ਹੁਸ਼ਿਆਰਪੁਰ : 26 ਕਰੋੜ ਦੀ ਲਾਗਤ ਨਾਲ ਸ਼ਹਿਰ ਦੀਆਂ ਸੜਕਾਂ ਦੇ ਨਿਰਮਾਣ ਕਾਰਜ ਹੋਣਗੇ ਸ਼ੁਰੂ : ਅਰੋੜਾ
*ਕੈਬਨਿਟ ਮੰਤਰੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਨਿਰਧਾਰਤ ਸਮੇਂ ‘ਤੇ ਕੰਮ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼ **ਕਿਹਾ, ਬਰਸਾਤਾਂ ਦੌਰਾਨ ਪਾਣੀ ਖੜਣ ਦੀ ਸਮੱਸਿਆ ਦੇ ਹੱਲ ਲਈ 2 ਕਰੋੜ ਦੀ ਲਾਗਤ ਨਾਲ ਪਾਈ ਜਾਵੇਗੀ ਪਾਈਪਲਾਈਨ, ਭੰਗੀ ਚੋਅ ‘ਚ ਛੱਡਿਆ ਜਾਵੇਗਾ ਬਰਸਾਤੀ ਪਾਣੀ ***ਗਰਮੀਆਂ ‘ਚ ਸ਼ਹਿਰ ਵਾਸੀਆਂ ਦੀ ਸੁਵਿਧਾ ਨੂੰ ਦੇਖਦੇ ਹੋਏ ਇਕ ਹਫ਼ਤੇ ਅੰਦਰ ਲਗਾਏ ਜਾਣਗੇ 7 ਨਵੇਂ ਟਿਊਬਵੈਲ
ਹੁਸ਼ਿਆਰਪੁਰ / 20 ਜੂਨ / ਨਿਊ ਸੁਪਰ ਭਾਰਤ ਨਿਊਜ
ਸ਼ਹਿਰ ਦੀਆਂ ਸੜਕਾਂ ਦੇ ਨਿਰਮਾਣ ਲਈ 26 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਅਤੇ ਟੈਂਡਰ ਲਗਾ ਕੇ ਜਲਦ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਵਿਚਾਰ ਉਦਯੋਗ ਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਰੱਖੇ। ਉਨਾਂ ਕਿਹਾ ਕਿ ਸ਼ਹਿਰ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਹੋ ਰਹੀ ਹੈ, ਜਿਸ ਲਈ ਸਬੰਧਤ ਵਿਭਾਗਾਂ ਨਾਲ ਮੀਟਿੰਗ ਕਰਕੇ ਉਨਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ ਵਿੱਚ 7 ਨਵੇਂ ਟਿਊਬਵੈਲ ਵੀ ਲਗਾਏ ਜਾ ਰਹੇ ਹਨ ਅਤੇ ਮੁੱਖ ਸਥਾਨਾਂ ‘ਤੇ ਬਰਸਾਤੀ ਪਾਣੀ ਖੜਣ ਦੀ ਸਮੱਸਿਆ ਨੂੰ ਰੋਕਣ ਲਈ ਪਾਈਪਲਾਈਨ ਵੀ ਪਾਈ ਜਾ ਰਹੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰ ਦੀ ਕੋਈ ਵੀ ਸੜਕ ਅਧੂਰੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਸੜਕ ਨਿਰਮਾਣ ਦੌਰਾਨ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਨਿਰਮਾਣ ਕੰਮਾਂ ਦੌਰਾਨ ਗੁਣਵੱਤਾ ਦੇ ਨਾਲ-ਨਾਲ ਦੁਰਘਟਨਾਵਾਂ ਨੂੰ ਘੱਟ ਕਰਨ ਲਈ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਲਈ ਨਵੀਆਂ ਬਣਨ ਵਾਲੀਆਂ ਸੜਕਾਂ ਦੀ ਥਰਮੋਪਲਾਸਟਿਕ ਪੇਂਟ ਨਾਲ ਮਾਰਕਿੰਗ ਵੀ ਕੀਤੀ ਜਾਵੇਗੀ, ਤਾਂ ਜੋ ਰਾਤ ਸਮੇਂ ਲੋਕਾਂ ਨੂੰ ਸੜਕ ‘ਤੇ ਚੱਲਦੇ ਸਮੇਂ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਕਿਹਾ ਕਿ ਸੜਕਾਂ ਦੀ 3 ਸਾਲ ਦੀ ਸਬੰਧਤ ਠੇਕੇਦਾਰ ਤੋਂ ਗਰੰਟੀ ਵੀ ਲਈ ਜਾਵੇਗੀ, ਇਸ ਦੌਰਾਨ ਸੜਕ ਦੇ ਰੱਖ-ਰਖਾਵ ਦੀ ਜਿੰਮੇਵਾਰੀ ਸਬੰਧਤ ਠੇਕੇਦਾਰ ਦੀ ਹੀ ਹੋਵੇਗੀ।
ਸ੍ਰੀ ਸੁੰਦਰ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਗਰਮੀਆਂ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਕ ਹਫ਼ਤੇ ਅੰਦਰ 7 ਨਵੇਂ ਟਿਊਬਵੈਲ ਵੀ ਲਗਾਏ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ ਦੀ ਪਿਛਲੇ 70-75 ਸਾਲਾਂ ਤੋਂ ਪਾਣੀ ਦੇ ਖੜਣ ਦੀ ਸਮੱਸਿਆ ਦਾ ਵੀ ਹੱਲ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਲਈ 2 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਮੁੱਖ ਸਥਾਨਾਂ ‘ਤੇ ਪਾਈਪ ਵਿਛਾਈ ਜਾਵੇਗੀ, ਜਿਥੇ ਬਰਸਾਤ ਦਾ ਪਾਣੀ ਇਕੱਠਾ ਹੋ ਜਾਂਦਾ ਹੈ। ਉਨਾਂ ਕਿਹਾ ਕਿ ਇਨਾਂ ਪਾਈਪਾਂ ਰਾਹੀਂ ਉਕਤ ਸਥਾਨ ‘ਤੇ ਜਮਾਂ ਹੋਣ ਵਾਲਾ ਬਰਸਾਤੀ ਪਾਣੀ ਭੰਗੀ ਚੋਅ ਵਿੱਚ ਛੱਡਿਆ ਜਾਵੇਗਾ, ਜਿਸ ਨਾਲ ਬਰਸਾਤਾਂ ਦੌਰਾਨ ਲੋਕਾਂ ਨੂੰ ਇਕੱਤਰ ਹੁੰਦੇ ਪਾਣੀ ਵਰਗੀ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ। ਉਨਾਂ ਕਿਹਾ ਕਿ ਜੁਲਾਈ ਦੇ ਪਹਿਲੇ ਹਫ਼ਤੇ ਇਹ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨਾਂ ਸ਼ਹਿਰ ਦੇ ਦੁਕਾਨਦਾਰਾਂ ਤੋਂ ਸੜਕ ਨਿਰਮਾਣ ਤੇ ਪਾਈਪ ਪਾਉਣ ਦੇ ਕੰਮ ਵਿੱਚ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਉਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਕਤ ਸਾਰੇ ਕੰਮ ਸਮੇਂ ਸਿਰ ਸ਼ੁਰੂ ਕਰਕੇ ਖਤਮ ਕੀਤੇ ਜਾਣਗੇ। ਇਸ ਮੌਕੇ ਬੀ.ਸੀ. ਕਮਿਸ਼ਨ ਪੰਜਾਬ ਦੇ ਚੇਅਰਮੈਨ ਸ੍ਰੀ ਸਰਵਨ ਸਿੰਘ, ਪੰਜਾਬ ਸਟੇਟ ਇੰਡਸਟਰੀਅਲ ਕਾਰਪੋਰੇਸ਼ਨ ਦੇ ਡਾਇਰੈਕਟਰ-ਕਮ-ਵਾਈਸ ਚੇਅਰਮੈਨ ਸ੍ਰੀ ਬ੍ਰਹਮ ਸ਼ੰਕਰ ਜਿੰਪਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹ, ਕਮਿਸ਼ਨਰ ਨਗਰ ਨਿਗਮ ਸ੍ਰੀ ਬਲਬੀਰ ਰਾਜ ਸਿੰਘ, ਐਸ.ਈ. ਨਗਰ ਨਿਗਮ ਸ੍ਰੀ ਰਣਜੀਤ ਸਿੰਘ, ਸ੍ਰੀ ਰਜਨੀਸ਼ ਟੰਡਨ, ਸ੍ਰੀ ਸੁਰਿੰਦਰ ਸ਼ਿੰਦਾ, ਸ੍ਰੀ ਅਜੀਤ ਸਿੰਘ ਲੱਕੀ ਵੀ ਮੌਜੂਦ ਸਨ।