*ਅਮਨ-ਕਾਨੂੰਨ ਵਿਵਸਥਾ ਹਰ ਹੀਲੇ ਰੱਖੀ ਜਾਵੇਗੀ ਬਰਕਰਾਰ **ਐਸ.ਐਸ.ਪੀ. ਹੁਸ਼ਿਆਰਪੁਰ ਵਜੋਂ ਸੰਭਾਲਿਆ ਅਹੁਦਾ **ਪਾਰਦਰਸ਼ੀ ਪੁਲਿਸ ਪ੍ਰਸ਼ਾਸ਼ਨ, ਲੋਕ ਸ਼ਿਾਕਇਤਾਂ ਦਾ ਤੁਰੰਤ ਨਿਪਟਾਰਾ ਹੋਵੇਗੀ ਤਰਜੀਹ **ਜੁਰਮਾਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਤੋਂ ਪੂਰਨ ਸਹਿਯੋਗ ਦੀ ਅਪੀਲ
ਹੁਸ਼ਿਆਰਪੁਰ / 1 ਅਗਸਤ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਪੁਲਿਸ ਸਰਵਿਸ ਅਧਿਕਾਰੀ ਨਵਜੋਤ ਸਿੰਘ ਮਾਹਲ ਨੇ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਹੁਸ਼ਿਆਰਪੁਰ ਵਜੋਂ ਅੱਜ ਇਥੇ ਅਹੁਦਾ ਸੰਭਾਲਦਿਆਂ ਕਿਹਾ ਕਿ ਨਸ਼ਿਆਂ ਅਤੇ ਰੇਤ ਮਾਫੀਏ ਨੂੰ ਪੂਰੀ ਸਖਤੀ ਨਾਲ ਠੱਲਿ੍ਹਆ ਜਾਵੇਗਾ ਅਤੇ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਵਿਵਸਥਾ ਨੂੰ ਹੋਰ ਵੀ ਅਸਰਦਾਰ ਢੰਗ ਨਾਲ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸਮਾਜ ਵਿਰੋਧੀ ਸਰਗਰਮੀਆਂ ਅਤੇ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਪਨਪਣ ਨਹੀਂ ਦਿੱਤਾ ਜਾਵੇਗਾ।
ਐਸ.ਐਸ.ਪੀ. ਵਜੋਂ ਤੀਜੀ ਥਾਂ ਸੇਵਾਵਾਂ ਦੇਣ ਵਾਲੇ ਨਵਜੋਤ ਸਿੰਘ ਮਾਹਲ ਇਸ ਤੋਂ ਪਹਿਲਾਂ ਐਸ.ਐਸ.ਪੀ. ਜਲੰਧਰ ਦਿਹਾਤੀ ਸਨ ਅਤੇ ਉਸ ਤੋਂ ਪਹਿਲਾਂ ਐਸ.ਐਸ.ਪੀ. ਖੰਨਾ ਰਹਿ ਚੁੱਕੇ ਹਨ। ਅਹੁਦਾ ਸੰਭਾਲਣ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਨੇ ਲੋਕਾਂ ਤੋਂ ਮੁਕੰਮਲ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਜ਼ੁਰਮ ਅਤੇ ਗੈਰ ਸਮਾਜੀ ਅਨਸਰਾਂ ਨੂੰ ਬਾਖੂਬੀ ਨਜਿੱਠਿਆ ਜਾ ਸਕਦਾ ਹੈ। ਉਨ੍ਹਾ ਕਿਹਾ ਕਿ ਲੋਕਾਂ ਦੇ ਸਹਿਯੋਗ ਅਤੇ ਤਾਲਮੇਲ ਰਾਹੀਂ ਪੁਲਿਸ ਅਤੇ ਪਬਲਿਕ ਦੇ ਆਪਸੀ ਸਬੰਧ ਹੋਰ ਮਜ਼ਬੂਤ ਹੋਣਗੇ, ਜਿਸ ਨਾਲ ਗੈਰ-ਕਾਨੂੰਨੀ ਸਰਗਰਮੀਆਂ ਹੋਰ ਵੀ ਅਸਰਦਾਸ ਢੰਗ ਨਾਲ ਠੱਲ੍ਹੀਆਂ ਜਾ ਸਕਣਗੀਆਂ।
ਆਪਣੀਆਂ ਤਰਜੀਹਾਂ ਬਾਰੇ ਗੱਲ ਕਰਦਿਆਂ ਮਾਹਲ ਨੇ ਦੱਸਿਆ ਕਿ ਲੋਕ ਸ਼ਿਕਾਇਤਾਂ ਅਤੇ ਸਮੱਸਿਆਵਾਂ ਦਾ ਤੁਰੰਤ ਹੱਲ ਯਕੀਨੀ ਬਣਾਉਣ ਅਤੇ ਪੀੜਤ ਧਿਰਾਂ ਨੂੰ ਬਿਨਾਂ ਕਿਸੇ ਦੇਰੀ ਨਿਆਂ ਦਿਵਾਉਣਾ ਵੀ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਪੁਲਿਸ ਪਬਲਿਕ ਸਬੰਧਾਂ ਦੀ ਮਜ਼ਬੂਤੀ ਦੇ ਨਾਲ-ਨਾਲ, ਕੋਵਿਡ-19 ਮਹਾਂਮਾਰੀ ਵਿੱਚ ਹਰ ਫਰੰਟ ’ਤੇ ਜੀਅ-ਜਾਨ ਨਾਲ ਡਿਊਟੀ ਕਰਦੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੀ ਭਲਾਈ ਵੱਲ ਵੀ ਵਿਸ਼ੇਸ਼ ਤਵੱਜੋਂ ਦੇਣੀ ਤਰਜੀਹੀ ਕਾਰਜ ਹੋਵੇਗਾ ਤਾਂ ਜੋ ਉਨ੍ਹਾਂ ਦਾ ਮਨੋਬਲ ਹੋਰ ਮਜਬੂਤ ਹੋ ਸਕੇ। ਮਾਹਲ ਨੇ ਕਿਹਾ ਕਿ ਪੁਲਿਸ ਥਾਣਿਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਉਨ੍ਹਾਂ ਵਲੋਂ ਖੁਦ ਕੀਤੀ ਜਾਵੇਗੀ ਤਾਂ ਜੋ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਤੇਜੀ ਅਤੇ ਸੁਚੱਜੇ ਢੰਗ ਨਾਲ ਅਮਲ ਵਿੱਚ ਲਿਆਂਦਾ ਜਾਵੇ। ਕੋਰੋਨਾ ਮਹਾਂਮਾਰੀ ਦੌਰਾਨ ਸ਼ਿਕਾਇਤਾਂ ਦੇਣ ਵਿੱਚ ਲੋਕਾਂ ਦੀਆਂ ਦਿੱਕਤਾਂ ਦੇ ਮੱਦੇਨਜ਼ਰ, ਐਸ.ਐਸ.ਪੀ. ਨੇ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਪੁਲਿਸ ਵਲੋਂ ਕੋਵਿਡ ਦੀਆਂ ਬੰਦਿਸ਼ਾਂ ਦੌਰਾਨ ਤਕਨਾਲੋਜੀ ਦਾ ਵੀ ਲਾਹਾ ਲਿਆ ਜਾਵੇਗਾ, ਤਾਂ ਜੋ ਲੋਕਾਂ ਨੂੰ ਸ਼ਿਕਾਇਤਾਂ ਦੇਣ ਵਿੱਚ ਹੋਰ ਸੌਖ ਹੋ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਸਮੇਂ ਸਿਰ ਯਕੀਨੀ ਬਣਾਇਆ ਜਾਵੇਗਾ।
ਅਮਨ-ਕਾਨੂੰਨ ਵਿਵਸਥਾ ਸਬੰਧੀ ਐਸ.ਐਸ.ਪੀ. ਨੇ ਕਿਹਾ ਕਿ ਜੁਰਮਾਂ ਦੀ ਰੋਕਥਾਮ ਦੇ ਨਾਲ-ਨਾਲ ਅਮਨ-ਕਾਨੂੰਨ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪੁਲਿਸ ਦੀ ਗਸ਼ਤ ਨੂੰ ਹੋਰ ਵਧਾਇਆ ਜਾਵੇਗਾ ਅਤੇ ਪੇਂਡੂ ਤੇ ਕੰਢੀ ਖੇਤਰਾਂ ਵਿੱਚ ਪੁਲਿਸ ਹੋਰ ਵੀ ਮੁਸਤੈਦੀ ਨਾਲ ਜ਼ੁਰਮਾਂ ਨੂੰ ਰੋਕੇਗੀ। ਸਮਾਜ ਵਿਰੋਧੀ ਅਨਸਰਾਂ ਨੂੰ ਤਾੜਦਿਆਂ, ਮਾਹਲ ਨੇ ਕਿਹਾ ਕਿ ਗੈਰ-ਕਾਨੂੰਨੀ ਸਰਗਰਮੀਆਂ ਨੂੰ ਸਖਤੀ ਨਾਲ ਰੋਕਣ ਦੇ ਨਾਲ-ਨਾਲ ਅਜਿਹੇ ਅਨਸਰਾਂ ਵਿਰੁੱਧ ਹਰ ਸੰਭਵ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਪੁਲਿਸ ਮੈਡਲ ਪ੍ਰਾਪਤ ਸ੍ਰੀ ਨਵਜੋਤ ਸਿੰਘ ਮਾਹਲ ਆਪਣੀਆਂ ਸ਼ਾਨਦਾਰ ਅਤੇ ਮਿਸਾਲੀਆ ਸੇਵਾਵਾਂ ਲਈ ਮੁੱਖ ਮੰਤਰੀ ਮੈਡਲ, ਡੀ.ਜੀ.ਪੀ. ਕਮੈਂਡੇਸ਼ਨ ਡਿਸਕਾਂ ਨਾਲ ਵੀ ਸਨਮਾਨੇ ਜਾ ਚੁੱਕੇ ਹਨ।
ਐਸ.ਐਸ.ਪੀ. ਦਫ਼ਤਰ ਵਿਖੇ ਪਹੁੰਚਣ ’ਤੇ ਸ੍ਰੀ ਮਾਹਲ ਦਾ ਐਸ.ਪੀ. (ਹੈਡਕੁਆਟਰ) ਸ੍ਰੀ ਪਰਮਿੰਦਰ ਸਿੰਘ ਹੀਰ ਅਤੇ ਹੋਰ ਪੁਲਿਸ ਅਧਿਕਾਰੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।