*ਕਿਹਾ ਜ਼ਿਲ੍ਹ ’ਚ ਰੋਜ਼ ਲਏ ਜਾ ਰਹੇ ਹਨ 1200 ਸੈਂਪਲ, ਹੁਣ ਤੱਕ 40602 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ **ਲੋਕਾਂ ਨੂੰ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਦੇਣ ਅਤੇ ਘਰਾਂ ’ਚ ਇਕਾਂਤਵਾਸ ਨੂੰ ਯਕੀਨੀ ਬਣਾਉਣ
ਹੁਸ਼ਿਆਰਪੁਰ / 19 ਅਗਸਤ / ਨਿਊ ਸੁਪਰ ਭਾਰਤ ਨਿਊਜ
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਹਦਾਇਤਾਂ ਦੀ ਇਨ-ਬਿਨ ਪਾਲਣਾ ਨੂੰ ਯਕੀਨੀ ਬਣਾਉਣ ਤਾਂ ਜੋ ਕੋਰੋਨਾ ਵਾਇਰਸ ਨੂੰ ਹੋਰ ਫੈਲਣੋ ਰੋਕਿਆ ਜਾ ਸਕੇ।
ਆਪਣੇ ਹਫਤਾਵਰੀ ਫੇਸਬੁੱਕ ਲਾਈਵ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਕੋਰੋਨਾ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਾਉਂਦਿਆਂ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਜਿਥੇ ਕੋਵਿਡ ਦੀ ਸੈਂਪਲਿੰਗ ਵਧਾਈ ਗਈ ਹੈ ਉਥੇ ਨਾਲ ਹੀ ਜਿਨ੍ਹਾਂ ਖੇਤਰਾਂ ਵਿੱਚ ਜ਼ਿਆਦਾ ਕੇਸ ਆ ਰਹੇ ਹਨ ਉਨ੍ਹਾਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਦਿਆਂ ਸਿਹਤ ਸਲਾਹਕਾਰੀਆਂ ਅਨੁਸਾਰ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲਏ ਗਏ 44527 ਲੋਕਾਂ ਦੇ ਸੈਂਪਲਾਂ ’ਚੋਂ 40602 ਸੈਂਪਲ ਨੈਗੇਟਿਵ ਆਏ ਹਨ ਜਦਕਿ ਜ਼ਿਲ੍ਹੇ ਵਿੱਚ ਪੋਜ਼ੀਟਿਵ ਕੇਸਾਂ ਦੀ ਗਿਣਤੀ 926 ਹੈ ਜਿਨ੍ਹਾਂ ਵਿਚੋਂ 165 ਕੇਸ ਐਕਟਿਵ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੋਵਿਡ ਰਿਕਵਰੀ ਦਰ ਬਹੁਤ ਵਧੀਆ ਹੈ ਅਤੇ ਹੁਣ ਤੱਕ 726 ਮਰੀਜ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮੌਜੂਦਾ ਸਮੇਂ 17 ਹਾਟਸਪਾਟ ਅਤੇ 8 ਮਾਈ¬ਕ੍ਰੋ ਕੰਟੇਨਮੈਂਟ ਜ਼ੋਨ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ੋਨਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ-ਘਰ ਜਾ ਕੇ ਕੰਟੈਕਟ ਟਰੇਸਿੰਗ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਲੋੜੀਂਦਾ ਸਹਿਯੋਗ ਅਤੇ ਘਰਾਂ ਵਿੱਚ ਇਕਾਂਤਵਾਸ ਨੂੰ ਮੁਕੰਮਲ ਤੌਰ ’ਤੇ ਯਕੀਨੀ ਬਣਾਉਣ ਜਿਸ ਨਾਲ ਕੋਰੋਨਾ ’ਤੇ ਫਤਿਹ ਪਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੀ ਹਦੂਦ ਵਿੱਚ ਬੀਤੀ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਰੈਸਟੋਰੈਂਟ, ਹੋਟਲ ਅਤੇ ਮਹਿਮਾਨ ਨਿਵਾਜੀ ਦੀਆਂ ਥਾਵਾਂ ਦੇ ਨਾਲ-ਨਾਲ ਦੁਕਾਨਾਂ ਤੇ ਸ਼ੋਪਿੰਗ ਮਾਲ ਰਾਤ 8 ਵਜੇ ਤੱਕ ਖੁੱਲ੍ਹ ਸਕਦੇ ਹਨ ਜਦਕਿ ਸ਼ਾਪਿੰਗ ਮਾਲਾ ਦੇ ਅੰਦਰ ਰੈਸਟੋਰੈਂਟ ਅਤੇ ਹੋਟਲ 8:30 ਵਜੇ ਤੱਕ ਖੁੱਲ੍ਹੇ ਰਹਿਣਗੇ। ਉਨ੍ਹਾਂ ਦੱਸਿਆ ਕਿ ਸ਼ਰਾਬ ਦੇ ਠੇਕੇ ਵੀ ਰਾਤ 8:30 ਵਜੇ ਤੱਕ ਹੀ ਖੁੱਲ੍ਹ ਸਕਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਤ ਦੇ ਕਰਫਿਊ ਦੌਰਾਨ ਬਹੁਤ ਜ਼ਰੂਰੀ ਕਾਰਜ ਤੋਂ ਬਿਨ੍ਹਾਂ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਇਨ੍ਹਾਂ ਕੰਮਾਂ ਲਈ ਘਰਾਂ ਤੋਂ ਆਉਣ ਵੇਲੇ ਸਹੀ ਢੰਗ ਨਾਲ ਮਾਸਕ ਪਾਉਣ ਅਤੇ ਇਕ ਦੂਜੇ ਤੋਂ ਬਣਦੀ ਦੂਰੀ ਨੂੰ ਵੀ ਅਮਲ ਵਿੱਚ ਲਿਆਉਣ। ਉਨ੍ਹਾਂ ਕਿਹਾ ਕਿ ਘਰਾਂ ਵਿੱਚ ਇਕਾਂਤਵਾਸ ਕੀਤੇ ਗਏ ਲੋਕ ਵੀ ਇਕਾਂਤਵਾਸ ਨੂੰ ਸਹੀ ਢੰਗ ਨਾਲ ਲਾਗੂ ਕਰਨ। ਉਨ੍ਹਾਂ ਕਿਹਾ ਕਿ ਸਿਹਤ ਸਲਾਹਕਾਰੀਆਂ ਅਤੇ ਇਕਾਂਤਵਾਸ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਭਾਵੇਂ ਕੋਈ ਵੀ ਆਪਣੇ ਘਰ ਤੋਂ ਪੈਦਲ, ਦੋ ਪਹੀਆ ਜਾਂ ਕਾਰ ਆਦਿ ’ਤੇ ਬਾਹਰ ਆ ਰਿਹਾ ਹੋਵੇ ਉਸ ਲਈ ਮਾਸਕ ਮਹਿਨਣਾ ਬਹੁਤ ਲਾਜ਼ਮੀ ਹੈ। ਗੜ੍ਹਸ਼ੰਕਰ ਦੇ ਇਕ ਵਸਨੀਕ ਵਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਲੋੜੀਂਦੀ ਕਾਰਵਾਈ ਕਰਦਿਆਂ ਸੰਵੇਦਨਸ਼ੀਲ ਖੇਤਰਾਂ ਨੂੰ ਮਾਈ¬ਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਜਾ ਰਿਹਾ ਹੈ। ਬੈਂਕਾਂ ਵਿੱਚ ਵੱਧ ਰਹੀ ਭੀੜ ਸਬੰਧੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਵਲੋਂ ਪਹਿਲਾਂ ਹੀ ਬੈਂਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਪੂਰੀ ਸਕਰੀਨਿੰਗ ਤੋਂ ਬਾਅਦ ਹੀ ਖਾਤਾ ਧਾਰਕਾਂ ਨੂੰ ਅੰਦਰ ਦਾਖਲ ਹੋਣ ਦੇਣ ਅਤੇ ਇਕ ਦੂਜੇ ਤੋਂ ਬਣਦੀ ਦੂਰੀ ਦਾ ਵੀ ਵਿਸ਼ੇਸ਼ ਧਿਆਨ ਰੱਖਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 32 ਸੈਂਪਲਿੰਗ ਟੀਮਾਂ ਵਲੋਂ ਸਾਰੇ ਬੈਂਕ ਮੁਲਜ਼ਮਾਂ ਦੇ ਸੈਂਪਲ ਲਏ ਜਾ ਚੁੱਕੇ ਹਨ ਅਤੇ ਬੈਂਕਾਂ ਵਿੱਚ ਭੀੜ ਨੂੰ ਰੋਕਣ ਲਈ ਮੁੜ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਰੋਜ਼ਾਨਾ ਹੋ ਰਹੀ ਸੈਂਪਲਿੰਗ ਨੂੰ ਵਧਾ ਕੇ 1200 ਕਰ ਦਿੱਤਾ ਗਿਆ ਹੈ ਅਤੇ ਆਨਲਾਈਨ ਪੋਰਟਲ ਇਤਿਹਾਸ ਰਾਹੀਂ ਸ਼ੱਕੀ ਮਰੀਜ਼ਾਂ ਨੂੰ ਜੀ.ਪੀ.ਐਸ. ਰਾਹੀਂ ਟਰੈਕ ਕਰਕੇ ਸੈਂਪਲਿੰਗ ਕੀਤੀ ਜਾ ਰਹੀ ਹੈ।