*ਸਿਹਤ ਮੰਤਰੀ ਨੇ ਦਸੂਹਾ ‘ਚ 335 ਲੱਖ ਰੁਪਏ ਦੀ ਲਾਗਤ ਨਾਲ ਜੱਚਾ-ਬੱਚਾ ਹਸਪਤਾਲ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ **ਕਿਹਾ, ਸੂਬੇ ‘ਚ ਜਲਦ ਹੀ ਡਾਕਟਰਾਂ ਤੇ ਮੈਡੀਕਲ ਸਟਾਫ਼ ਦੀ ਹੋਵੇਗੀ ਭਰਤੀ
ਹੁਸ਼ਿਆਰਪੁਰ / 20 ਜੂਨ / ਨਿਊ ਸੁਪਰ ਭਾਰਤ ਨਿਊਜ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸ਼ੀ ਸੋਚ ‘ਤੇ ਚੱਲਦਿਆਂ ਸ਼ੁਰੂ ਕੀਤੇ ਗਏ ‘ਮਿਸ਼ਨ ਫਤਿਹ’ ਅਭਿਆਨ ਤਹਿਤ ਕੋਰੋਨਾ ਵਾਇਰਸ ਦੇ ਖਾਤਮੇ ਲਈ ਰਾਜ ਪੱਧਰ ‘ਤੇ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਇਹ ਵਿਚਾਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਬਲਬੀਰ ਸਿੰਘ ਨੇ ਅੱਜ ਦਸੂਹਾ ਵਿੱਚ 335 ਲੱਖ ਰੁਪਏ ਦੀ ਲਾਗਤ ਨਾਲ ਜੱਚਾ-ਬੱਚਾ ਹਸਪਤਾਲ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਦੇ ਹੋਏ ਰੱਖੇ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਖਾਤਮੇ ਲਈ ਇਹ ਅਭਿਆਨ ਇਕ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਇਸ ਦੌਰਾਨ ਉਨਾਂ ਨਾਲ ਦਸੂਹਾ ਦੇ ਵਿਧਾਇਕ ਸ੍ਰੀ ਅਰੁਣ ਡੋਗਰਾ, ਮੁਕੇਰੀਆਂ ਦੇ ਵਿਧਾਇਕ ਸ੍ਰੀਮਤੀ ਇੰਦੂ ਬਾਲਾ, ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਅਤੇ ਐਸ.ਐਸ.ਪੀ. ਸ੍ਰ੍ਰੀ ਗੌਰਵ ਗਰਗ, ਐਸ.ਡੀ.ਐਮ. ਦਸੂਹਾ ਸ੍ਰੀਮਤੀ ਜੋਤੀ ਬਾਲਾ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਜੱਚਾ-ਬੱਚਾ ਹਸਪਤਾਲ ਸਬੰਧੀ ਇਲਾਕੇ ਦੀ ਕਾਫ਼ੀ ਸਮੇਂ ਤੋਂ ਮੰਗ ਸੀ, ਜਿਸ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਗਿਆ ਹੈ ਅਤੇ ਅੱਜ 20 ਬੈਡ ਦਾ ਹਸਪਤਾਲ ਜਨਤਾ ਨੂੰ ਸਮਰਪਿਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜੱਚਾ-ਬੱਚਾ ਨੂੰ ਵੱਖ ਰੱਖਣ ਲਈ ਇਹ ਸਪੈਸ਼ਲ ਹਸਪਤਾਲ ਬਣਾਇਆ ਗਿਆ ਹੈ, ਤਾਂ ਜੋ ਉਨਾਂ ਨੂੰ ਇਨਫੈਕਸ਼ਨ ਤੋਂ ਬਚਾਇਆ ਜਾ ਸਕੇ। ਉਨਾਂ ਕਿਹਾ ਕਿ ਕਰੀਬ 15 ਹਜ਼ਾਰ ਸੁਕੇਅਰ ਫੁੱਟ ਵਿੱਚ ਬਣੇ ਇਸ ਹਸਪਤਾਲ ਵਿੱਚ ਹਰ ਆਧੁਨਿਕ ਉਪਕਰਨ ਮਰੀਜ਼ਾਂ ਦੀ ਸੁਵਿਧਾ ਲਈ ਉਪਲਬੱਧ ਕਰਵਾਏ ਗਏ ਹਨ। ਇਸ ਤੋਂ ਇਲਾਵਾ ਇਥੇ ਜਲਦ ਹੀ ਸੀਵਰੇਜ਼ ਪਲਾਂਟ ਵੀ ਬਣਾਇਆ ਜਾ ਰਿਹਾ ਹੈ।
ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਨਾਂ ਕਿਹਾ ਕਿ ਜਲਦ ਹੀ ਰਾਜ ਵਿੱਚ ਡਾਕਟਰਾਂ ਤੇ ਹੋਰ ਮੈਡੀਕਲ ਸਟਾਫ਼ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਲਗਭਗ ਡੇਢ ਮਹੀਨੇ ਵਿੱਚ ਇਹ ਸਾਰੀ ਪ੍ਰਕ੍ਰਿਆ ਪੂਰੀ ਕਰ ਲਈ ਜਾਵੇਗੀ। ਉਨਾਂ ਕਿਹਾ ਕਿ ਅਗਲੀ ਕੈਬਨਿਟ ਮੀਟਿੰਗ ਵਿੱਚ ਇਸ ਸਬੰਧੀ ਪ੍ਰਸਤਾਵ ਵੀ ਰੱਖਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪਹਿਲੇ ਡਾਕਟਰਾਂ ਦੀ ਭਰਤੀ ਕਰਨ ਦਾ ਪ੍ਰੋਸੈਸ ਬਹੁਤ ਵੱਡਾ ਹੁੰਦਾ ਸੀ ਅਤੇ ਪੀ.ਪੀ.ਐਸ.ਸੀ. ਦੇ ਰਾਹੀਂ ਡਾਕਟਰਾਂ ਦੀ ਚੋਣ ਸਬੰਧੀ ਟੈਸਟ ਲਿਆ ਜਾਂਦਾ ਸੀ, ਪਰੰਤੂ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਹੁਣ ਪਿਛਲੇ ਪ੍ਰੋਸੈਸ ਤੋਂ ਨਿਕਲਦੇ ਹੋਏ ਸਿੱਧੇ ਤੌਰ ‘ਤੇ ਟੈਸਟ ਲੈ ਕੇ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ। ਉਨਾਂ ਇਸ ਦੌਰਾਨ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸਾਸ਼ਨ ਵਲੋਂ ਸਮੇਂ-ਸਮੇਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਸਮੇਂ-ਸਮੇਂ ਸਿਰ 20 ਸੈਕਿੰਡ ਤੱਕ ਹੱਥਾਂ ਨੂੰ ਸਾਬਣ ਨਾਲ ਸਾਫ਼ ਕਰਦੇ ਰਹੋ, ਤਾਂ ਹੀ ਕੋਰੋਨਾ ਵਰਗੀ ਮਹਾਂਮਾਰੀ ਦਾ ਜੜ• ਤੋਂ ਖਾਤਮਾ ਕਰ ਸਕਦੇ ਹਾਂ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਦਸੂਹਾ ਸ੍ਰੀ ਨਰਿੰਦਰ ਟੱਪੂ, ਸਿਵਲ ਸਰਜਨ ਡਾ. ਜਸਵੀਰ ਸਿੰਘ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਡੀ.ਐਚ.ਓ. ਡਾ. ਸੁਰਿੰਦਰ ਸਿੰਘ, ਜ਼ਿਲਾ ਪਰਿਵਾਰ ਤੇ ਭਲਾਈ ਅਫ਼ਸਰ ਡਾ. ਰਜਿੰਦਰ ਰਾਜ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਤਪਾਲ ਗੋਜਰਾ, ਐਸ.ਐਮ.ਓ. ਦਸੂਹਾ ਡਾ. ਦਵਿੰਦਰ ਪੁਰੀ, ਐਸ.ਐਮ.ਓ. ਮੰਡ ਪੰਡੇਰ ਡਾ. ਐਸ.ਪੀ. ਸਿੰਘ, ਸ੍ਰੀ ਪਰਮਿੰਦਰ ਬਿੱਟੂ, ਸ੍ਰੀ ਸੋਹਨ ਲਾਲ ਪਰਾਸ਼ਰ, ਸ੍ਰੀ ਭੂਲਾ ਰਾਣਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।