ਕੈਬਨਿਟ ਮੰਤਰੀ ਅਰੋੜਾ ਨੇ ਆਵਾਰਾ ਸਾਨ੍ਹ ਦੇ ਹਮਲੇ ’ਚ ਮਾਰੇ ਗਏ ਅਲੰਕਾਰ ਦੇ ਘਰ ਜਾ ਕੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

*ਕਿਹਾ ਦੁੱਖ ਦੀ ਇਸ ਘੜੀ ਵਿੱਚ ਪੰਜਾਬ ਸਰਕਾਰ ਪਰਿਵਾਰ ਨਾਲ ਖੜੀ ਹੈ **ਪਰਿਵਾਰ ਨੂੰ ਮੁੱਖ ਮੰਤਰੀ ਰਾਹਤ ਕੋਸ਼ ’ਚੋਂ 2 ਲੱਖ ਰੁਪਏ ਦੇਣ ਦੀ ਘੋਸ਼ਣਾ
ਹੁਸ਼ਿਆਰਪੁਰ / 14 ਅਗਸਤ / ਨਿਊ ਸੁਪਰ ਭਾਰਤ ਨਿਊਜ
ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਆਵਾਰਾ ਸਾਨ੍ਹਾਂ ਦੇ ਹਮਲੇ ਵਿੱਚ ਮਾਰੇ ਗਏ ਮੁਹੱਲਾ ਭਗਤ ਨਗਰ ਦੇ ਅਲੰਕਾਰ ਸੂਦ ਦੇ ਘਰ ਜਾ ਕੇ ਉਸ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਇਸ ਦੌਰਾਨ ਉਨ੍ਹਾਂ ਨੇ ਪਰਿਵਾਰ ਨੂੰ ਮੁੱਖ ਮੰਤਰੀ ਰਾਹਤ ਕੋਸ਼ ਵਿੱਚੋਂ 2 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ। ਉਨ੍ਹਾਂ ਕਿਹਾ ਕਿ ਅਲੰਕਾਰ ਜਿਸ ਇੰਡਸਟਰੀ ਵਿੱਚ ਕੰਮ ਕਰਦਾ ਸੀ, ਉਥੇ ਉਸ ਦੀ ਪਤਨੀ ਨੂੰ ਨੌਕਰੀ ਦਿਲਵਾਈ ਜਾਵੇਗੀ, ਤਾਂ ਜੋ ਪਰਿਵਾਰ ਨੂੰ ਆਰਥਿਕ ਪੱਖੋਂ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਪਰਿਵਾਰ ਨੂੰ ਹੌਂਸਲਾ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਨਾਲ ਖੜ੍ਹੀ ਹੈ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਿਪਟਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪਿੰਡ ਫਲਾਹੀ ਅਤੇ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਭੰਗੀ ਚੋਅ ਦੇ ਨਜ਼ਦੀਕ ਕੈਟਲ ਪੌਂਡ ਬਣਾਇਆ ਗਿਆ ਹੈ, ਜਿਥੇ ਕਰੀਬ 600 ਪਸ਼ੂਆਂ ਨੂੰ ਫੜ ਕੇ ਰੱਖਿਆ ਗਿਆ ਹੈ। ਪਰ ਕੁਝ ਲੋਕ ਆਪਣੇ ਦੁੱਧ ਦੇਣ ਵਾਲੇ ਪਸ਼ੂਆਂ ਦਾ ਦੁੱਧ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਸੜਕ ’ਤੇ ਛੱਡ ਦਿੰਦੇ ਹਨ, ਜਿਸ ਕਾਰਨ ਇਹ ਹਾਦਸੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਨੇ ਕਮੇਟੀ ਗਠਿਤ ਕਰਕੇ ਆਵਾਰਾ ਪਸ਼ੂਆਂ ਨੂੰ ਫੜ ਕੇ ਫਲਾਹੀ ਕੈਟਲ ਪੌਂਡ ਵਿੱਚ ਭੇਜਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਉਧਰ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਨਗਰ ਨਿਗਮ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਆਰ.ਟੀ.ਏ. ਅਤੇ ਪਸ਼ੂ ਪਾਲਣ ਵਿਭਾਗ ਵਲੋਂ ਸਾਂਝੇ ਤੌਰ ’ਤੇ ਆਵਾਰਾ ਪਸ਼ੂਆਂ ਨੂੰ ਫੜ ਕੇ ਪਿੰਡ ਫਲਾਹੀ ਦੇ ਕੈਟਲ ਪੌਂਡ ਵਿੱਚ ਰੱਖਣ ਲਈ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ। ਅਪਨੀਤ ਰਿਆਤ ਨੇ ਕਮਿਸ਼ਨਰ ਨਗਰ ਨਿਗਮ ਨੂੰ ਨਿਰਦੇਸ਼ ਦਿੱਤੇ ਕਿ ਪੂਰੀ ਸਰਗਰਮੀ ਅਤੇ ਅਸਰਦਾਰ ਢੰਗ ਨਾਲ ਇਹ ਕੰਮ ਕੀਤਾ ਜਾਵੇ, ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਲੋਕਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਪਸ਼ੂ ਮਾਲਕ ਪਸ਼ੂਆਂ ਨੂੰ ਸੜਕਾਂ ’ਤੇ ਖੁੱਲ੍ਹਾ ਨਾ ਛੱਡਣ। ਉਨ੍ਹਾਂ ਕਿਹਾ ਕਿ ਪਿੰਡ ਫਲਾਹੀ ਦੇ ਕੈਟਲ ਪੌਂਡ ਵਿੱਚ ਪਸ਼ੂਆਂ ਦੀ ਸੰਭਾਲ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੁਸ਼ਿਆਰਪੁਰ ਦੇ ਮੁਹੱਲਾ ਭਗਤ ਨਗਰ ਦਾ ਅਲੰਕਾਰ ਸੂਦ ਡਿਊਟੀ ਕਰਕੇ ਜਦ ਘਰ ਵਾਪਸ ਜਾ ਰਿਹਾ ਸੀ, ਤਾਂ ਆਵਾਰਾ ਸਾਨ੍ਹ ਨੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ, ਜਿਸ ਦੇ ਚੱਲਦਿਆਂ ਉਸ ਦੀ ਮੌਤ ਹੋ ਗਈ ਸੀ।