325 ਸਵੈ-ਸਹਾਇਤਾ ਗਰੁੱਪ ਲਿਆਉਣਗੇ ਲੋੜਵੰਦਾਂ ਪਰਿਵਾਰਾਂ ਦੇ ਸਮਾਜਿਕ ਤੇ ਆਰਥਿਕ ਪੱਧਰ ’ਚ ਤਬਦੀਲੀ : ਅਪਨੀਤ ਰਿਆਤ
*238 ਗਰੁੱਪਾਂ ਨੂੰ 35.70 ਲੱਖ ਰੁਪਏ ਦੇ ਫੰਡ ਮੁਹੱਈਆ **ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਲੋੜਵੰਦ ਤੇ ਗਰੀਬ ਪਰਿਵਾਰਾਂ ਲਈ ਵਰਦਾਨ ਸਾਬਤ ਹੋਵੇਗਾ ***ਏਕਜੋਤ ਗਰੁੱਪ ਨੇ ਪਾਈਆਂ ਨਵੀਆਂ ਪੈੜਾਂ, ਮੜੂਲੀ ਬ੍ਰਾਹਮਣਾ ਦਾ ਹੈਂਡੀਕਰਾਫ਼ਟ ਗਰੁੱਪ ਬਣਾਏਗਾ ਆਚਾਰ ਤੇ ਚਟਨੀ
ਹੁਸ਼ਿਆਰਪੁਰ / 10 ਅਗਸਤ / ਨਿਊ ਸੁਪਰ ਭਾਰਤ ਨਿਊਜ
ਪੇਂਡੂ ਖੇਤਰਾਂ ਵਿੱਚ ਲੋੜਵੰਦ ਪਰਿਵਾਰਾਂ ਦੇ ਸਮਾਜਿਕ ਤੇ ਆਰਥਿਕ ਪੱਧਰ ਵਿੱਚ ਵੱਡੀ ਤਬਦੀਲੀ ਲਿਆਉਣ ਦੇ ਮਕਸਦ ਨਾਲ ਜ਼ਿਲ੍ਹੇ ਵਿੱਚ 325 ਸਵੈ-ਸਹਾਇਤਾ ਗਰੁੱਪ ਬਣਾਏ ਗਏ ਹਨ, ਜਿਹੜੇ ਕਿ ਇਨ੍ਹਾਂ ਪਰਿਵਾਰਾਂ ਲਈ ਮੀਲ ਪੱਥਰ ਸਾਬਤ ਹੋਣਗੇ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ 325 ਗਰੁੱਪਾਂ ਨੂੰ ਬਣਾਉਣ ਤੋਂ ਇਲਾਵਾ ਇਨ੍ਹਾਂ ਵਿੱਚੋਂ 238 ਨੂੰ ਆਪਣੇ ਕੰਮ ਸ਼ੁਰੂ ਕਰਨ ਲਈ 35.70 ਲੱਖ ਰੁਪਏ ਦੀ ਮਦਦ ਮੁਹੱਈਆ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 325 ਗਰੁੱਪਾਂ ਨੂੰ ਬਣਾਉਣ ਤੋਂ ਇਲਾਵਾ ਇਨ੍ਹਾਂ ਵਿੱਚੋਂ 238 ਨੂੰ ਆਪਣੇ ਕੰਮ ਸ਼ੁਰੂ ਕਰਨ ਲਈ 35.70 ਲੱਖ ਰੁਪਏ ਦੀ ਮਦਦ ਮੁਹੱਈਆ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਜ਼ਿਲ੍ਹੇ ਦੇ ਤਲਵਾੜਾ, ਦਸੂਹਾ ਅਤੇ ਹੁਸ਼ਿਆਰਪੁਰ -2 ਬਲਾਕਾਂ ਵਿੱਚ ਇਹ ਗਰੁੱਪ ਬਣਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹਰ ਗਰੁੱਪ ਵਿੱਚ ਘਰੇਲੂ ਗਰੀਬ ਔਰਤਾਂ ਦੇ ਘੱਟੋ-ਘੱਟ 10 ਮੈਂਬਰ ਲਏ ਜਾਂਦੇ ਹਨ ਜੋ ਲੋੜ ਅਨੁਸਾਰ ਮੋੜਨਯੋਗ ਅਡਵਾਂਸ ਰਕਮ ਲੈ ਕੇ ਆਪਣੀਆਂ ਕੰਮ ਬਾਬਤ ਲੋੜਾਂ ਪੂਰੀਆਂ ਕਰਦੇ ਹਨ।

ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਇਸ ਮਿਸ਼ਨ ਤਹਿਤ ਹੁਣ ਤੱਕ ਤਲਵਾੜਾ ਬਲਾਕ ਵਿੱਚ 200 ਸਵੈ-ਸਹਾਇਤਾ ਗਰੁੱਪ ਬਣਾਏ ਜਾ ਚੁੱਕੇ ਹਨ। ਇਸੇ ਤਰ੍ਹਾਂ ਦਸੂਹਾ ਬਲਾਕ ਵਿੱਚ 46 ਅਤੇ ਹੁਸ਼ਿਆਰਪੁਰ-2 ਵਿੱਚ ਕੁੱਲ 54 ਸਵੈ-ਸਹਾਇਤਾ ਗਰੁੱਪ ਬਣਾਏ ਜਾ ਚੁੱਕੇ ਹਨ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਲੋਂ ਹੋਰ ਗਰੁੱਪ ਵਧਾਉਣ ਲਈ ਤੇਜ਼ੀ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਇਨ੍ਹਾਂ ਲੋੜਵੰਦ ਔਰਤਾਂ ਨੂੰ ਪੈਰੀਂ ਕਰਨ ਅਤੇ ਉਨ੍ਹਾਂ ਦਾ ਮਨੋਬਲ ਵਧਾ ਕੇ ਖੁਦ ਦੇ ਕੰਮ ਸ਼ੁਰੂ ਕਰਾਉਣ ਲਈ ਮੁਹਿੰਮ ਜੰਗੀ ਪੱਧਰ ’ਤੇ ਜਾਰੀ ਹੈ ਅਤੇ ਇਸ ਸਬੰਧੀ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਅਪਨੀਤ ਰਿਆਤ ਨੇ ਦੱਸਿਆ ਕਿ ਮਿਸ਼ਨ ਤਹਿਤ ਨਵੇਂ ਗਰੁੱਪਾਂ ਦੇ ਖਾਤੇ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗਰੁੱਪਾਂ ਨੂੰ ਬੈਂਕਾਂ ਦੇ ਕੰਮਕਾਜ ਵਿੱਚ ਸਹੂਲਤ ਮੁਹੱਈਆ ਕਰਾਉਣ ਦੇ ਮਕਸਦ ਨਾਲ ਤਲਵਾੜਾ ਬਲਾਕ ਵਿੱਚ 4 ਬੈਂਕ ਸਖੀ ਬਣਾਈਆਂ ਗਈਆਂ ਹਨ, ਜੋ ਕਿ ਗਰੁੱਪ ਦੀਆਂ ਮੈਂਬਰਾਂ ਹੀ ਹਨ ਅਤੇ ਗਰੁੱਪਾਂ ਨੂੰ ਬੈਂਕਾਂ ਦੇ ਕੰਮਕਾਜ ਵਿੱਚ ਮਦਦ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦਸੂਹਾ ਬਲਾਕ ਲਈ 3 ਬੈਂਕ ਸਖੀ ਲਾਈਆਂ ਗਈਆਂ ਹਨ। ਇਸੇ ਤਰ੍ਹਾਂ ਪਿੰਡਾਂ ਵਿੱਚ ਔਰਤਾਂ ਨੂੰ ਜਾਗਰੂਕ ਕਰਨ ਅਤੇ ਸਵੈ-ਸਹਾਇਤਾ ਗਰੁੱਪ ਬਣਾਉਣ ਲਈ ਤਲਵਾੜਾ ਬਲਾਕ ਵਿੱਚ ਛੇ ਅਤੇ ਦਸੂਹਾ ਬਲਾਕ ਵਿੱਚ ਪੰਜ ਉਦਮੀ ਔਰਤਾਂ ਥਾਪੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਸਵੈ-ਸਹਾਇਤਾ ਗਰੁੱਪ ਇਨ੍ਹਾਂ ਪੇਂਡੂ ਪਰਿਵਾਰਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆ ਕੇ ਉਨ੍ਹਾਂ ਲਈ ਵਰਦਾਨ ਸਾਬਤ ਹੋਣਗੇ।

ਏਕ ਜੋਤ ਸਵੈ-ਸਹਾਇਤਾ ਗਰੁੱਪ ਦਵਾਖੜੀ ਨੇ ਪਾਈਆਂ ਪੈੜਾਂ
ਦਸੂਹਾ ਬਲਾਕ ਦੇ ਪਿੰਡ ਦਵਾਖੜੀ ਵਿੱਚ 10 ਮੈਂਬਰੀ ਸਵੈ-ਸਹਾਇਤਾ ਗਰੁੱਪ ਆਜੀਵਿਕਾ ਮਿਸ਼ਨ ਤਹਿਤ ਥੋੜੇ ਸਮੇਂ ਵਿੱਚ ਹੀ ਇਕ ਅਗਾਂਹਵਧੂ ਗਰੁੱਪ ਵਜੋਂ ਉਭਰਿਆ ਹੈ। ਗਰੁੱਪ ਆਗੂ ਮਨਜੀਤ ਕੌਰ (50) ਨੇ ਦੱਸਿਆ ਕਿ ਮਿਸ਼ਨ ਤਹਿਤ ਉਨ੍ਹਾਂ 2019 ਵਿੱਚ ਫੁਲਕਾਰੀਆਂ, ਉਨ ਦੇ ਕੱਭੜੇ ਆਦਿ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਜਿਸ ਨੂੰ ਥੋੜੇ ਸਮੇਂ ਵਿੱਚ ਹੀ ਭਾਰੀ ਹੁਲਾਰਾ ਮਿਲਿਆ। ਉਨ੍ਹਾਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਫੈਲਾਅ ਤੋਂ ਪਹਿਲਾਂ ਫਰਵਰੀ ਵਿੱਚ ਉਨ੍ਹਾਂ ਦੇ ਗਰੁੱਪ ਵਲੋਂ ਬਣਾਈਆਂ ਫੁਲਕਾਰੀਆਂ ਆਦਿ ਦੀ ਫਰੀਦਾਬਾਦ ਵਿੱਚ ਲੱਗੇ ਸਰਸ ਮੇਲੇ ਵਿੱਚ ਪ੍ਰਦਰਸ਼ਨੀ ਲਗਾਈ ਗਈ ਸੀ ਅਤੇ ਉਥੇ ਕਰੀਬ 3 ਲੱਖ ਰੁਪਏ ਦੀ ਵਿਕਰੀ ਦਰਜ ਕੀਤੀ ਗਈ ਸੀ, ਜਿਸ ਨਾਲ ਗਰੁੱਪ ਮੈਂਬਰਾਂ ਦੇ ਉਤਸ਼ਾਹ ਨੂੰ ਭਾਰੀ ਬਲ ਮਿਲਿਆ।
ਮੜੂਲੀ ਬ੍ਰਾਹਮਣਾਂ ਦਾ ਹੈਂਡੀਕਰਾਫ਼ਟ ਸੈਲਫ਼ ਹੈਲਪ ਗਰੁੱਪ ਆਚਾਰ ’ਤੇ ਚਟਨੀ ਦਾ ਕੰਮ ਸ਼ੁਰੂ ਕਰਨ ਲਈ ਤਿਆਰ
ਨੇੜਲੇ ਪਿੰਡ ਮੜੂਲੀ ਬ੍ਰਾਹਮਣਾ ਵਿੱਚ 13 ਔਰਤਾਂ ਵਾਲੇ ਸਵੈ-ਸਹਾਇਤਾ ਗਰੁੱਭ ਵਲੋਂ ਜਲਦ ਹੀ ਆਚਾਰ ਅਤੇ ਚਟਨੀ ਬਣਾਉਣ, ਪੈਕਿੰਗ ਅਤੇ ਮਾਰਕੀਟ ਵਿੱਚ ਵੇਚੇ ਜਾਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਬੀਰ ਕੌਰ ਪਤਨੀ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਕੋਵਿਡ ਦਾ ਕਹਿਰ ਘਟਣ ਦੇ ਨਾਲ ਹੀ ਉਨ੍ਹਾਂ ਦੇ ਮੈਂਬਰ ਸਰਕਾਰੀ ਟਰੇਨਰ ਵਲੋਂ ਇਹ ਖਾਦ-ਪਦਾਰਥ ਬਣਾਉਣ ਦੀ ਟੇ੍ਰਨਿੰਗ ਲੈਣਗੇ, ਜਿਸ ਉਪਰੰਤ ਉਹ ਪਿੰਡ ਵਿੱਚ ਇਕ ਥਾਂ ’ਤੇ ਚਾਰ ਤਰ੍ਹਾਂ ਦਾ ਆਚਾਰ ਅਤੇ ਚਟਨੀ ਬਣਾਉਣ ਦਾ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਤਿਆਰ ਕੀਤਾ ਆਚਾਰ ਅਤੇ ਚਟਨੀ ਵੱਖ-ਵੱਖ ਮੇਲਿਆਂ ਅਤੇ ਪ੍ਰਦਰਸ਼ਨੀਆਂ ਵਿੱਚ ਪੇਸ਼ ਕੀਤਾ ਜਾਵੇਗਾ, ਜਿਸ ਨਾਲ ਸਾਰੇ ਮੈਂਬਰਾਂ ਨੂੰ ਵਿੱਤੀ ਲਾਭ ਹੋਵੇਗਾ।
