47 ਛੱਪੜਾਂ ਨੂੰ ਥਾਪਰ/ਸੀਚੇਵਾਲ ਮਾਡਲ ’ਤੇ ਕੀਤਾ ਜਾ ਰਿਹਾ ਵਿਕਸਿਤ **ਮਗਨਰੇਗਾ ਵਰਕਰਾਂ ਲਈ 52511 ਦਿਹਾੜੀਆਂ ਪੈਦਾ ਕੀਤੀਆਂ **ਛੱਪੜਾਂ ਦੀ ਸਫ਼ਾਈ ਪੇਂਡੂ ਵਸੋਂ ਦੀਆਂ ਲੋੜਾਂ ਨੂੰ ਕਰੇਗੀ ਪੂਰਾ

ਹੁਸ਼ਿਆਰਪੁਰ / 25 ਅਗਸਤ / ਨਿਊ ਸੁਪਰ ਭਾਰਤ ਨਿਊਜ
ਜ਼ਿਲ੍ਹੇ ਦੇ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਬਿਨ੍ਹਾਂ ਕਿਸੇ ਖੜੌਤ ਤੋਂ ਉਪਲਬੱਧ ਕਰਵਾਉਣ ਦੇ ਮਕਸਦ ਨਾਲ ਪ੍ਰਸ਼ਾਸ਼ਨ ਵਲੋਂ 2.73 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹੇ ਦੇ ਸਾਰੇ 457 ਛੱਪੜਾਂ ਦੀ ਮੁਕੰਮਲ ਸਫ਼ਾਈ ਕਰਵਾਈ ਗਈ ਹੈ, ਜਿਹੜੀ ਕਿ ਪੇਂਡੂ ਵਸੋਂ ਲਈ ਵੱਡੇ ਪੱਧਰ ’ਤੇ ਲਾਹੇਵੰਦ ਸਾਬਤ ਹੋਵੇਗੀ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਪੇਂਡੂ ਛੱਪੜਾਂ ਨੂੰ ਸੁਚੱਜੇ ਢੰਗ ਨਾਲ ਪਾਣੀ ਅਤੇ ਗਾਰ ਕੱਢ ਕੇ ਮਗਨਰੇਗਾ ਵਰਕਰਾਂ ਰਾਹੀਂ ਸਾਫ਼ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਰਕਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਲਾਕਡਾਊਨ ਦੌਰਾਨ ਵੀ ਸਿਹਤ ਸਲਾਹਕਾਰੀਆਂ ਅਨੁਸਾਰ ਛੱਪੜਾਂ ਦੀ ਸਫ਼ਾਈ ਦਾ ਕੰਮ ਦੁਆਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮਗਨਰੇਗਾ ਵਰਕਰਾਂ ਲਈ ਛੱਪੜਾਂ ਦੀ ਸਫ਼ਾਈ ਦੌਰਾਨ 52511 ਦਿਹਾੜੀਆਂ ਪੈਦਾ ਕੀਤੀਆਂ ਗਈਆਂ।

ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 47 ਛੱਪੜਾਂ ਨੂੰ ਥਾਪਰ ਅਤੇ ਸੀਚੇਵਾਲ ਮਾਡਲ ’ਤੇ ਵਿਕਸਿਤ ਕੀਤਾ ਜਾ ਰਿਹਾ ਹੈ, ਤਾਂ ਜੋ ਇਨ੍ਹਾਂ ਛੱਪੜਾਂ ਦਾ ਟਰੀਟਡ ਪਾਣੀ ਸਿੰਚਾਈ ਆਦਿ ਕਾਰਜਾਂ ਲਈ ਵੀ ਵਰਤਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪਿਛਲੇ ਸਾਲ ਮਈ, ਜੂਨ ਵਿੱਚ ਛੱਪੜਾਂ ਦੀ ਸਫ਼ਾਈ ਦਾ ਕੰਮ ਵੱਡੇ ਪੱਧਰ ’ਤੇ ਸ਼ੁਰੂ ਕੀਤਾ ਗਿਆ ਸੀ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਇਹ ਕੰਮ ਮਾਨਸੂਨ ਤੋਂ ਪਹਿਲਾਂ ਮਿਥੇ ਸਮੇਂ ਵਿੱਚ ਮੁਕੰਮਲ ਕਰ ਲਿਆ, ਜਿਸ ਨਾਲ ਪੇਂਡੂ ਖੇਤਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਮਗਨਰੇਗਾ ਵਰਕਰਾਂ ਨੂੰ ਖਾਸ ਕਰਕੇ ਮੌਜੂਦਾ ਕੋਵਿਡ-19 ਦੇ ਸੰਕਟ ਦੌਰਾਨ ਵੀ ਨਿਰਧਾਰਤ ਪੈਮਾਨਿਆਂ ਅਨੁਸਾਰ ਕੰਮ ਮੁਹੱਈਆ ਕਰਵਾਇਆ ਗਿਆ।
ਅਪਨੀਤ ਰਿਆਤ ਨੇ ਦੱਸਿਆ ਕਿ ਕੁੱਲ 457 ਛੱਪੜਾਂ ਦੀ ਸਫ਼ਾਈ ਦੌਰਾਨ 242 ਛੱਪੜਾਂ ਨੂੰ ਡਿਸਿਲਟ ਅਤੇ 215 ਛੱਪੜਾਂ ਨੂੰ ਪਾਣੀ ਕੱਢ ਕੇ ਮੁਕੰਮਲ ਸਫ਼ਾਈ ਕਰਵਾਈ ਗਈ।