ਹੁਣ ਸੇਵਾ ਕੇਂਦਰਾਂ ਵਿੱਚ ਕਰਵਾ ਸਕਦੇ ਹਨ ਮੋਬਾਇਲ, ਪਾਸਪੋਰਟ ਜਾਂ ਹੋਰ ਦਸਤਾਵੇਜ ਗੁੰਮ ਹੋਣ ਸਬੰਧੀ ਸ਼ਿਕਾਇਤ : ਡਿਪਟੀ ਕਮਿਸ਼ਨਰ
**ਸੇਵਾ ਕੇਂਦਰਾਂ ’ਚ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਵਾਧਾ
**ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਜਨਵਰੀ 2020 ਤੋਂ ਲੈ ਕੇ ਹੁਣ ਤੱਕ 171994 ਸੇਵਾਵਾਂ ਹੋਈਆਂ ਅਪਲਾਈ, 160143 ਸੇਵਾਵਾਂ ਅਪਰੂਵ
**ਕੋਵਿਡ-19 ਦੇ ਚੱਲਦੇ ਸੇਵਾ ਕੇਂਦਰਾਂ ’ਚ ਸਿਹਤ ਵਿਭਾਗ ਦੇ ਨਿਰਦੇਸ਼ਾਂ ਦਾ ਰੱਖਿਆ ਜਾ ਰਿਹਾ ਹੈ ਵਿਸ਼ੇਸ਼ ਧਿਆਨ
ਹੁਸ਼ਿਆਰਪੁਰ, 24 ਅਗਸਤ / ਨਿਊ ਸੁਪਰ ਭਾਰਤ ਨਿਊਜ਼:
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਸੇਵਾ ਕੇਂਦਰਾਂ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਵਧਾ ਦਿੱਤਾ ਹੈ ਅਤੇ ਸਾਂਝ ਕੇਂਦਰਾਂ ਵਿੱਚ ਮਿਲ ਰਹੀਆਂ ਕੁੱਝ ਸੇਵਾਵਾਂ ਹੁਣ ਸੇਵਾ ਕੇਂਦਰਾਂ ਵਿੱਚ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕ ਮੋਬਾਇਲ, ਪਾਸਪੋਰਟ ਜਾਂ ਹੋਰ ਦਸਤਾਵੇਜ ਆਦਿ ਗੁੰਮ ਹੋਣ ਸਬੰਧੀ ਸ਼ਿਕਾਇਤ ਵੀ ਸੇਵਾ ਕੇਂਦਰਾਂ ਵਿੱਚ ਦਰਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗ੍ਰਹਿ ਵਿਭਾਗ ਨਾਲ ਸਬੰਧਤ ਅਸਲਾ ਲਾਈਸੈਂਸ ਰੱਦ ਕਰਵਾਉਣ ਲਈ ਵੀ ਸੇਵਾ ਕੇਂਦਰਾਂ ਵਿੱਚ ਅਰਜ਼ੀਆਂ ਦੇਣ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨਤਾ ਦੀ ਸੁਵਿਧਾ ਲਈ ਜ਼ਿਲ੍ਹੇ ਵਿੱਚ ਇਸ ਵੇਲੇ ਕੁੱਲ 25 ਸੇਵਾ ਕੇਂਦਰ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚ 11 ਸ਼ਹਿਰੀ ਅਤੇ 14 ਪੇਂਡੂ ਖੇਤਰਾਂ ਵਿੱਚ ਸਥਾਪਿਤ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾ ਕੇਂਦਰਾਂ ਵਿੱਚ ਕੁੱਲ 108 ਕਰਮਚਾਰੀ ਕੰਮ ਕਰ ਰਹੇ ਹਨ ਜੋ ਕਿ ਕੋਰੋਨਾ ਮਹਾਂਮਾਰੀ ਦੌਰਾਨ ਵੀ ਆਮ ਲੋਕਾਂ ਨੂੰ ਪਹਿਲਾਂ ਦੀ ਤਰ੍ਹਾਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਾਗਰਿਕਾਂ ਵਲੋਂ ਇਨ੍ਹਾਂ ਸੇਵਾ ਕੇਂਦਰਾਂ ਵਿੱਚ ਜਨਵਰੀ 2020 ਤੋਂ ਲੈ ਕੇ ਹੁਣ ਤੱਕ 171994 ਸੇਵਾਵਾਂ ਅਪਲਾਈ ਹੋਈਆਂ ਅਤੇ 160143 ਸੇਵਾਵਾਂ ਅਪਰੂਵ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਸੇਵਾ ਕੇਂਦਰਾਂ ਵਿੱਚ ਪ੍ਰਾਪਤ ਹੋ ਰਹੀਆਂ ਅਰਜੀਆਂ ਦਾ ਸਮੇਂ ’ਤੇ ਨਿਪਟਾਰਾ ਕਰਨ ਅਤੇ ਸੇਵਾ ਕੇਂਦਰਾਂ ਵਿੱਚ ਕੰਮ ਠੀਕ ਤਰੀਕੇ ਨਾਲ ਚਲਾਉਣ ਲਈ ਉਪ ਮੰਡਲ ਮੈਜਿਸਟ੍ਰੇਟ ਅਤੇ ਪ੍ਰਸ਼ਾਸਨਿਕ ਸੁਧਾਰ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਤਾਂ ਜੋ ਸੇਵਾ ਕੇਂਦਰਾਂ ਵਿੱਚ ਆਉਣ ਵਾਲੇ ਨਾਗਰਿਕਾਂ ਨੂੰ ਸਮੇਂ ਸਿਰ ਸਰਟੀਫਿਕੇਟ ਜਾਰੀ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਅਪਨੀਤ ਰਿਆਤ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਵਿੱਚ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਇਥੇ ਆਉਣ ਵਾਲੇ ਸਾਰੇ ਨਾਗਰਿਕਾਂ ਲਈ ਮਾਸਕ ਪਾਉਣਾ ਅਤੇ ਹੱਥ ਸੈਨੇਟਾਈਜ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਵਿਧਾ ਲਈ ਸਰਕਾਰ ਵਲੋਂ ਸੇਵਾ ਕੇਂਦਰਾਂ ਵਿੱਚ ਫਾਰਮ ਭਰਨ ਦੀ ਪਹਿਲਾਂ ਜੋ ਫੀਸ 100 ਰੁਪਏ ਸੀ, ਉਸਨੂੰ ਘਟਾ ਕੇ ਪਹਿਲੇ ਪੇਜ ਦੀ ਫੀਸ 10 ਰੁਪਏ ਅਤੇ ਬਾਕੀ ਪੇਜਾਂ ਲਈ 5 ਰੁਪਏ ਪ੍ਰਤੀ ਪੇਜ ਕਰ ਦਿੱਤੀ ਗਈ ਹੈ।