ਮਿਸ਼ਨ ਫਤਿਹ’; ਪੰਜਾਬ ਸਰਕਾਰ ਨੇ ਕੋਵਾ ਐਪ ’ਤੇ ਉਪਲਬੱਧ ਕਰਵਾਈ ਹਸਪਤਾਲਾਂ ’ਚ ਉਪਲਬੱਧ ਖਾਲੀ ਬਿਸਤਰਿਆਂ ਦੀ ਸੂਚਨਾ **ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਆਪਣੇ ਮੋਬਾਇਲ ’ਚ ਕੋਵਾ ਐਪ ਡਾਊਨਲੋਡ ਕਰਨ ਦੀ ਕੀਤੀ ਅਪੀਲ
ਹੁਸ਼ਿਆਰਪੁਰ / 22 ਅਗਸਤ / ਨਿਊ ਸੁਪਰ ਭਾਰਤ ਨਿਊਜ
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਲੋਕਾਂ ਨੂੰ ਕੋਵਿਡ-19 ਸਬੰਧੀ ਹਰ ਜਾਣਕਾਰੀ ਤੋਂ ਅਪਡੇਟ ਕਰਵਾਉਣ, ਕਰਫਿਊ ਦੌਰਾਨ ਜ਼ਰੂਰੀ ਕੰਮਾਂ ਲਈ ਆਉਣ-ਜਾਣ ਲਈ ਕਰਫਿਊ ਪਾਸ ਦੀ ਸੁਵਿਧਾ ਅਤੇ ਹੋਰ ਜ਼ਰੂਰੀ ਜਾਣਕਾਰੀਆਂ ਮੁਹੱਈਆ ਕਰਵਾਉਣ ਲਈ ਪੰਜਾਬ ਕੋਵਾ ਐਪ ਬਣਾਈ ਗਈ ਹੈ, ਜੋ ਕਿ ਸੂਬਾ ਵਾਸੀਆਂ ਲਈ ਸਹਾਈ ਸਾਬਤ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਜਿਥੇ ਸੂਬਾ ਵਾਸੀਆਂ ਨੂੰ ਪੰਜਾਬ ਵਿੱਚ ਕੋਵਿਡ-19 ਦੀ ਸਥਿਤੀ ਬਾਰੇ ਪਤਾ ਚੱਲਦਾ ਹੈ, ਉਥੇ ਦੇਸ਼ ਵਿੱਚ ਕੋਰੋਨਾ ਸਬੰਧੀ ਹਾਲਾਤਾਂ ਬਾਰੇ ਵੀ ਜਾਣਕਾਰੀ ਹਾਸਲ ਹੁੰਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸੇਵਾ ਵਿੱਚ ਕੁੱਝ ਹੋਰ ਮਹੱਤਵਪੂਰਨ ਸੁਵਿਧਾਵਾਂ ਦਰਜ ਕੀਤੀਆਂ ਗਈਆਂ ਹਨ, ਜਿਸ ਰਾਹੀਂ ਲੋਕਾਂ ਨੂੰ ਕਈ ਹੋਰ ਨਵੀਆਂ ਜਾਣਕਾਰੀਆਂ ਪ੍ਰਾਪਤ ਹੋ ਸਕਦੀਆਂ ਹਨ।
ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਵਾ ਐਪ ਵਿੱਚ ਨਵੀਂ ਜਾਣਕਾਰੀ ਦਰਜ ਕੀਤੀ ਗਈ ਹੈ ਜਿਸਦੇ ਰਾਹੀਂ ਜ਼ਿਲ੍ਹਾਵਾਰ ਹਸਪਤਾਲਾਂ ਵਿੱਚ ਬੈਡਾਂ ਦੀ ਗਿਣਤੀ ਦੀ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ ਜਿਥੇ-ਜਿਥੇ ਅਸੀਂ ਕੋਰੋਨਾ ਟੈਸਟ ਕਰਵਾ ਸਕਦੇ ਹਾਂ, ਉਸ ਸਬੰਧੀ ਜਾਣਕਾਰੀ ਮਿਲਦੀ ਹੈ। ਇਸ ਤੋਂ ਇਲਾਵਾ ਕੋਵਿਡ-19 ਤੋਂ ਪੀੜਤ ਲੋਕਾਂ ਦੀ ਜਾਨ ਦੀ ਰੱਖਿਆ ਲਈ ਆਪਣਾ ਪਲਾਜਮਾ ਕਿਥੇ ਦਾਨ ਕਰਨਾ ਹੈ, ਉਸ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਦੇ ਮੱਦੇਨਜ਼ਰ ਬੈਡਾਂ ਦੀ ਸੁਵਿਧਾ ਦੇਖਣ ਲਈ ਚੈਕ ਬੈਡ ਅਵੇਲੇਬਿਲਿਟੀ ਆਪਸ਼ਨ ’ਤੇ ਜਾਇਆ ਜਾਵੇ, ਜਿਥੇ ਲੈਵਲ 1, ਲੈਵਲ 2, ਅਤੇ ਲੈਵਲ 2 ਸੁਵਿਧਾਵਾਂ ਦਾ ਪਤਾ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਲੈਵਲ 1 ਸੁਵਿਧਾ ਵਿੱਚ ਕੋਵਿਡ ਕੇਅਰ ਸੈਂਟਰ ਰਿਆਤ ਬਾਹਰਾ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਹੁਸ਼ਿਆਰਪੁਰ ਸ਼ਾਮਲ ਹਨ। ਲੈਵਲ 2 ਵਿੱਚ ਸਰਕਾਰੀ ਹਸਪਤਾਲਾਂ ਵਿੱਚ ਐਸ.ਡੀ.ਐਚ ਦਸੂਹਾ, ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ, ਸੀ.ਐਚ.ਸੀ ਹਾਰਟਾ ਬੱਡਲਾ, ਸੀ.ਐਚ.ਸੀ ਬੀਨੇਵਾਲ, ਸੀ.ਐਚ.ਸੀ ਭੋਲਕਲੋਤਾ ਅਤੇ ਪ੍ਰਾਈਵੇਟ ਹਸਪਤਾਲ ਵਿੱਚ ਆਈ.ਵੀ.ਵਾਈ ਹਸਪਤਾਲ ਸ਼ਾਮਲ ਹਨ। ਇਸ ਤੋਂ ਇਲਾਵਾ ਲੈਵਲ 3 ਹਸਪਤਾਲ ਵਿੱਚ ਸ਼ਿਵਮ ਹਸਪਤਾਲ, ਨਾਰਦ ਹਸਪਤਾਲ, ਆਈ.ਵੀ.ਵਾਈ ਹਸਪਤਾਲ ਅਤੇ ਹੋਰ ਹਸਪਤਾਲ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਮੋਬਾਇਲ ਵਿੱਚ ਕੋਵਾ ਐਪ ਨੂੰ ਜ਼ਰੂਰ ਡਾਊਨਲੋਡ ਕਰਨ, ਤਾਂ ਜੋ ਉਹ ਕੋਵਿਡ-19 ਸਬੰਧੀ ਹਰ ਨਵੀਂ ਅਪਡੇਟ ਤੋਂ ਜਾਣੂ ਹੋ ਸਕਣ ਅਤੇ ਐਪ ਵਿੱਚ ਦਰਜ ਹਰ ਵਿਸ਼ੇਸ਼ ਜਾਣਕਾਰੀ ਪ੍ਰਾਪਤ ਕਰ ਸਕਣ।