦੇ ਲੇਖਣ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਤਹਿਤ ਸੂਬਾ ਪੱਧਰ ’ਤੇ ਪਹਿਲੀਆਂ ਤਿੰਨ ਬਿਹਤਰੀਨ ਐਂਟਰੀਆਂ ਨੂੰ ਸਨਮਾਨ ਵਜੋਂ 1500 ਰੁਪਏ, 1000 ਰੁਪਏ ਅਤੇ 500 ਰੁਪਏ ¬ਕ੍ਰਮਵਾਰ ਨਗਦ ਇਨਾਮ ਵਜੋਂ ਦਿੱਤੇ ਜਾਣਗੇ ਜਦਕਿ ਜ਼ਿਲ੍ਹਾ ਪੱਧਰ ’ਤੇ ਪਹਿਲੇ ਸਥਾਨ ’ਤੇ ਆਏ ਅਧਿਆਪਕ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਿਤ ਕੁਮਾਰ ਪੰਚਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਲੇਖਣ ਮੁਕਾਬਲੇ ਚੋਣਾਂ ਦੌਰਾਨ ਤਜ਼ਰਬੇ, ਚੋਣ ਡਿਊਟੀ ਨੂੰ ਹੋਰ ਸੁਖਾਵਾਂ ਬਣਾਉਣ ਲਈ ਸੁਝਾਅ ਅਤੇ ਕੋਵਿਡ-19 ਦੌਰਾਨ ਚੋਣ ਡਿਊਟੀ ਨੂੰ ਦਰਪੇਸ਼ ਚੁਣੌਤੀਆਂ ਵਿਸ਼ਿਆਂ ’ਤੇ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਸਮੂਹ ਸਕੂਲ, ਕਾਲਜ, ਆਈ.ਟੀ.ਆਈ., ਸਰਕਾਰੀ ਪੋਲੀਟੈਕਨਿਕ ਅਤੇ ਕਾਲਜਾਂ ਦੇ ਸਟਾਫ, ਜਿਨ੍ਹਾਂ ਵਲੋਂ ਚੋਣ ਡਿਊਟੀ ਦਿੱਤੀ ਗਈ ਹੈ, ਉਕਤ ਵਿਸ਼ਿਆਂ ’ਤੇ 500 ਸ਼ਬਦ ਅੰਗਰੇਜੀ ਜਾਂ ਪੰਜਾਬੀ ਭਾਸ਼ਾ ਵਿੱਚ ਲਿਖ ਕੇ ਜ਼ਿਲ੍ਹਾ ਨੋਡਲ ਅਧਿਕਾਰੀ ਨੂੰ 31 ਅਗਸਤ 2020 ਤੱਕ ਆਪਣੀ ਐਂਟਰੀ ਭੇਜ ਸਕਦੇ ਹਨ।
ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਟੀਚਿੰਗ ਸਟਾਫ ਦੇ ਇਨ੍ਹਾਂ ਮੁਕਾਬਲਿਆਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਟੀਮ ਬਣਾ ਦਿੱਤੀ ਗਈ ਹੈ ਜਿਸਦੀ ਇੰਚਾਰਜ ਪ੍ਰਿੰਸੀਪਲ-ਕਮ-ਨੋਡਲ ਅਫ਼ਸਰ ਸਵੀਪ ਰਚਨਾ ਕੌਰ ਅਤੇ ਪ੍ਰਿੰਸੀਪਲ ਸਰਕਾਰੀ ਕਾਲਜ ਹੁਸ਼ਿਆਰਪੁਰ ਸਤਨਾਮ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ ਅਤੇ ਪ੍ਰਿੰਸੀਪਲ ਸਰਕਾਰੀ ਸਕੂਲ ਸ਼ੈਲੇਂਦਰ ਠਾਕੁਰ ਮੈਂਬਰ ਹੋਣਗੇ। ਇਹ ਟੀਮ ਜ਼ਿਲ੍ਹੇ ਵਿੱਚ ਪੈਂਦੇ ਸਮੂਹ ਸਕੂਲ, ਕਾਲਜ, ਆਈ.ਟੀ.ਆਈ., ਸਰਕਾਰੀ ਪੋਲੀਟੈਕਨਿਕ ਅਤੇ ਕਾਲਜਾਂ ਦੇ ਸਟਾਫ ਤੋਂ ਪ੍ਰਾਪਤ ਹੋਈਆਂ ਐਂਟਰੀਆਂ ਨੂੰ ਵਾਚਣ ਉਪਰੰਤ ਇਕ ਬਿਹਤਰੀਨ ਐਂਟਰੀ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦੇ ਦਫ਼ਤਰ ਵਿੱਚ 2 ਸਤੰਬਰ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਏਗੀ।