*ਹੁਸ਼ਿਆਰਪੁਰ ਦੀ ਹੋਣਹਾਰ ਵਿਦਿਆਰਥਣ ਪ੍ਰਤਿਸ਼ਠਾ ਦੇਵੇਸ਼ਵਰ ਨੂੰ ਬੇਟੀ ਬਚਾਓ-ਬੇਟੀ ਪੜ੍ਹਾਓ ਲਈ ਜ਼ਿਲ੍ਹੇ ਦਾ ਬਰਾਂਡ ਅੰਬੈਸਡਰ ਐਲਾਨਿਆ
ਹੁਸ਼ਿਆਰਪੁਰ / 07 ਅਗਸਤ / ਨਿਊ ਸੁਪਰ ਭਾਰਤ ਨਿਊਜ
ਜ਼ਿਲ੍ਹਾ ਹੁਸ਼ਿਆਰਪੁਰ ਦੀਆਂ 37 ਵਿਦਿਆਰਥਣਾਂ ਵਲੋਂ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਸਿਖਰਲੀਆਂ ਪੁਜੀਸ਼ਨਾ ਹਾਸਲ ਕਰਨ ’ਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਇਨ੍ਹਾਂ ਵਿਦਿਆਰਥਣਾਂ ਨੂੰ 5 ਹਜ਼ਾਰ ਰੁਪਏ ਪ੍ਰਤੀ ਵਿਦਿਆਰਥਣ ਨਕਦ ਇਨਾਮ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਹੁਸ਼ਿਆਰਪੁਰ ਦੀ ਹੋਣਹਾਰ ਵਿਦਿਆਰਥਣ ਪ੍ਰਤਿਸ਼ਠਾ ਦੇਵੇਸ਼ਵਰ ਵਲੋਂ ਦਰਪੇਸ਼ ਚਣੌਤੀਆਂ ਦੇ ਬਾਵਜੂਦ ਆਪਣੀ ਮੇਹਨਤ, ਲਗਨ ਅਤੇ ਦ੍ਰਿੜ ਇਰਾਦੇ ਸਦਕਾ ਦੁਨੀਆ ਦੀ ਨਾਮੀ ‘ਆਕਸਫਾਰਡ ਯੂਨੀਵਰਸਿਟੀ ਲੰਡਨ’ ਵਿੱਚ ਦਾਖਲਾ ਪਾਉਣ ’ਤੇ ਉਸਨੂੰ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਲਈ ਜ਼ਿਲ੍ਹਾ ਹੁਸ਼ਿਆਰਪੁਰ ਦਾ ‘ਬਰਾਂਡ ਅੰਬੈਸਡਰ’ ਵੀ ਐਲਾਨਿਆ।
ਅੱਜ ਇਥੇ ਸਰਵਿਸਜ਼ ਕਲੱਬ ਵਿੱਚ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥਣਾਂ ਨੇ ਨਾ ਸਿਰਫ ਆਪਣੇ ਸਕੂਲਾਂ, ਮਾਪਿਆਂ ਅਤੇ ਹੁਸ਼ਿਆਰਪੁਰ ਦਾ ਨਾਂ ਚਮਕਾਇਆ ਹੈ ਸਗੋਂ ਇਹ ਬਾਕੀ ਵਿਦਿਆਰਥੀਆਂ ਲਈ ਵੀ ਰਾਹ ਦਸੇਰਾ ਬਣੇ ਹਨ ਤਾਂ ਜੋ ਉਹ ਵੀ ਚੰਗੀਆਂ ਪੁਜੀਸ਼ਨਾਂ ਹਾਸਲ ਕਰ ਸਕਣ। ਉਨ੍ਹਾਂ ਦੱਸਿਆ ਕਿ ਇਨ੍ਹਾਂ 37 ਵਿਦਿਆਰਥਣਾਂ ਵਿਚੋਂ 10 ਮੈਡੀਕਲ ਅਤੇ ਨਾਨ-ਮੈਡੀਕਲ ਨਾਲ ਸਬੰਧਤ ਹਨ ਜਦਕਿ 11 ਆਰਟਸ, ਦੋ ਕਾਮਰਸ ਅਤੇ ਚਾਰ ਵੋਕੇਸ਼ਨਲ ਗਰੁੱਪ ਗਰੁੱਪ ਵਿਚੋਂ ਹਨ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਾਮਨਾ ਕੀਤੀ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਚੰਗੀਆਂ ਪੁਜੀਸ਼ਨਾਂ ਹਾਸਲ ਕਰਦੀਆਂ ਰਹਿਣ। ਡਿਪਟੀ ਕਮਿਸ਼ਨਰ ਨੇ ਵਿਦਿਆਰਥਣਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਅਤੇ ਮੇਹਨਤ ਸਦਕਾ ਹੀ ਇਹ ਸਭ ਸੰਭਵ ਹੋ ਸਕਦਾ ਹੈ। ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੜਕੀਆਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਔਰਤਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬਧ ਹੈ।
ਇਸ ਮੌਕੇ ਜ਼ਿਲ੍ਹੇ ਦੀ ਪ੍ਰਤਿਭਾਵਾਨ ਵਿਦਿਆਰਥਣ ਪ੍ਰਤਿਸ਼ਠਾ ਦੇਵੇਸ਼ਵਰ ਨੂੰ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਲਈ ਜ਼ਿਲ੍ਹਾ ਹੁਸ਼ਿਆਰਪੁਰ ਦਾ ‘ਬਰਾਂਡ ਅੰਬੈਸਡਰ’ ਐਲਾਨਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਤਿਸ਼ਠਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦ੍ਰਿੜ ਇਰਾਦੇ ਨਾਲ ਹਰ ਮੰਜਲ ਸਹਿਜੇ ਹੀ ਸਰ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਤਿਸ਼ਠਾ ਵਲੋਂ ਇੰਗਲੈਂਡ ਦੀ ਆਕਸਫਾਰਡ ਯੂਨੀਵਰਸਿਟੀ ਵਿੱਚ ਮਾਸਟਰ ਡਿਗਰੀ ਲਈ ਜਾਣਾ ਕੋਈ ਛੋਟੀ ਪ੍ਰਾਪਤੀ ਨਹੀਂ ਹੈ ਜਿਸ ’ਤੇ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ। ਇਸ ਮੌਕੇ ਮੌਜੂਦ ਪ੍ਰਤਿਸ਼ਠਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਸਦੀ ਪ੍ਰਾਪਤੀ ਦਾ ਸਿਹਰਾ ਸਖ਼ਤ ਮਿਹਨਤ, ਲਗਨ ਅਤੇ ਦ੍ਰਿੜ ਸੰਕਲਪ ਨੂੰ ਜਾਂਦਾ ਹੈ ਜਿਸ ਸਦਕਾ ਉਹ ਆਕਸਫਾਰਡ ਯੂਨੀਵਰਸਿਟੀ ਵਿੱਚ ਪਬਲਿਕ ਪਾਲਿਸੀ ਵਿੱਚ ਮਾਸਟਰ ਡਿਗਰੀ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਿਤ ਕੁਮਾਰ ਪੰਚਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਹਰਬੀਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ ਆਦਿ ਹਾਜ਼ਰ ਸਨ।