January 8, 2025

ਸੁੰਦਰ ਸ਼ਾਮ ਅਰੋੜਾ ਨੇ ਸਮਾਰਟ ਪੰਜਾਬ ਕੁਨੈਕਟ ਸਕੀਮ ਤਹਿਤ 15 ਵਿਦਿਆਰਥੀਆਂ ਨੂੰ ਸੌਂਪੇ ਸਮਾਰਟ ਫੋਨ

0

*ਜ਼ਿਲ੍ਹੇ ’ਚ 12ਵੀਂ ਜਮਾਤ ਦੇ ਕੁੱਲ 10,584 ਵਿਦਿਆਰਥੀਆਂ, 5404 ਲੜਕੇ ਅਤੇ 5180 ਲੜਕੀਆਂ ਨੂੰ ਮਿਲਣਗੇ ਫੋਨ ***ਸਮਾਰਟ ਫੋਨ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਮੁਹੱਈਆ ਕਰਵਾਉਣ ਤੇ ਭਲਾਈ ਸਕੀਮਾਂ ਤੋਂ ਜਾਣੂ ਕਰਵਾਉਣ ਲਈ ਵਰਦਾਨ ਸਾਬਤ ਹੋਣਗੇ : ਅਰੋੜਾ

ਹੁਸ਼ਿਆਰਪੁਰ / 12 ਅਗਸਤ / ਨਿਊ ਸੁਪਰ ਭਾਰਤ ਨਿਊਜ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੰਡੀਗੜ੍ਹ ਵਿਖੇ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਦੇ ਆਗਾਜ਼ ਨਾਲ ਅੱਜ ਇਥੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ 15 ਵਿਦਿਆਰਥੀਆਂ ਨੂੰ ਆਪਣੇ ਹੱਥੀਂ ਸਮਾਰਟ ਫੋਨ ਸੌਂਪੇ। ਉਨ੍ਹਾਂ ਕਿਹਾ ਕਿ ਇਹ ਫੋਨ ਵਿਦਿਆਰਥੀਆਂ ਦੇ ਜੀਵਨ ਵਿੱਚ ਵੱਡੀ ਤਬਦੀਲੀ ਲਿਆਉਂਦਿਆਂ ਉਨ੍ਹਾਂ ਨੂੰ ਆਨਲਾਈਨ ਸਿੱਖਿਆ ਹਾਸਲ ਕਰਨ ਵਿੱਚ ਵਰਦਾਨ ਸਾਬਤ ਹੋਣਗੇ।
ਸੁੰਦਰ ਸ਼ਾਮ ਅਰੋੜਾ ਅੱਜ ਅੰਤਰ-ਰਾਸ਼ਟਰੀ ਨੌਜਵਾਨ ਦਿਵਸ ਮੌਕੇ ਵਿਦਿਆਰਥੀਆਂ ਨੂੰ ਫੋਨ ਵੰਡਣ ਸਮੇਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਾਵਨ ਦਿਹਾੜੇ ਦੀ ਲੋਕਾਂ ਨੂੰ ਵਧਾਈ ਦਿੱਤੀ। ਸਥਾਨਕ ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਰੱਖੇ ਸਮਾਗਮ ਵਿੱਚ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਉੜਮੁੜ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ, ਸ਼ਾਮਚੁਰਾਸੀ ਤੋਂ ਵਿਧਾਇਕ ਪਵਨ ਕੁਮਾਰ ਆਦੀਆ, ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ, ਵਿਧਾਇਕ ਮੁਕੇਰੀਆਂ ਇੰਦੂ ਬਾਲਾ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਜ਼ਿਲ੍ਹਾ ਕਾਂਗਰਸ ਪ੍ਰਧਾਨ ਡਾ. ਕੁਲਦੀਪ ਨੰਦਾ, ਯੂਥ ਕਾਂਗਰਸ ਜ਼ਿਲ੍ਹਾ ਪ੍ਰਧਾਨ ਦਮਨਦੀਪ ਸਿੰਘ ਦੀ ਮੌਜੂਦਗੀ ਵਿੱਚ 15 ਵਿਦਿਆਰਥੀਆਂ, 10 ਲੜਕੀਆਂ ਅਤੇ 5 ਲੜਕਿਆਂ ਨੂੰ ਮੋਬਾਇਲ ਸੌਂਪਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ਨਾਲ ਕੀਤਾ ਇਕ ਹੋਰ ਅਹਿਮ ਵਾਅਦਾ ਪੁਗਾ ਦਿੱਤਾ ਹੈ।

ਉਦਯੋਗ ਮੰਤਰੀ ਨੇ ਕਿਹਾ ਕਿ ਇਹ ਸਮਾਰਟ ਫੋਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ’ਤੇ ਮੌਜੂਦਾ ਕੋਰੋਨਾ ਵਾਇਰਸ ਦੇ ਸੰਕਟ ਸਮੇਂ ਆਨਲਾਈਨ ਸਿੱਖਿਆ ਹਾਸਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਮੁਹੱਈਆ ਕਰਵਾਏ ਜਾ ਰਹੇ ਫੋਨਾਂ ਵਿੱਚ ਲਗਭਗ ਹਰ ਤਰ੍ਹਾਂ ਦੀ ਲੋੜੀਂਦੀ ਵਿਸ਼ੇਸ਼ਤਾ ਮੌਜੂਦ ਹੈ, ਜਿਹੜੀ ਕਿ ਉਨ੍ਹਾਂ ਲਈ ਮਦਦਗਾਰ ਰਹੇਗੀ।

ਇਸ ਮੌਕੇ ਵਿਧਾਇਕ ਹਲਕਾ ਵਾਈਜ਼ ਫੋਨਾਂ ਦੀ ਗਿਣਤੀ ਬਾਰੇ ਜਾਣਕਾਰੀ ਦਿੰਦਿਆਂ ਉਦਯੋਗ ਮੰਤਰੀ ਨੇ ਕਿਹਾ ਕਿ ਹਲਕਾ ਚੱਬੇਵਾਲ ਦੇ 633 ਵਿਦਿਆਰਥੀ ਅਤੇ 439 ਵਿਦਿਆਥਣਾਂ ਨੂੰ ਇਹ ਫੋਨ ਦਿੱਤੇ ਜਾ ਰਹੇ ਹਨ। ਇਸੇ ਤਰ੍ਹਾਂ ਗੜ੍ਹਸ਼ੰਕਰ ਵਿੱਚ 875 ਵਿਦਿਆਰਥੀ ਅਤੇ 793 ਵਿਦਿਆਰਥਣਾਂ ਇਹ ਸਮਾਰਟ ਫੋਨ ਪ੍ਰਾਪਤ ਕਰਨਗੀਆਂ। ਇਸੇ ਤਰ੍ਹਾਂ ਦਸੂਹਾ ਵਿਧਾਨ ਸਭਾ ਹਲਕੇ ਵਿੱਚ 1034 ਵਿਦਿਆਰਥੀ ਅਤੇ 1111 ਵਿਦਿਆਰਥਣਾਂ, ਹੁਸ਼ਿਆਰਪੁਰ ਵਿੱਚ 529 ਵਿਦਿਆਰਥੀ ਅਤੇ 828 ਵਿਦਿਆਰਥਣਾਂ, ਮੁਕੇਰੀਆਂ ਵਿੱਚ 891 ਵਿਦਿਆਰਥੀ ਅਤੇ 747 ਵਿਦਿਆਰਥਣਾਂ, ਸ਼ਾਮਚੁਰਾਸੀ ਵਿੱਚ 841 ਵਿਦਿਆਰਥੀ ਅਤੇ 738 ਵਿਦਿਆਰਥਣਾਂ ਅਤੇ ਉੜਮੁੜ ਵਿੱਚ 601 ਵਿਦਿਆਰਥੀ ਅਤੇ 524 ਵਿਦਿਆਰਥਣਾਂ ਨੂੰ ‘ਸਮਾਰਟ ਪੰਜਾਬ ਕੁਨੈਕਟ ਸਕੀਮ’ ਤਹਿਤ ਸਮਾਰਟ ਫੋਨ ਦਿੱਤੇ ਜਾਣਗੇ।

ਅੱਜ ਇਥੇ ਸਿਰਫ਼ 15 ਵਿਦਿਆਰਥੀਆਂ ਨੂੰ ਮੋਬਾਇਲ ਫੋਨ ਵੰਡੇ ਜਾਣ ਸਬੰਧੀ ਉਦਯੋਗ ਮੰਤਰੀ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਘੱਟ ਗਿਣਤੀ ਵਾਲੇ ਸਮਾਗਮ ਨੂੰ ਤਰਜੀਹ ਦਿੱਤੀ ਗਈ ਹੈ ਤਾਂ ਜੋ ਕੋਵਿਡ ਸਬੰਧੀ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਧਿਆਨ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਅੱਜ ਇਕੋ ਸਮੇਂ 26 ਥਾਵਾਂ ’ਤੇ ਇਸ ਸਕੀਮ ਤਹਿਤ ਸਮਾਗਮਾਂ ਰਾਹੀਂ ਵਿਦਿਆਰਥੀਆਂ ਨੂੰ ਫੋਨ ਵੰਡੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਬਾਹਰਵੀਂ ਜਮਾਤ ਵਿੱਚ ਦਾਖਲਾ ਲੈਣ ਵਾਲੇ ਕਰੀਬ 1.74 ਲੱਖ ਵਿਦਿਆਰਥੀਆਂ ਨੂੰ ਲਗਭਗ 92 ਕਰੋੜ ਰੁਪਏ ਦੀ ਲਾਗਤ ਨਾਲ ਇਹ ਫੋਨ ਦਿੱਤੇ ਜਾ ਰਹੇ ਹਨ। ਉਦਯੋਗ ਮੰਤਰੀ ਨੇ ਫੋਨ ਦੀਆਂ ਵਿਸ਼ੇਸ਼ਤਾਵਾਂ ਦਾ ਵਿਦਿਆਰਥੀਆਂ ਨੂੰ ਹੋਣ ਵਾਲੇ ਲਾਭ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਵਿਦਿਆਰਥੀ ਆਪੋ-ਆਪਣੇ ਸਿਲੇਬਸ ਅਤੇ ਕੋਰਸਾਂ ਬਾਰੇ ਆਨਲਾਈਨ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਅਧਿਆਪਕਾਂ ਨੂੰ ਆਨਲਾਈਨ ਸਿੱਖਿਆ ਪ੍ਰਾਪਤ ਕਰਨ ਵਿੱਚ ਵੀ ਸਹਾਈ ਹੋਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫੋਨਾਂ ਰਾਹੀਂ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਨਾਗਰਿਕ ਸੇਵਾਵਾਂ ਅਤੇ ਭਲਾਈ ਸਕੀਮਾਂ ਤੋਂ ਵੀ ਜਾਣੂ ਹੋਇਆ ਜਾ ਸਕਦਾ ਹੈ। ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਸਮਾਰਟ ਫੋਨਾਂ ਰਾਹੀਂ ਰੋਜ਼ਗਾਰ ਦੇ ਮੌਕਿਆਂ, ਰੋਜ਼ਗਾਰ ਮੇਲਿਆਂ ਅਤੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਨਾਲ ਸਬੰਧਤ ਜਾਣਕਾਰੀ ਵੀ ਸਾਹਿਜੇ ਹੀ ਹਾਸਲ ਕੀਤੀ ਜਾ ਸਕਦੀ ਹੈ।
ਸੂਚਨਾ ਤਕਨਾਲੋਜੀ ਅਤੇ ਸੋਸ਼ਲ ਮੀਡੀਆ ਦੇ ਮੌਜੂਦਾ ਯੁੱਗ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਉਦਯੋਗ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਮਾਰਟ ਫੋਨਾਂ ਰਾਹੀਂ ਵਿਦਿਆਰਥੀ ਡਿਜੀਟਲ ਖੇਤਰ ਵਿੱਚ ਹੋਰ ਪਰਪੱਕ ਹੋਣਗੇ ਅਤੇ ਆਨਲਾਈਨ ਅਦਾਇਗੀਆਂ, ਇੰਸ਼ੋਰੈਂਸ ਅਤੇ ਆਨਲਾਈਨ ਬੈਕਿੰਗ ਦਾ ਲਾਭ ਲੈਣ ਦੇ ਨਾਲ-ਨਾਲ ਆਪਣੇ ਪਰਿਵਾਰਾਂ ਅਤੇ ਸਕੇ-ਸਬੰਧੀਆਂ ਨਾਲ ਸੋਸ਼ਲ ਮੀਡੀਆ ’ਤੇ ਜੁੜੇ ਰਹਿਣਗੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਦਯੋਗ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਪਣੇ ਸਾਰੇ ਚੋਣ ਵਾਅਦੇ ਮੁਕੰਮਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬਾਹਰਵੀਂ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਉਣ ਉਪਰੰਤ ਸਰਕਾਰੀ ਸਕੂਲਾਂ ਦੇ ਗਿਆਰਵੀਂ ਜਮਾਤ ਵਿਦਿਆਰਥੀਆਂ ਨੂੰ ਵੀ ਸਮਾਰਟ ਫੋਨ ਦਿੱਤੇ ਜਾਣਗੇ।

ਇਸ ਮੌਕੇ ਸਾਰਿਆਂ ਦਾ ਧੰਨਵਾਦ ਕਰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਵਿਦਿਆਰਥੀਆਂ ਨੂੰ ਹੋਰ ਵੀ ਮਿਹਨਤ ਅਤੇ ਲਗਨ ਨਾਲ ਅਗਲੇਰੀ ਪੜ੍ਹਾਈ ਕਰਨ ਦਾ ਸੰਦੇਸ਼ ਦਿੱਤਾ।

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੀ ਵਿਦਿਆਰਥਣ ਗਗਨਦੀਪ ਹੀਰ ਨੇ ਮੁੱਖ ਮੰਤਰੀ ਨਾਲ ਕੀਤੀ ਗੱਲਬਾਤ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੀ ਵਿਦਿਆਰਥਣ ਗਗਨਦੀਪ ਹੀਰ ਨੇ ਮੁੱਖ ਮੰਤਰੀ ਵਲੋਂ ਸਮਾਰਟ ਫੋਨ ਲਾਂਚ ਕਰਨ ਉਪਰੰਤ ਕੈਪਟਨ ਅਮਰਿੰਦਰ ਸਿੰਘ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਵਿਦਿਆਰਥਣ ਨੇ ਮੁੱਖ ਮੰਤਰੀ ਨਾਲ ਆਪਣਾ ਪਰਿਵਾਰਕ ਪਿਛੋਕੜ ਅਤੇ ਗਿਆਰਵੀਂ ਜਮਾਤ ਵਿੱਚ 85ਫੀਸਦੀ ਅੰਕ ਲੈਣ ਦੀ ਖੁਸ਼ੀ ਮੁੱਖ ਮੰਤਰੀ ਨਾਲ ਸਾਂਝੀ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਉਹ ਪੜ੍ਹਾਈ ਪਿੱਛੇ ਪੈ ਜਾਣ ਨੂੰ ਲੈ ਕੇ ਬਹੁਤ ਚਿੰਤਤ ਸੀ ਅਤੇ ਅੱਜ ਪੰਜਾਬ ਸਰਕਾਰ ਵਲੋਂ ਸਮਾਰਟ ਪੰਜਾਬ ਕੁਨੈਕਟ ਸਕੀਮ ਤਹਿਤ ਮੋਬਾਇਲ ਮੁਹੱਈਆ ਕਰਵਾਉਣ ਨਾਲ ਉਸ ਦੇ ਹੌਂਸਲੇ ਬੁਲੰਦ ਹੋ ਗਏ ਹਨ ਅਤੇ ਉਹ ਆਨਲਾਈਨ ਪੜ੍ਹਾਈ ਰਾਹੀਂ ਅੱਗੋਂ ਵੀ ਚੰਗੇ ਨਤੀਜੇ ਲਿਆ ਸਕੇਗੀ।

ਫੋਨ ਦੀਆਂ ਵਿਸ਼ੇਸ਼ਤਾਈਆਂ
ਮੈਸ: ਲਾਵਾ ਕੰਪਨੀ ਵਲੋਂ ਮੁਹੱਈਆ ਕਰਵਾਏ ਜਾ ਰਹੇ ਜ਼ੈਡ 61-2 ਜੀ.ਬੀ. ਮਾਡਲ ਵਾਲੇ ਇਸ ਸਮਾਰਟ ਫੋਨ ਦੀ ਰੈਮ 2 ਜੀ.ਬੀ., ਪ੍ਰੋਸੈਸਰ 1.5 ਜੀ.ਐਚ.ਜ਼ੈਡ ਅਤੇ ਸਕਰੀਨ ਡਿਸਪਲੇਅ 5.45 ਇੰਚ ਹੈ। ਫੋਨ ਦੀ ਰੈਜ਼ੋਲੇਸ਼ਨ 1280 & 720, ਬੈਟਰੀ 3000 ਐਮ.ਏ.ਐਚ., 8 ਮੈਗਾ ਪਿਕਸਲ ਬੈਕਸਾਈਡ ਅਤੇ 5 ਮੈਗਾ ਪਿਕਸਲ ਫਰੰਟ ਕੈਮਰਾ ਹੈ। ਇਹ ਸਮਾਰਟ ਫੋਨ ਵਾਈਫਾਈ, ਬਲੂਟੂਥ , ਜੀ.ਪੀ.ਐਸ., ਹੈਡਫੋਨ ਜੈਕ ਦੀ ਸਹੂਲਤ ਸਮੇਤ ਹਰ ਤਰ੍ਹਾਂ ਦੇ ਨੈਟਵਰਕ 2 ਜੀ, 3 ਜੀ, 4 ਜੀ/ ਐਲ.ਟੀ.ਈ., ਵੋ.ਐਲ.ਟੀ.ਈ. ’ਤੇ ਚੱਲਣ ਵਾਲਾ ਹੈ। ਇਸ ਦੀ ਸਮਰਥਾ 16 ਜੀ.ਬੀ. ਦੀ ਹੈ ਜੋ ਕਿ 129 ਜੀ.ਬੀ. ਤੱਕ ਜਾ ਸਕਦੀ ਹੈ। 

Leave a Reply

Your email address will not be published. Required fields are marked *