ਹੁਸ਼ਿਆਰਪੁਰ / 22 ਅਗਸਤ / ਨਿਊ ਸੁਪਰ ਭਾਰਤ ਨਿਊਜ
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਰਾਜ ਦੇ ਸਮੂਹ ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਵਿੱਚ ਪੰਜਾਬ ਅਚੀਵਮੈਂਟ ਸਰਵੇ 2020 ਦੀ ਤਿਆਰੀ ਦੇ ਸਬੰਧ ਵਿੱਚ ਛੇਵੀ ਤੋਂ ਬਾਰ੍ਹਵੀਂ ਜਮਾਤ ਤੱਕ ਦੀ ਪ੍ਰਸ਼ਨੋਤਰੀ (ਕੁਇਜ਼) 24 ਅਗਸਤ ਨੂੰ ਆਯੋਜਤ ਕੀਤੀ ਜਾ ਰਹੀ ਹੈ। ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਇਸ ਕੁਇਜ਼ ‘ਤੇ ਅਧਾਰਿਤ ਨਤੀਜਿਆਂ ਨਾਲ ਚੰਗੀ ਯੋਜਨਾਬੰਦੀ ਹੋ ਸਕੇਗੀ।
ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ.) ਇੰਜੀ. ਸੰਜੀਵ ਗੌਤਮ ਨੇ ਦੱਸਿਆ ਕਿ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਪ੍ਰਮੁੱਖ ਛੇ ਵਿਸ਼ਿਆਂ ਪੰਜਾਬੀ, ਹਿੰਦੀ, ਅੰਗਰੇਜ਼ੀ, ਸਮਾਜਿਕ ਸਿੱਖਿਆ, ਗਣਿਤ ਅਤੇ ਹਿਸਾਬ ਅਤੇ ਸੀਨੀਅਰ ਸੈਕੰਡਰੀ ਜਮਾਤਾਂ (ਗਿਆਰਵੀਂ ਅਤੇ ਬਾਰ੍ਹਵੀ) ਦੇ ਮੁੱਖ ਪੰਜ ਵਿਸ਼ਿਆਂ ਦਾ ਆਨਲਾਈਨ ਟੈਸਟ ਲੈਣ ਦਾ ਮੁੱਖ ਮੰਤਵ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਦੀ ਜਾਂਚ ਕਰਨਾ ਹੈ। ਇਹ ਆਨਲਾਈਨ ਟੈਸਟ ਅਪ੍ਰੈਲ, 2020 ਤੋਂ ਜੁਲਾਈ 22 ਤੱਕ ਨਿਰਧਾਰਿਤ ਕੀਤੇ ਪਾਠਕ੍ਰਮ ਵਿੱਚਲੇ ਸਿੱਖਣ ਪਰਿਣਾਮਾਂ ‘ਤੇ ਅਧਾਰਿਤ ਹੀ ਹੋਵੇਗਾ। ਪੰਜਾਬ ਅਚੀਵਮੈਂਟ ਸਰਵੇਖਣ ਦੀ ਤਿਆਰੀ ਸਬੰਧੀ ਹੋ ਰਹੇ ਆਨਲਈਨ ਕੁਇਜ਼ ਦੇ ਪੈਟਰਨ ਸਬੰਧੀ ਡੀ.ਈ.ਓ. ਸੰਜੀਵ ਗੌਤਮ ਨੇ ਦੱਸਿਆ ਕਿ ਹਾਲ ਦੀ ਘੜੀ ਪ੍ਰਸ਼ਨ ਪੱਤਰ ਦੀ ਬਣਤਰ ਪੰਜਾਬ ਅਚੀਵਮੈਂਟ ਸਰਵੇ ਦੇ ਨਮੂਨੇ ਨਾਲੋਂ ਕਾਫੀ ਸਰਲ ਰੱਖੀ ਗਈ ਹੈ। ਛੇਵੀਂ ਤੋਂ ਦਸਵੀਂ ਜਮਾਤ ਦੇ ਛੇ ਵਿਸ਼ਿਆਂ ਦੇ ਪੰਜ-ਪੰਜ ਪ੍ਰਸ਼ਨ ਹੋਣਗੇ ਅਤੇ ਗਿਆਰ੍ਹਵੀਂ ਅਤੇ ਬਾਰ੍ਹਵੀ ਜਮਾਤ ਦੇ ਮੁੱਖ ਪੰਜ ਵਿਸ਼ਿਆਂ ਦੇ ਪੰਜ-ਪੰਜ ਪ੍ਰਸ਼ਨ ਹੋਣਗੇ। ਇਹ ਬਹੁ-ਵਿਕਲਪੀ ਪ੍ਰਸ਼ਨ ਸਿੱਖਣ ਅਧਾਰਿਤ ਪਰਿਣਾਮਾਂ ਜਾਂ ਸਥਿਤੀ ਅਧਾਰਿਤ ਹੋਣਗੇ। ਪੰਜਾਬ ਦੇ ਸਮੂਹ ਵਿਦਿਆਰਥੀਆਂ ਨੂੰ ਅਧਿਆਪਕਾਂ ਅਤੇ ਸਕੂਲ ਮੁਖੀਆਂ ਰਾਹੀਂ ਇਸ ਸਬੰਧੀ ਅਗਾਉਂ ਜਾਣਕਾਰੀ ਦਿੱਤੀ ਜਾ ਰਹੀ ਹੈ। ਅਧਿਆਪਕਾਂ ਵੱਲੋਂ ਪਹਿਲਾਂ ਹੀ ਗੂਗਲ ਕੁਇਜ਼ ਰਾਹੀਂ ਵਿਦਿਆਰਥੀਆਂ ਦੀ ਤਿਆਰੀ ਵੀ ਕਰਵਾਈ ਜਾ ਰਹੀ ਹੈ। ਆਨਲਾਈਨ ਟੈਸਟ ਸਬੰਧੀ ਲਿੰਕ 24 ਅਗਸਤ ਨੂੰ ਸਵੇਰੇ 6 ਵਜੇ ਪੰਜਾਬ ਐਜੂਕੇਅਰ ਐਪ ਅਤੇ ਜ਼ਿਲ੍ਹਾ ਮੈਂਟਰਾਂ ਰਾਹੀਂ ਸਾਂਝਾ ਕਰ ਦਿੱਤਾ ਜਾਵੇਗਾ ਜੋ ਕਿ ਪੂਰੇ ਇੱਕ ਦਿਨ ਲਈ ਉਪਲਬਧ ਰਹੇਗਾ।
ਦੱਸਣਯੋਗ ਹੈ ਕਿ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਇਸ ਸਬੰਧੀ ਸੈਕੰਡਰੀ ਵਿੰਗ ਦੇ ਅਧਿਕਾਰੀਆਂ, ਸਕੂਲ ਮੁਖੀਆਂ, ਪੜੋ੍ਹ ਪੰਜਾਬ ਟੀਮਾਂ ਤੇ ਅਧਿਆਪਕਾਂ ਨਾਲ ਸਰਵੇਖਣ ਦੀਆਂ ਤਿਆਰੀਆਂ ਸਬੰਧੀ ਹਫਤਾਵਾਰ ਮੁਲਾਂਕਣ ਕਰਨ ਲਈ ਹਫਤਾਵਾਰੀ ਆਨਲਾਈਨ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਵਿਭਾਗ ਵੱਲੋਂ ਸਰਵੇ ਸਬੰਧੀ ਪੋਸਟਰ ਬਣਾਕੇ, ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ। ਬਹੁਤ ਸਾਰੇ ਅਧਿਆਪਕਾਂ ਪਿੰਡਾਂ-ਸ਼ਹਿਰਾਂ ‘ਚ ਪੋਸਟਰ ਲਗਾ ਰਹੇ ਹਨ ਅਤੇ ਸਪੀਕਰਾਂ ਰਾਹੀਂ ਮਾਪਿਆਂ, ਆਮ ਲੋਕਾਂ ਤੇ ਮਹਿਤਬਰ ਸਖਸ਼ੀਅਤਾਂ ਨੂੰ ਸਰਵੇਖਣ ਪ੍ਰਤੀ ਜਾਗਰੂਰਕ ਕਰ ਰਹੇ ਹਨ।