ਰੇਤਾ-ਬਜ਼ਰੀ ਨਾਲ ਲੱਦੇ 16 ਟਿੱਪਰ ਕਬਜ਼ੇ ’ਚ ਲੈ ਕੇ ਕੀਤੇ ਪਰਚੇ ਦਰਜ : ਐਸ.ਐਸ.ਪੀ.
*ਨਜਾਇਜ਼ ਮਾਈਨਿੰਗ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ – ਨਵਜੋਤ ਸਿੰਘ ਮਾਹਲ
ਹੁਸ਼ਿਆਰਪੁਰ / 25 ਅਗਸਤ / ਨਿਊ ਸੁਪਰ ਭਾਰਤ ਨਿਊਜ
ਜ਼ਿਲ੍ਹਾ ਪੁਲਿਸ ਨੇ ਨਜਾਇਜ਼ ਮਾਈਨਿੰਗ ਖਿਲਾਫ਼ ਕਾਰਵਾਈ ਕਰਦਿਆਂ 16 ਟਿਪਰ ਜੋ ਰੇਤਾ, ਬਜ਼ਰੀ ਨਾਲ ਲੋਡ ਸਨ ਨੂੰ ਕਬਜ਼ੇ ਵਿੱਚ ਲਏ ਡਰਾਈਵਰਾਂ ਨੂੰ ਗ੍ਰਿਫਤਾਰ ਕਰਕੇ ਥਾਣਾ ਗੜ੍ਹਸ਼ੰਕਰ ਵਿੱਚ 16 ਮੁਕੱਦਮੇ ਦਰਜ ਕੀਤੇ ਹਨ।
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਐਸ.ਪੀ. (ਜਾਂਚ) ਰਵਿੰਦਰ ਪਾਲ ਸਿੰਘ ਸੰਧੂ ਦੀ ਅਗਵਾਈ ਵਿੱਚ ਨਜਾਇਜ਼ ਮਾਈਨਿੰਗ ਖਿਲਾਫ਼ 23-24 ਅਗਸਤ ਦੀ ਰਾਤ ਨੂੰ ਕਾਰਵਾਈ ਕਰਦਿਆਂ ਸ੍ਰੀ ਅਨੰਦਪੁਰ ਸਾਹਿਬ ਤੋਂ ਆ ਰਹੇ 16 ਟਿੱਪਰ ਜੋ ਰੇਤਾ ਬਜ਼ਰੀ ਨਾਲ ਲੱਦੇ ਹੋਏ ਸਨ ਅਤੇ ਉਨ੍ਹਾਂ ਦੇ ਡਰਾਈਵਰ ਲੋਡ ਕੀਤੀ ਗਈ ਰੇਤਾ, ਬਜ਼ਰੀ ਸਬੰਧੀ ਕੋਈ ਵੀ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕਰ ਸਕੇ, ਜਿਸ ਉਪਰੰਤ ਟਿੱਪਰ ਕਬਜ਼ੇ ਵਿੱਚ ਲੈ ਲਏ ਗਏ। ਉਨ੍ਹਾਂ ਦੱਸਿਆ ਕਿ ਇਸ ਗੈਰ ਕਾਨੂੰਨੀ ਤਾਰੀਕੇ ਨਾਲ ਕੀਤੀ ਜਾ ਰਹੀ ਨਜਾਇਜ਼ ਮਾਈਨਿੰਗ ਸਬੰਧੀ ਇਨ੍ਹਾਂ ਖਿਲਾਫ਼ ਥਾਣਾ ਗੜ੍ਹਸ਼ੰਕਰ ਵਿਖੇ ਜੇਰੇ ਧਾਰਾ 21 (1) ਮਾਈਨਿੰਗ ਮਿਨਰਲ ਐਕਟ, 188, 379 ਭ.ਦ. 51 ਡਿਜ਼ਾਸਟਰ ਮੈਨੇਜਮੈਂਟ ਐਕਟ ਅਤੇ 03 ਐਪੀਡੈਮਿਕ ਐਕਟ 1897 ਤਹਿਤ ਮਾਮਲੇ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ।
ਐਸ.ਐਸ.ਪੀ. ਨੇ ਦੱਸਿਆ ਕਿ ਇਸੇ ਤਰ੍ਹਾਂ ਗੈਰ ਕਾਨੂੰਨੀ ਤਰੀਕੇ ਨਾਲ ਕੀਤੀ ਜਾ ਰਹੀ ਮਾਈਨਿੰਗ ਦੇ ਸਬੰਧ ਵਿੱਚ ਥਾਣਾ ਚੱਬੇਵਾਲ ਅਤੇ ਹਰਿਆਣਾ ਵਿਖੇ ਵੀ ਇਕ-ਇਕ ਟਰੈਕਟਰ-ਟਰਾਲੀ ਜੋ ਕਿ ਰੇਤਾ ਨਾਲ ਲੋਡ ਸੀ, ਨੂੰ ਕਬਜ਼ੇ ਵਿੱਚ ਲੈ ਕੇ ਮੁਕੱਦਮੇ ਦਰਜ ਕੀਤੇ ਗਏ ਹਨ। ਨਜਾਇਜ਼ ਮਾਈਨਿੰਗ ਵਿੱਚ ਸ਼ਾਮਲ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਮਾਹਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਕੀਮਤ ’ਤੇ ਇਸ ਗੈਰ ਕਾਨੂੰਨੀ ਧੰਦੇ ਨੂੰ ਚੱਲਣ ਨਹੀਂ ਦਿੱਤਾ ਜਾਵੇ ਅਤੇ ਇਸ ਕੰਮ ਵਿੱਚ ਸ਼ਾਮਲ ਲੋਕਾਂ ਖਿਲਾਫ਼ ਪੂਰੀ ਸਖਤੀ ਵਰਤੀ ਜਾਵੇਗੀ।