ਜ਼ਿਲ੍ਹੇ ’ਚ ਸਖ਼ਤੀ ਨਾਲ ਲਾਗੂ ਕੀਤੇ ਜਾਣਗੇ ਟਰੈਫਿਕ ਨਿਯਮ : ਡਿਪਟੀ ਕਮਿਸ਼ਨਰ

*ਸ਼ਰਾਬ ਪੀ ਕੇ ਵਾਹਨ ਚਲਾਉਣ ’ਤੇ ਨਕੇਲ ਕੱਸਣ ਲਈ ਟਰੈਫਿਕ ਪੁਲਿਸ ਨੂੰ ਦਿੱਤੀ ਹਦਾਇਤ **ਕਿਹਾ, ਜੁਲਾਈ ਮਹੀਨੇ ’ਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੀਤੇ 2151 ਚਲਾਨ ***ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਕੀਤੀ ਮੀਟਿੰਗ
ਹੁਸ਼ਿਆਰਪੁਰ / 07 ਅਗਸਤ / ਨਿਊ ਸੁਪਰ ਭਾਰਤ ਨਿਊਜ
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਖ਼ਤੀ ਨਾਲ ਟਰੈਫਿਕ ਨਿਯਮ ਲਾਗੂ ਕੀਤੇ ਜਾਣ ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਹ ਅੱਜ ਜ਼ਿਲ੍ਹਾ ਸੜਕ ਸੁਰਖਿਆ ਕਮੇਟੀ ਦੀ ਮੀਟਿੰਗ ਦੌਰਾਨ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਮਿਤ ਕੁਮਾਰ ਪੰਚਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਹਰਬੀਰ ਸਿੰਘ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਅਤੇ ਜ਼ਿਲ੍ਹਾ ਟਰੈਫਿਕ ਇੰਚਾਰਜ ਨੂੰ ਹਦਾਇਤ ਕੀਤੀ ਕਿ ਟਰੈਫਿਕ ਨਿਯਮ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ। ਇਸ ਤੋਂ ਇਲਾਵਾ ਸ਼ਰਾਬ ਪੀ ਕੇ ਗੱਡੀ ਚਲਾਉਣ, ਓਵਰ ਲੋਡਿਡ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ’ਤੇ ਟਰੈਫਿਕ ਨਿਯਮਾਂ ਮੁਤਾਬਕ ਚਲਾਨ ਸਹਿਤ ਕਾਰਵਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਸੜਕ ਹਾਦਸੇ ਹੁੰਦੇ ਹਨ, ਇਸ ਲਈ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੁਲਾਈ ਮਹੀਨੇ ਵਿੱਚ ਜ਼ਿਲ੍ਹੇ ਵਿੱਚ ਕੁੱਲ 2151 ਚਲਾਨ ਕੀਤੇ ਗਏ ਹਨ। ਜਿਸ ਵਿੱਚ ਕਾਲੀ ਫਿਲਮ ਦੇ 4, ਬਿਨ੍ਹਾਂ ਹੈਲਮੇਟ ਦੇ 329, ਬਿਨ੍ਹਾਂ ਸੇਫਟੀ ਬੈਲਟ ਦੇ 122, ਬਿਨ੍ਹਾਂ ਡਰਾਈਵਿੰਗ ਲਾਈਸੈਂਸ ਦੇ 369, ਡਰਾਈਵਿੰਗ ਸਮੇਂ ਮੋਬਾਇਲ ਦਾ ਪ੍ਰਯੋਗ ਕਰਨ ਵਾਲਿਆਂ ਦੇ 21, ਬਿਨ੍ਹਾਂ ਨੰਬਰ ਪਲੇਟ ਵਾਹਨ ਚਲਾਉਣ ਵਾਲਿਆਂ ਦੇ 355, ਬਿਨ੍ਹਾਂ ਕਾਗਜਤ ਦੇ ਵਾਹਨ ਚਲਾਉਣ ਵਾਲਿਆਂ ਦੇ 42, ਪ੍ਰੈਸ਼ਰ ਹਾਰਨ ਦੇ 28, ਭਾਰ ਢੋਣ ਵਾਲੇ ਵਾਹਨਾਂ ਦਾ ਸਵਾਰੀ ਵਾਹਨ ਦੇ ਤੌਰ ’ਤੇ ਪ੍ਰਯੋਗ ਕਰਨ ਵਾਲਿਆਂ ਦੇ 2, ਵੱਧ ਆਵਾਜ ਵਾਲੇ ਸਲੰਸਰਾਂ ਦੇ 44, ਟਰੈਕਟਰ ਟਰਾਲੀ ਦੇ ਕਮਰਸ਼ਿਅਲ ਪ੍ਰਯੋਗ ਦੇ 3, ਓਵਰ ਲੋਡਿਡ ਦੇ 30, ਬੁਰਾ ਵਿਵਹਾਰ ਕਰਨ ਦੇ 28, ਲਾਲ ਬੱਤੀ ਦੀ ਉਲੰਘਣਾ ਕਰਨ ਦੇ 130, ਗਲਤ ਪਾਰਕਿੰਗ ਦੇ 16, ਬਿਨ੍ਹਾਂ ਇੰਸ਼ੋਰੈਂਸ ਦੇ 304, ਬਿਨ੍ਹਾਂ ਪ੍ਰਦੂਸ਼ਣ ਦੇ 89, ਬਿਨ੍ਹਾਂ ਆਰ.ਸੀ. ਦੇ 52, ਦੋਪਹੀਆ ਵਾਹਨ ’ਤੇ ਤਿੰਨ ਸਵਾਰੀਆਂ ਬਠਾਉਣ ਦੇ 144, ਹਾਈਬੀਮ ਲਾਈਟ ਦਾ ਪ੍ਰਯੋਗ ਕਰਨ ’ਤੇ 2 ਅਤੇ ਹੋਰ 37 ਚਲਾਨ ਕੱਟੇ ਗਏ ਹਨ।
ਇਸ ਮੌਕੇ ਸੜਕ ਸੁਰੱਖਿਆ ਕਮੇਟੀ ਦੇ ਮੈਂਬਰਾਂ ਤੋਂ ਸੁਝਾਅ ਵੀ ਲਏ ਗਏ ਅਤੇ ਨਗਰ ਨਿਗਮ ਵਲੋਂ ਆਉਣ ਵਾਲੇ ਦਿਨਾਂ ਵਿੱਚ ਕੀਤੇ ਜਾ ਰਹੇ ਯਤਨਾਂ ਬਾਰੇ ਵਿੱਚ ਅਹਿਮ ਵਿਚਾਰ ਵਟਾਂਦਰਾ ਵੀ ਹੋਇਆ। ਇਸ ਮੌਕੇ ’ਤੇ ਐਸ.ਡੀ.ਐਮ ਹੁਸ਼ਿਆਰਪੁਰ ਸ਼੍ਰੀ ਅਮਿਤ ਮਹਾਜਨ, ਕਮਿਸ਼ਨਰ ਨਗਰ ਨਿਗਮ ਸ਼੍ਰੀ ਬਲਬੀਰ ਰਾਜ ਸਿੰਘ, ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਸ਼੍ਰੀ ਕਰਨ ਸਿੰਘ, ਡੀ.ਐਸ.ਪੀ. ਟਰੈਫਿਕ ਸ਼੍ਰੀ ਗੋਪਾਲ ਸਿੰਘ ਤੋਂ ਇਲਾਵਾ ਵੱਖ-ਵੱਖ-ਵਿਭਾਗਾਂ ਦੇ ਅਧਿਕਾਰੀ ਅਤੇ ਐਨ.ਜੀ.ਓ ਦੇ ਪ੍ਰਤੀਨਿਧ ਹਾਜ਼ਰ ਸਨ।