ਕੋਵਿਡ-19; ਮਗਨਰੇਗਾ ਰਾਹੀਂ ਮੁਹੱਈਆ ਕਰਵਾਇਆ ਜਾਵੇਗਾ ਰੋਜ਼ਗਾਰ : ਡਿਪਟੀ ਕਮਿਸ਼ਨਰ
*ਸਬੰਧਤ ਵਿਭਾਗਾਂ ਨੂੰ ਮਗਨਰੇਗਾ ਅਧੀਨ ਵਿੱਢੇ ਜਾਣ ਵਾਲੇ ਕੰਮਾਂ ਦੀ ਲਿਸਟ ਸੌਂਪਣ ਲਈ ਕਿਹਾ **’ਲੌਕਡਾਊਨ ਦੌਰਾਨ ਬੇਰੋਜ਼ਗਾਰ ਹੋਏ ਪ੍ਰਵਾਸੀ ਮਜ਼ਦੂਰਾਂ ਦੀ ਵੀ ਕੀਤੀ ਜਾਵੇ ਸ਼ਨਾਖਤ’
ਹੁਸ਼ਿਆਰਪੁਰ / 27 ਮਈ / ਨਿਊ ਸੁਪਰ ਭਾਰਤ ਨਿਊਜ
ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਕੋਵਿਡ-19 ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਲੌਕਡਾਊਨ ਦੌਰਾਨ ਸਰਕਾਰ ਵਲੋਂ ਮਗਨਰੇਗਾ ਤਹਿਤ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਉਹ ਅੱਜ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰ ਰਹੇ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਵੀ ਮੌਜੂਦ ਸਨ।
ਸ੍ਰੀਮਤੀ ਅਪਨੀਤ ਰਿਆਤ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਮਗਨਰੇਗਾ ਅਧੀਨ ਵਿੱਢੇ ਜਾਣ ਵਾਲੇ ਕੰਮਾਂ ਦੀ ਲਿਸਟ ਤਿਆਰ ਕਰਕੇ ਤੁਰੰਤ ਸੌਂਪੀ ਜਾਵੇ, ਤਾਂ ਜੋ ਇਨਾਂ ਕੰਮਾਂ ਨੂੰ ਸ਼ੁਰੂ ਕਰਵਾ ਕੇ ਲੋੜਵੰਦਾਂ ਨੂੰ ਰੋਜ਼ਗਾਰ ਦਿੱਤਾ ਜਾ ਸਕੇ। ਉਨਾਂ ਕਿਹਾ ਕਿ ਹਰ ਮਹੀਨੇ ਦੇ 15 ਦਿਨ ਬਾਅਦ ਵਿੱਢੇ ਜਾਣ ਵਾਲੇ ਕੰਮਾਂ ਦਾ ਜਾਇਜ਼ਾ ਵੀ ਲਿਆ ਜਾਵੇਗਾ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਇਸ ਸਬੰਧੀ ਨਿੱਜੀ ਤੌਰ ‘ਤੇ ਨਿਗਰਾਨੀ ਰੱਖ ਰਹੇ ਹਨ, ਇਸ ਲਈ ਮਗਨਰੇਗਾ ਅਧੀਨ ਗੰਭੀਰਤਾ ਨਾਲ ਜਲਦੀ ਕੰਮ ਸ਼ੁਰੂ ਕਰਵਾਏ ਜਾਣ।
ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਕਿਹਾ ਕਿ ਲੌਕਡਾਊਨ ਦੌਰਾਨ ਬੇਰੋਜ਼ਗਾਰ ਹੋਏ ਪ੍ਰਵਾਸੀ ਮਜ਼ਦੂਰਾਂ ਦੀ ਵੀ ਸ਼ਨਾਖਤ ਕਰਨੀ ਯਕੀਨੀ ਬਣਾਈ ਜਾਵੇ, ਤਾਂ ਜੋ ਇਨਾਂ ਨੂੰ ਵੀ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਉਨਾਂ ਪਸ਼ੂ ਪਾਲਣ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਹਰ ਪਿੰਡ ਵਿੱਚ ਮਗਨਰੇਗਾ ਅਧੀਨ 5 ਕੈਟਲ ਸ਼ੈਡ ਬਣਾਏ ਜਾ ਸਕਦੇ ਹਨ, ਇਸ ਲਈ ਪਿੰਡਾਂ ਦੀ ਸ਼ਨਾਖਤ ਕਰਕੇ ਲਿਸਟ ਸੌਂਪੀ ਜਾਵੇ। ਉਨਾਂ ਕਿਹਾ ਕਿ ਸਰਕਾਰ ਵਲੋਂ 60 ਹਜ਼ਾਰ ਤੋਂ 90 ਹਜ਼ਾਰ ਤੱਕ ਦੀ ਲਾਗਤ ਨਾਲ ਇਹ ਕੈਟਲ ਸ਼ੈਡ ਬਣਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਜ਼ਿਲਾ ਸਿੱਖਿਆ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਕਿ ਸਕੂਲਾਂ ਵਿੱਚ ਕਿਚਨ ਸ਼ੈਡ ਅਤੇ ਟੁਆਇਲਟਸ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ, ਤਾਂ ਜੋ ਜਿਹੜੇ ਸਕੂਲਾਂ ਵਿੱਚ ਇਨਾਂ ਦੀ ਲੋੜ ਹੈ, ਉਥੇ ਨਿਰਮਾਣ ਕਰਵਾਇਆ ਜਾ ਸਕੇ। ਉਨਾਂ ਜਿਥੇ ਜ਼ਿਲਾ ਪ੍ਰੋਗਰਾਮ ਅਫ਼ਸਰ ਨੂੰ ਸਰਕਾਰੀ ਜਗਾ ‘ਤੇ ਚੱਲ ਰਹੇ ਆਂਗਣਵਾੜੀ ਸੈਂਟਰਾਂ ਅਤੇ ਟੁਆਇਲਟਸ ਬਣਾਉਣ ਬਾਰੇ ਜਾਣੂ ਕਰਵਾਉਣ ਲਈ ਕਿਹਾ, ਉਥੇ ਖੇਤੀਬਾੜੀ ਵਿਭਾਗ, ਜੰਗਲਾਤ ਵਿਭਾਗ ਅਤੇ ਬਾਗਬਾਨੀ ਵਿਭਾਗ ਨੂੰ ਸ਼ੁਰੂ ਕੀਤੇ ਜਾਣ ਵਾਲੇ ਕੰਮਾਂ ਦੀ ਲਿਸਟ ਸੌਂਪਣ ਦੇ ਨਿਰਦੇਸ਼ ਵੀ ਦਿੱਤੇ। ਉਨਾਂ ਸਿੰਚਾਈ ਅਤੇ ਡਰੇਨੇਜ਼ ਵਿਭਾਗ ਨੂੰ ਹਦਾਇਤ ਕੀਤੀ ਕਿ ਕੰਢੀ ਕੈਨਾਲ, ਸ਼ਾਹ ਨਹਿਰ, ਨਾਲਿਆਂ ਅਤੇ ਡੈਮ ਆਦਿ ਦੀ ਸਾਫ਼-ਸਫ਼ਾਈ ਅਤੇ ਹੋਰ ਕੰਮ ਤੁਰੰਤ ਸ਼ੁਰੂ ਕਰਵਾਏ ਜਾਣ, ਤਾਂ ਜੋ ਜਿਥੇ ਕੋਵਿਡ-19 ਦੇ ਮੱਦੇਨਜ਼ਰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ, ਉਥੇ ਹੜਾ ਦੀ ਰੋਕਥਾਮ ਸਬੰਧੀ ਵੀ ਪੁਖਤਾ ਪ੍ਰਬੰਧ ਯਕੀਨੀ ਬਣਾਏ ਜਾ ਸਕਣ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।