ਡਿਪਟੀ ਕਮਿਸ਼ਨਰ ਵਲੋਂ ਸੇਵਾ ਕੇਂਦਰਾਂ ਰਾਹੀਂ ਨਾਗਰਿਕ ਸੇਵਾਵਾਂ ਮਿੱਥੇ ਸਮੇਂ ’ਚ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼

*ਕਿਹਾ ਐਸ.ਡੀ.ਐਮ ਕਰਨਗੇ ਸੇਵਾ ਕੇਂਦਰਾਂ ਦੌਰਾ **ਸੇਵਾ ਕੇਂਦਰਾਂ ’ਚ ਨਿਰਧਾਰਿਤ ਫੀਸ ਦੇ ਕੇ ਤਤਕਾਲ ਰਾਹੀਂ ਲਈਆਂ ਜਾ ਸਕਦੀਆਂ ਹਨ 15 ਸੇਵਾਵਾਂ ***ਮੀਡੀਆ ’ਚ ਪ੍ਰਕਾਸ਼ਿਤ ਖਬਰ ਦਾ ਲਿਆ ਨੋਟਿਸ, ਕਿਹਾ ਲੋਕਾਂ ਦੀ ਖੱਜਲ-ਖੁਆਰੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ
ਹੁਸ਼ਿਆਰਪੁਰ / 18 ਅਗਸਤ / ਨਿਊ ਸੁਪਰ ਭਾਰਤ ਨਿਊਜ
ਜ਼ਿਲ੍ਹੇ ਦੇ ਸੇਵਾ ਕੇਂਦਰਾਂ ਰਾਹੀਂ ਨਾਗਰਿਕ ਸੇਵਾਵਾਂ ਤੈਅ ਸਮੇ ਵਿੱਚ ਦੇਣ ਅਤੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸੇਵਾ ਕੇਂਦਰਾਂ ਦੇ ਇੰਚਾਰਜਾਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਕੇਂਦਰਾਂ ਵਿੱਚ ਪੈਂਡਿੰਗ ਕੇਸਾਂ ਵਿੱਚ ਤਰਜ਼ੀਹ ਦੇ ਆਧਾਰ ’ਤੇ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ।
ਸੇਵਾ ਕੇਂਦਰਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਲੋੜੀਂਦੀਆਂ ਨਾਗਰਿਕ ਸੇਵਾਵਾਂ ਸੁਚੱਜੇ ਢੰਗ ਨਾਲ ਮੁਹੱਈਆ ਕਰਵਾਈਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਵਿੱਚਲੇ ਸਟਾਫ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਕਿਤੇ ਪੈਂਡਿੰਗ ਅਰਜ਼ੀਆਂ ਚੱਲ ਰਹੀਆਂ ਹਨ ਤਾਂ ਉਨ੍ਹਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਐਸ.ਡੀ.ਐਮਜ਼ ਵਲੋਂ ਵੱਖ-ਵੱਖ ਸੇਵਾ ਕੇਂਦਰਾਂ ਦਾ ਨਿੱਜੀ ਤੌਰ ’ਤੇ ਨਿਰੀਖਣ ਕਰਕੇ ਲੋਕਾਂ ਨੂੰ ਮੁਹੱਈਆ ਕਰਵਾਈਆ ਜਾ ਰਹੀਆਂ ਨਾਗਰਿਕ ਸੇਵਾਵਾਂ ਦਾ ਮੁਲਾਂਕਣ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ 15 ਸੇਵਾਵਾਂ ਤਤਕਾਲ ਰਾਹੀਂ ਲੋੜੀਂਦੀ ਫੀਸ ਦੀ ਅਦਾਇਗੀ ’ਤੇ ਮੁਹੱਈਆ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ਵਿੱਚ ‘ਦਿ ਪੰਜਾਬ ਕੰਪਲਸਰੀ ਰਜਿਸਟ੍ਰੇਸ਼ਨ ਆਫ਼ ਮੈਰਿਜਿਜ਼ ਐਕਟ’ ਤਹਿਤ ਮੈਰਿਜ ਰਜਿਸਟ੍ਰੇਸ਼ਨ, ਅਨੰਦ ਮੈਰਿਜ ਐਕਟ ਤਹਿਤ ਮੈਰਿਜ ਰਜਿਸਟ੍ਰੇਸ਼ਨ ਅਤੇ ਮੈਰਿਜਅਬਿਲਟੀ ਸਰਟੀਫਿਕੇਟ ਸ਼ਾਮਲ ਹਨ ਜੋ ਕਿ 2 ਹਜ਼ਾਰ ਰੁਪਏ ਦੀ ਫੀਸ ਜਮ੍ਹਾਂ ਕਰਵਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਤਤਕਾਲ ਸੇਵਾਵਾਂ ਤਹਿਤ ਰਿਹਾਇਸ਼ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਖੇਤਰ ਸਰਟੀਫਿਕੇਟ (ਸਰਹੱਦੀ/ਪੱਛੜੇ/ਕੰਢੀ/ਅਰਧ ਪਹਾੜੀ ਆਦਿ), ਜ਼ਮੀਨ ਦੀ ਨਿਸ਼ਾਨਦੇਹੀ, ਦਸਤਾਵੇਜ਼ਾਂ ’ਤੇ ਕਾਊਂਟਰ ਸਾਈਨ, ਹਿੰਦੂ ਡੋਗਰਾ ਕਮਿਊਨਿਟੀ ਸਰਟੀਫਿਕੇਟ ਅਤੇ ਪੇਂਡੂ ਖੇਤਰ ਸਰਟੀਫਿਕੇਟ ਵੀ 500 ਰੁਪਏ ਦੀ ਫੀਸ ਜਮ੍ਹਾਂ ਕਰਵਾ ਕੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੋਰਨਾ ਸੇਵਾਵਾਂ ਵਿੱਚ ਤਤਕਾਲ ਰਾਹੀਂ ਐਸ.ਸੀ, ਬੀ.ਸੀ., ਓ.ਬੀ.ਸੀ ਅਤੇ ਆਰਥਿਕ ਤੌਰ ’ਤੇ ਕਮਜੋਰ ਵਰਗਾਂ ਦੇ ਆਮਦਨ ਅਤੇ ਸੰਪੱਤੀ ਸਰਟੀਫਿਕੇਟ ਵੀ 300 ਰੁਪਏ ਦੀ ਫੀਸ ਦੇ ਕੇ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਤਤਕਾਲ ਵਿੱਚ ਜਨਮ ਸਰਟੀਫਿਕੇਟ ’ਤੇ 200 ਰੁਪਏ ਦੀ ਫੀਸ ਨਾਲ ਨਾਮ ਦਰਜ ਕਰਵਾਇਆ ਜਾ ਸਕਦਾ ਹੈ।
ਲੋਕਾਂ ਦੀ ਖੱਜਲ-ਖੁਆਰੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਡਿਪਟੀ ਕਮਿਸ਼ਨਰ
ਪਿਛਲੇ ਦਿਨੀਂ ਮੀਡੀਆ ਦੇ ਇਕ ਹਿੱਸੇ ਵਿੱਚ ਇਕ ਸੇਵਾ ਕੇਂਦਰ ਵਿੱਚ ਲੋਕਾਂ ਦੀ ਹੋ ਰਹੀ ਕਥਿਤ ਖੱਜਲ-ਖੁਆਰੀ ਸਬੰਧੀ ਛਪੀ ਖਬਰ ਦੇ ਸੰਦਰਭ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਬਰ ਵਿੱਚ ਪੇਸ਼ ਕੀਤੇ ਤੱਥਾਂ ਦਾ ਕੋਈ ਆਧਾਰ ਨਹੀਂ ਸੀ। ਉਨ੍ਹਾਂ ਦੱਸਿਆ ਕਿ ਖਬਰ ਵਿੱਚ ਸੇਵਾ ਕੇਂਦਰ ਵਲੋਂ ਆਧਾਰ ਕਾਰਡ ’ਤੇ ਮੋਬਾਇਲ Çਲੰਕ ਕਰਵਾਉਣ ਦੇ ਨਾਂਅ ’ਤੇ 50 ਰੁਪਏ ਵਸੂਲਣ ਬਾਰੇ ਲਿਖਿਆ ਗਿਆ ਸੀ ਜਦਕਿ ਇਹ ਫੀਸ ਯੂ.ਆਈ.ਡੀ.ਏ.ਆਈ ਵਲੋਂ ਨਿਰਧਾਰਿਤ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਖਬਰ ਵਿੱਚ ਸੇਵਾ ਕੇਂਦਰ ਵਲੋਂ ਰੋਜ਼ਾਨਾ 20-22 ਟੋਕਨ ਦੇਣ ਬਾਰੇ ਲਿਖਿਆ ਗਿਆ ਸੀ ਜਦਕਿ ਉਕਤ ਸੇਵਾ ਕੇਂਦਰ ਦੀ ਪ੍ਰਤੀ ਦਿਨ 100 ਤੋਂ 125 ਐਂਟਰੀਆਂ ਹੋਈਆਂ। ਉਨ੍ਹਾਂ ਦੱਸਿਆ ਕਿ ਲਾਕਡਾਊਨ ਦੇ ਮੱਦੇਨਜ਼ਰ ਉਕਤ ਸੇਵਾ ਕੇਂਦਰ ਵਿੱਚ 7 ਅਗਸਤ 2020 ਤੱਕ ਲੋਕਾਂ ਦੀ ਸਹੂਲਤ ਲਈ ਲੋੜੀਂਦੇ ਟੈਂਟ ਅਤੇ ਬੈਠਣ ਲਈ ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਤੱਥਾਂ ਦੇ ਮੱਦੇਨਜ਼ਰ ਲੋਕਾਂ ਦੀ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਮੀਡੀਆ ਵਿੱਚ ਛਪੀ ਇਕ ਹੋਰ ਖਬਰ ਦੇ ਹਵਾਲੇ ਨਾਲ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟਾਂਡਾ ਰਾਮ ਸਹਾਏ ਪਿੰਡ ਦਾ ਸੇਵਾ ਕੇਂਦਰ ਜਲ ਸਪਲਾਈ ਵਿਭਾਗ ਨੂੰ ਸੌਂਪਿਆ ਜਾ ਚੁੱਕਾ ਹੈ ਜਿਸ ਦੀ ਸਾਂਭ-ਸੰਭਾਲ ਲਈ ਸਬੰਧਤ ਵਿਭਾਗ ਨੂੰ ਲਿਖ ਦਿੱਤਾ ਗਿਆ ਹੈ।