ਮਿਸ਼ਨ ਫਤਿਹ ; ਕੋਰੋਨਾ ਨੂੰ ਮਾਤ ਦੇ ਕੇ ਜ਼ਿਲੇ ਦੇ 108 ਮਰੀਜ਼ ਠੀਕ ਹੋ ਕੇ ਜਾ ਚੁੱਕੇ ਹਨ ਆਪਣੇ ਘਰ : ਸਿਵਲ ਸਰਜਨ
*ਅੱਜ ਪੋਜ਼ੀਟਿਵ ਮਰੀਜ਼ਾਂ ਦੇ ਸੰਪਰਕ ‘ਚ ਆਉਣ ਵਾਲੇ 163 ਵਿਅਕਤੀਆਂ ਦੇ ਲਏ ਗਏ ਸੈਂਪਲ **ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਮਿਸ਼ਨ ਫਤਿਹ ਤਹਿਤ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਬਣਾਈ ਜਾਵੇ ਯਕੀਨੀ
ਹੁਸ਼ਿਆਰਪੁਰ / 2 ਜੂਨ / ਨਿਊ ਸੁਪਰ ਭਾਰਤ ਨਿਊਜ
ਜ਼ਿਲੇ ਵਿੱਚ ਕੋਵਿਡ-19 ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਜ਼ਿਲੇ ਦੇ 108 ਪੋਜ਼ੀਟਿਵ ਮਰੀਜ਼ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਆਪਣੇ ਘਰ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਹੁਣ ਜ਼ਿਲੇ ਵਿੱਚ ਪੋਜ਼ੀਟਿਵ ਮਰੀਜ਼ਾਂ ਦੀ ਸੰਖਿਆ 131 ਹੈ, ਜਿਸ ਵਿੱਚ 18 ਐਕਟਿਵ ਕੇਸ ਹਨ। ਉਨਾਂ ਦੱਸਿਆ ਕਿ ਜ਼ਿਲੇ ਵਿੱਚ ਦੋ ਹੋਰ ਪੋਜ਼ੀਟਿਵ ਕੇਸ ਸਾਹਮਣੇ ਆਏ ਹਨ, ਜਿਸ ਵਿੱਚ ਇਕ ਮਰੀਜ਼ ਠੀਕ ਹੋ ਚੁੱਕਾ ਹੈ। ਉਨਾਂ ਦੱਸਿਆ ਕਿ ਜ਼ਿਲੇ ਦੇ ਪਿੰਡ ਭਾਨਾ (ਗੜਦੀਵਾਲਾ) ਦੇ ਸਤਨਾਮ ਸਿੰਘ ਦੀ ਲੁਧਿਆਣਾ ਵਿੱਚ 30 ਮਈ ਨੂੰ ਰਿਪੋਰਟ ਪੋਜ਼ੀਟਿਵ ਆਈ ਸੀ, ਇਸ ਤੋਂ ਇਲਾਵਾ ਦੂਸਰਾ ਮਾਮਲਾ ਦਸੂਹਾ ਸਬ-ਡਵੀਜ਼ਨ ਦੇ ਪਿੰਡ ਚੋਹਾਨਾ ਦਾ ਹੈ, ਜਿਥੇ ਦੀ ਮਨਵੀਤ ਕੌਰ ਦੀ ਜਲੰਧਰ ਵਿੱਚ ਰਿਪੋਰਟ ਪੋਜ਼ੀਟਿਵ ਆਈ ਸੀ ਅਤੇ ਹੁਣ ਇਹ ਮਰੀਜ਼ ਕੋਰੋਨਾ ਮੁਕਤ ਹੋ ਚੁੱਕੀ ਹੈ।
ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਅੱਜ ਕੋਰੋਨਾ ਵਾਇਰਸ ਦੇ ਪੋਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ 163 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਵਿੱਚ 2812 ਸੈਂਪਲ ਲਏ ਜਾ ਚੁੱਕੇ ਹਨ, ਜਿਸ ਵਿੱਚ 2210 ਸੈਂਪਲ ਨੈਗੇਟਿਵ ਆਏ ਹਨ ਅਤੇ 444 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨਾਂ ਕਿਹਾ ਕਿ ਹੁਣ ਤੱਕ 29 ਸੈਂਪਲ ਇਨਵੈਲਿਡ ਪਾਏ ਗਏ ਹਨ। ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਸਾਰੇ ਲੋਕ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ। ਉਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਘਰ ਤੋਂ ਜ਼ਰੂਰੀ ਕੰਮ ਲਈ ਬਾਹਰ ਨਿਕਲਣ ਵਾਲੇ ਹਰ ਵਿਅਕਤੀ ਲਈ ਮੂੰਹ ‘ਤੇ ਮਾਸਕ ਨਹੀਂ ਲਗਾਏਗਾ ਜਾਂ ਜਨਤਕ ਸਥਾਨਾਂ ‘ਤੇ ਥੁੱਕਦਾ ਹੈ, ਤਾਂ ਉਸ ਨੂੰ 500 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ। ਉਨਾਂ ਕਿਹਾ ਕਿ ਬੱਸ, ਕਾਰ ਅਤੇ ਦੋ ਪਹੀਆ ਵਾਹਨ ‘ਤੇ ਬਾਹਰ ਨਿਕਲਦੇ ਸਮੇਂ ਸਮਾਜਿਕ ਦੂਰੀ ਦੀ ਪਾਲਣਾ ਨਾ ਕਰਨ ਵਾਲਿਆਂ ‘ਤੇ ਵੀ ਜ਼ੁਰਮਾਨਾ ਹੋਵੇਗੀ। ਉਨਾਂ ਕਿਹਾ ਕਿ ਘਰ ਵਿੱਚ ਇਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 2000 ਰੁਪਏ ਦਾ ਜ਼ੁਰਮਾਨਾ ਕੀਤਾ ਜਾਵੇਗਾ।