ਬਾਲਾ ਕੁੱਲੀਆਂ ਕਤਲ ਮਾਮਲਾ-ਭੈਣ ਭਰਾ ਗ੍ਰਿਫਤਾਰ
ਹੁਸ਼ਿਆਰਪੁਰ, 24 ਅਗਸਤ / ਨਿਊ ਸੁਪਰ ਭਾਰਤ ਨਿਊਜ਼:
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਬੀਤੇ ਦਿਨ ਦਸੂਹਾ ਦੇ ਪਿੰਡ ਬਾਲਾ ਕੁੱਲੀਆਂ ਵਿੱਚ ਸੁਖਦੀਪ ਸਿੰਘ ਪੁੱਤਰ ਰਾਮ ਸਿੰਘ ਦੇ ਹੋਏ ਕਤਲ ਦੇ ਦੋਸ਼ ਵਿੱਚ ਉਸਦੇ ਭਰਾ ਕੁਲਦੀਪ ਸਿੰਘ ਅਤੇ ਉਸਦੀ ਭੈਣ ਬਲਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਬੀਤੇ ਕੱਲ੍ਹ ਹੋਏ ਕਤਲ ਉਪਰੰਤ ਐਸ.ਪੀ. (ਤਫਤੀਸ਼) ਰਵਿੰਦਰਪਾਲ ਸਿੰਘ ਸੰਧੂ ਅਤੇ ਡੀ.ਐਸ.ਪੀ ਦਸੂਹਾ ਅਨਿਲ ਕੁਮਾਰ ਭਨੋਟ ਦੀ ਅਗਵਾਈ ਵਿੱਚ ਦਸੂਹਾ ਥਾਣਾ ਮੁਖੀ ਗੁਰਦੇਵ ਸਿੰਘ ਨੇ ਘਟਨਾ ਉਪਰੰਤ ਕਾਰਵਾਈ ਕਰਦਿਆਂ ਕੁਲਦੀਪ ਸਿੰਘ ਅਤੇ ਬਲਜੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਨੈਣੋਵਾਲ ਜੱਟਾਂ ਥਾਣਾ ਬੁੱਲੋਵਾਲ ਨੂੰ ਅੱਜ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਰਣਜੀਤ ਕੌਰ ਦੇ ਬਿਆਨ ਦਰਜ ਮੁਕੱਦਮਾ ਅਨੁਸਾਰ ਉਸਦਾ ਪਤੀ ਸੁਖਦੀਪ ਸਿੰਘ ਦਾ ਆਪਣੇ ਭਰਾ ਕੁਲਦੀਪ ਸਿੰਘ ਨਾਲ ਪਾਣੀ ਵਾਲੀ ਟੈਂਕੀ ਸਬੰਧੀ ਤਕਰਾਰ ਚੱਲ ਰਿਹਾ ਸੀ। ਬੀਤੇ ਕੱਲ੍ਹ ਸੁਖਦੀਪ ਸਿੰਘ ਅਤੇ ਕੁਲਦੀਪ ਸਿੰਘ ਵਿਚਾਲੇ ਹੋਈ ਬਹਿਸ ਦੌਰਾਨ ਉਨ੍ਹਾਂ ਦੀ ਭੈਣ ਬਲਜੀਤ ਕੌਰ ਜੋ ਨੈਣੋਵਾਲ ਜੱਟਾਂ ਤੋਂ ਉਨ੍ਹਾਂ ਦੇ ਘਰ ਆਈ ਹੋਈ ਸੀ ਦੀ ਸ਼ਹਿ ’ਤੇ ਕੁਲਦੀਪ ਨੇ ਸੁਖਦੀਪ ਦੇ ਸਰੀਰ ਵਿੱਚ ਖੋਖਰੀ ਨਾਲ ਵਾਰ ਕੀਤੇ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਐਸ.ਐਸ.ਪੀ. ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛ-ਗਿਛ ਲਈ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।