ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਕਰਫਿਊ ਦੇ ਨਵੇਂ ਹੁਕਮ ਜਾਰੀ **ਜ਼ਿਲ੍ਹੇ ’ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ ਰਾਤ ਦਾ ਕਰਫਿਊ

ਹੁਸ਼ਿਆਰਪੁਰ / 18 ਅਗਸਤ / ਨਿਊ ਸੁਪਰ ਭਾਰਤ ਨਿਊਜ
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਰਾਤ ਦੇ ਕਰਫਿਊ ਦੇ ਆਦੇਸ਼ਾਂ ਵਿੱਚ ਹੋਰ ਵਾਧਾ ਕਰਕੇ ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਮਿਉਂਸਿਪਲ ਲਿਮਟ ਵਿੱਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਪਾਬੰਦੀ ਦੇ ਹੁਕਮ ਮੁਤਾਬਕ ਰਾਤ ਦੇ ਕਰਫਿਊ ਦੌਰਾਨ ਰੈਸਟੋਰੈਂਟ, ਹੋਟਲ ਅਤੇ ਹੋਰ ਪਰਾਹੁਣਚਾਰੀ ਇਕਾਈਆਂ ਦੁਕਾਨਾਂ ਅਤੇ ਸ਼ਾਪਿੰਗ ਮਾਲਜ਼ ਰਾਤ 8 ਵਜੇ ਤੱਕ ਖੋਲ੍ਹੇ ਜਾ ਸਕਦੇ ਹਨ।
ਇਸ ਤੋਂ ਇਲਾਵਾ ਸ਼ਾਪਿੰਗ ਮਾਲਜ਼ ਅੰਦਰ ਰੈਸਟੋਰੈਂਟ, ਹੋਟਲ ਰਾਤ 8:30 ਵਜੇ ਤੱਕ ਖੁੱਲ੍ਹੇ ਰਹਿਣਗੇ ਅਤੇ ਸ਼ਰਾਬ ਦੇ ਠੇਕੇ ਵੀ ਰਾਤ 8:30 ਵਜੇ ਤੱਕ ਖੁੱਲ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਕੋਵਿਡ ਦੈ ਫੈਲਾਅ ਨੂੰ ਰੋਕਣ ਲਈ ਲਾਗੂ ਇਸ ਕਰਫਿਊ ਦੌਰਾਨ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਗੈਰ-ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਗਤ ਆਉਣ ਜਾਣ ’ਤੇ ਪਾਬੰਦੀ ਹੋਵੇਗੀ। ਜ਼ਰੂਰੀ ਸੇਵਾਵਾਂ ਅਤੇ ਜ਼ਰੂਰੀ ਗਤੀਵਿਧੀਆਂ ਸਹਿਤ ਇਕ ਤੋਂ ਵੱਧ ਸ਼ਿਫਟਾਂ ਲਈ ਆਵਾਜਾਈ, ਰਾਸ਼ਟਰੀ ਅਤੇ ਰਾਜ ਮਾਰਗ ’ਤੇ ਬੱਸਾਂ, ਟਰੇਨਾਂ ਅਤੇ ਹਵਾਈ ਜਹਾਜਾਂ ਰਾਹੀਂ ਆਪੋ-ਆਪਣੇ ਘਰਾਂ ਤੱਕ ਪਹੁੰਚਣ ਵਾਲਿਆਂ ਦੀ ਆਵਾਜਾਈ ਅਤੇ ਜ਼ਰੂਰੀ ਵਸਤੂਆਂ ਦੀ ਢੁਆਈ ਜਾਰੀ ਰਹੇਗੀ। ਇਸ ਤੋਂ ਇਲਾਵਾ ਦੋ ਦਿਨ ਸ਼ਿਫਟਾਂ ਵਿੱਚ ਕੰਮ ਕਰਦੇ ਉਦਯੋਗ ਵੀ ਚਾਲੂ ਰਹਿਣਗੇ। ਉਨ੍ਹਾਂ ਕਿਹਾ ਕਿ ਉਪਰੋਕਤ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਆਪਦਾ ਪ੍ਰਬੰਧਨ ਐਕਟ 2005 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।