ਹੁਸ਼ਿਆਰਪੁਰ :ਕੋਰੋਨਾ ਖਿਲਾਫ ਜੰਗ ‘ਚ ਰੈਜ਼ੀਡੈਂਟ ਵੈਲਫੇਅਰ ਕਮੇਟੀਆਂ ਅਤੇ ਸ਼ਹਿਰ ਵਾਸੀ ਮੈਦਾਨ ‘ਚ ਨਿੱਤਰੇ **ਸਮਾਜ ਸੇਵੀ ਸੰਸਥਾਵਾਂ ਅਤੇ ਵਿਭਾਗਾਂ ਨੇ ‘ਮਿਸ਼ਨ ਫਤਿਹ’ ਤਹਿਤ ਪੈਦਾ ਕੀਤੀ ਲੋਕ ਲਹਿਰ : ਡਿਪਟੀ ਕਮਿਸ਼ਨਰ
*ਕਿਹਾ, ‘ਮਿਸ਼ਨ ਫਤਿਹ ਯੋਧਾ’ ਬਣਨ ਲਈ ਡਾਊਨਲੋਡ ਕਰੋ ਕੋਵਾ ਐਪ
ਹੁਸ਼ਿਆਰਪੁਰ / 21 ਜੂਨ / ਨਿਊ ਸੁਪਰ ਭਾਰਤ ਨਿਊਜ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸ਼ੀ ਸੋਚ ਸਦਕਾ ਪੰਜਾਬ ਸਰਕਾਰ ਵਲੋਂ ਕੋਰੋਨਾ ਖਿਲਾਫ ਜੰਗ ਜਿੱਤਣ ਲਈ ਸ਼ੁਰੂ ਕੀਤੇ ਗਏ ‘ਮਿਸ਼ਨ ਫਤਿਹ’ ਤਹਿਤ ਅੱਜ ਰੈਜ਼ੀਡੈਂਟ ਵੈਲਫੇਅਰ ਕਮੇਟੀਆਂ ਅਤੇ ਸ਼ਹਿਰ ਵਾਸੀਆਂ ਨੇ ਜਾਗਰੂਕਤਾ ਦੀ ਕਮਾਨ ਸੰਭਾਲਦਿਆਂ ਸਮਾਜਿਕ ਦੂਰੀ ਬਰਕਰਾਰ ਰੱਖਣ ਤੋਂ ਇਲਾਵਾ ਮਾਸਕ ਅਤੇ ਵਾਰ-ਵਾਰ ਹੱਥ ਧੋਣ ਵਰਗੀਆਂ ਸਾਵਧਾਨੀਆਂ ਵਰਤਣ ਲਈ ਜ਼ਿਲਾ ਵਾਸੀਆਂ ਨੂੰ ਜਾਗਰੂਕ ਕੀਤਾ। ਇਸ ਤੋਂ ਇਲਾਵਾ ਮੁਫ਼ਤ ਮਾਸਕ ਅਤੇ ਜਾਗਰੂਕਤਾ ਪੈਂਫਲੈਟ ਵੀ ਵੰਡੇ ਗਏ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਉਕਤ ਕਮੇਟੀਆਂ ਤੋਂ ਇਲਾਵਾ ਗੈਰ-ਸਰਕਾਰੀ ਸਮਾਜ ਸੇਵੀ ਸੰਸਥਾਵਾਂ ਅਤੇ ਵੱਖ-ਵੱਖ ਵਿਭਾਗਾਂ ਵਲੋਂ ‘ਮਿਸ਼ਨ ਫਤਿਹ’ ਤਹਿਤ ਜਾਗਰੂਕਤਾ ਫੈਲਾ ਕੇ ਇਕ ਲੋਕ ਲਹਿਰ ਪੈਦਾ ਕਰ ਦਿੱਤੀ ਹੈ। ਉਨਾਂ ਕਿਹਾ ਕਿ ਕੋਰੋਨਾ ‘ਤੇ ਫਤਿਹ ਅਮਲ ਨਾਲ ਹੀ ਪਾਈ ਜਾ ਸਕਦੀ ਹੈ, ਇਸ ਲਈ ‘ਮਿਸ਼ਨ ਫਤਿਹ’ ਤਹਿਤ ਸਮਾਜਿਕ ਦੂਰੀ, ਮਾਸਕ, ਹੱਥ ਧੋਣ ਵਰਗੀਆਂ ਸਾਵਧਾਨੀਆਂ ਵਰਤਣੀਆਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਰਾਜ ਨੂੰ ਕੋਵਿਡ-19 ਤੋਂ ਮੁਕਤ ਕਰਨ ਲਈ ਚਲਾਈ ਗਈ ਜਨ-ਜਾਗਰੂਕਤਾ ਮੁਹਿੰਮ ‘ਮਿਸ਼ਨ ਫ਼ਤਿਹ’ ਤਹਿਤ ਜ਼ਿਲੇ ਵਿੱਚ ਜ਼ਮੀਨੀ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਜਿਸ ਤਹਿਤ ਹੀ ਅੱਜ ਕਮਿਸ਼ਨਰ ਨਗਰ ਨਿਗਮ ਸ਼੍ਰੀ ਬਲਬੀਰ ਰਾਜ ਸਿੰਘ ਦੀ ਅਗਵਾਈ ਵਿੱਚ ਰੈਜ਼ੀਡੈਂਟ ਵੈਲਫੇਅਰ ਕਮੇਟੀਆਂ ਅਤੇ ਸ਼ਹਿਰ ਵਾਸੀਆਂ ਵਲੋਂ ਬੈਜ਼ ਲਗਾ ਕੇ ਕੋਰੋਨਾ ਯੋਧਿਆਂ ਦੀ ਭੂਮਿਕਾ ਨਿਭਾਈ ਗਈ।
ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਜਿਥੇ ਬੀਤੇ ਦਿਨੀਂ ਜ਼ਿਲਾ ਪੁਲਿਸ ਅਤੇ ਵੱਖ-ਵੱਖ ਗੈਰ-ਸਰਕਾਰੀ ਸਮਾਜ ਸੇਵੀ ਸੰਸਥਾਵਾਂ ਵਲੋਂ ਸ਼ਲਾਘਯੋਗ ਇਕ ਵੱਡੀ ਜਾਗੂਰਕਤਾ ਮੁਹਿੰਮ ਵਿੱਢੀ ਗਈ ਸੀ, ਉਥੇ ਪ੍ਰਚਾਰ ਵਾਹਨਾਂ, ਪਿੰਡਾਂ ਦੀਆਂ ਪੰਚਾਇਤਾਂ, ਆਂਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਵਲੋਂ ਵੀ ਕੋਰੋਨਾ ਯੋਧਿਆਂ ਦੀ ਭੂਮਿਕਾ ਨਿਭਾਉਂਦਿਆਂ ‘ਮਿਸ਼ਨ ਫਤਿਹ’ ਦਾ ਸੁਨੇਹਾ ਘਰ-ਘਰ ਪਹੁੰਚਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਵਾ ਐਪ ‘ਤੇ ‘ਮਿਸ਼ਨ ਫਤਿਹ ਯੋਧਿਆਂ’ ਦੀ ਅੰਕਾਂ ਦੇ ਆਧਾਰ ‘ਤੇ ਚੋਣ ਕੀਤੀ ਜਾਣੀ ਹੈ, ਇਸ ਲਈ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਕੋਵਾ ਐਪ ਡਾਊਨਲੋਡ ਕੀਤਾ ਜਾਵੇ। ਉਨਾਂ ਕਿਹਾ ਕਿ ਚੁਣੇ ਗਏ ‘ਮਿਸ਼ਨ ਫਤਿਹ ਯੋਧਿਆਂ’ ਨੂੰ ਸਪੈਸ਼ਲ ਟੀ-ਸ਼ਰਟ, ਬੈਜ਼ ਸਮੇਤ ਮੁੱਖ ਮੰਤਰੀ ਪੰਜਾਬ ਜੀ ਦੇ ਦਸਤਖ਼ਤਾਂ ਵਾਲੇ ਸਰਟੀਫਿਕੇਟ ਸੌਂਪੇ ਜਾਣਗੇ।
ਕਮਿਸ਼ਨਰ ਨਗਰ ਨਿਗਮ ਸ਼੍ਰੀ ਬਲਬੀਰ ਰਾਜ ਸਿੰਘ ਨੇ ਕਿਹਾ ਕਿ ਜ਼ਿਲਾ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਜਿੱਥੇ ਨਗਰ ਨਿਗਮ ਵਲੋਂ ਸਫਾਈ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ, ਉਥੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਰੈਜ਼ੀਡੈਂਟ ਵੈਲਫੇਅਰ ਕਮੇਟੀਆਂ ਵਲੋਂ ‘ਮਿਸ਼ਨ ਫਤਿਹ’ ਤਹਿਤ ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ। ਉਨਾਂ ਕਿਹਾ ਕਿ ਅੱਜ ਮੁਫਤ ਮਾਸਕ ਵੰਡਣ ਤੋਂ ਇਲਾਵਾ ਜਾਗਰੂਕਤਾ ਪੈਂਫਲੈਟ ਵੀ ਵੰਡੇ ਗਏ ਹਨ।
ਉਨਾਂ ਕਿਹਾ ਕਿ ਇਨਾਂ ਕਮੇਟੀਆਂ ਵਲੋਂ 22 ਜੂਨ ਨੂੰ ਵੀ ‘ਮਿਸ਼ਨ ਫਤਿਹ’ ਤਹਿਤ ਕੋਰੋਨਾ ਤੋਂ ਸੁਰੱਖਿਅਤ ਰਹਿਣ ਲਈ ਸਾਵਧਾਨੀਆਂ ਵਰਤਣ ਦਾ ਸੁਨੇਹਾ ਘਰ-ਘਰ ਪਹੁੰਚਾਇਆ ਜਾਵੇਗਾ। ਉਨਾਂ ਅਪੀਲ ਕਰਦਿਆਂ ਕਿਹਾ ਕਿ ਨਿਯਮਾਂ ਦੀ ਪਾਲਣਾ ਕਰਕੇ ਇਕ ਜਿੰਮੇਵਾਰ ਨਾਗਰਿਕ ਦੀ ਤਰਾਂ ਹੀ ਘਰੋਂ ਬਾਹਰ ਨਿਕਲਿਆ ਜਾਵੇ। ਉਨਾਂ ਕਿਹਾ ਕਿ ਘਰੋਂ ਬਾਹਰ ਜਾਣ ਸਮੇਂ ਮਾਸਕ ਪਹਿਨਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਸਮਾਜਿਕ ਦੂਰੀ ਅਤੇ ਸਮੇਂ-ਸਮੇਂ ‘ਤੇ ਹੱਥਾਂ ਨੂੰ ਧੋਣ ਵਰਗੀਆਂ ਸਾਵਧਾਨੀਆਂ ਵਰਤਣ ਨਾਲ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ‘ਮਿਸ਼ਨ ਫਤਿਹ’ ਤਹਿਤ ਸ਼ਹਿਰ ਵਾਸੀਆਂ ਦੀ ਇਕਜੁੱਟਤਾ ਕਾਰਨ ਪੈਦਾ ਹੋਈ ਲੋਕ ਲਹਿਰ ਸਦਕਾ ਜਲਦੀ ਕੋਰੋਨਾ ਖਿਲਾਫ਼ ਜੰਗ ਜਿੱਤ ਲਈ ਜਾਵੇਗੀ।