ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਸੜਕਾਂ ਦੀ ਮੁਰੰਮਤ, ਰੱਖ-ਰਖਾਓ ਕਰਨ ਦੇ ਦਿੱਤੇ ਨਿਰਦੇਸ ***ਨੰਗਲ ਮੁੱਖ ਮਾਰਗ ਤੇ ਰੇਲਿੰਗ, ਡਵਾਈਡਰ, ਟਰੈਫਿਕ ਸਿਗਨਲ ਦੀ ਮੁਰੰਮਤ ਅਤੇ ਨਾਲਿਆਂ ਦੀ ਸਫਾਈ ਸੁਰੂ
ਕੀਰਤਪੁਰ ਸਾਹਿਬ 07 ਜੁਲਾਈ (RAJAN CHABBA)
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਕਿਹਾ ਹੈ ਕਿ ਆਮ ਲੋਕਾਂ ਦੀ ਸੁਰੱਖਿਆਂ ਲਈ ਸੜਕਾਂ ਉਤੇ ਜਰੂਰੀ ਲੋੜੀਦੇ ਰੱਖ ਰਖਾਓ ਦੇ ਢੁਕਵੇ ਪ੍ਰਬੰਧ ਕੀਤੇ ਜਾਣ, ਕਿਉਕਿ ਪਿਛਲੇ ਇੱਕ ਅਰਸੇ ਤੋਂ ਇਨ੍ਹਾਂ ਸੜਕਾਂ ਦੇ ਰੱਖ ਰਖਾਓ ਤੇ ਵਿਸੇਸ ਧਿਆਨ ਨਹੀ ਦਿੱਤਾ ਗਿਆ ਹੈ।
ਕੈਬਨਿਟ ਮੰਤਰੀ ਨੂੰ ਲੋਕਾਂ ਨੇ ਕੁਝ ਦਿਨ ਪਹਿਲਾ ਜਨਤਕ ਬੈਠਕਾਂ ਵਿਚ ਦੱਸਿਆ ਕਿ ਕੀਰਤਪੁਰ ਸਾਹਿਬ ਤੋ ਨੰਗਲ ਤੱਕ ਮੁੱਖ ਰਾਸ਼ਟਰੀ ਮਾਰਗ ਦੀ ਰੇਲਿੰਗ ਬਹੁਤ ਸਮੇ ਤੋ ਟੁੱਟੀ ਹੌਈ ਹੈ, ਡਵਾਈਡਰ ਤੇ ਫੁੱਟਪਾਥ ਦੀ ਵੀ ਮੁਰੰਮਤ ਨਹੀ ਕਰਵਾਈ ਹੈ, ਟਰੈਫਿਕ ਲਾਈਟਾ ਵੀ ਚਾਲੂ ਹਾਲਤ ਵਿਚ ਨਹੀ ਹਨ ਅਤੇ ਸੜਕਾਂ ਦੇ ਆਲੇ ਦੁਆਲੇ ਬਰਸਾਤੀ ਪਾਣੀ ਨਿਕਾਸੀ ਤੇ ਨਾਲੇ ਨਾਲੀਆਂ ਦੀ ਵੀ ਲੰਬੇ ਅਰਸੇ ਤੋਂ ਸਫਾਈ ਨਹੀ ਹੋਈ ਹੈ। ਕੈਬਨਿਟ ਮੰਤਰੀ ਦੇ ਧਿਆਨ ਵਿਚ ਇਹ ਵੀ ਲਿਆਦਾ ਕਿ ਇਨ੍ਹਾਂ ਸੜਕਾਂ ਦੀਆਂ ਰੇਲਿੰਗਾਂ ਤੇ ਡਵਾਈਡਰਾਂ ਤੇ ਲੰਬੇ ਸਮੇ ਤੋ ਰੰਗ ਰੋਗਨ ਵੀ ਨਹੀ ਹੋਇਆ ਹੈ। ਜਿਸ ਨਾਲ ਰਾਤ ਸਮੇ ਵਾਹਨ ਚਾਲਕਾਂ ਨੂੰ ਭਾਰੀ ਔਕੜ ਪੇਸ਼ ਆਉਦੀ ਹੈ।
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਆਦੇਸ਼ ਜਾਰੀ ਕੀਤੇ ਕਿ ਇਸ ਮੁੱਖ ਮਾਰਗ ਦਾ ਰੱਖ ਰਖਾਓ ਕਰਨ ਵਾਲੀਆਂ ਏਜੰਸੀਆਂ ਨੂੰ ਸੜਕ ਸੁਰੱਖਿਆਂ ਦੇ ਮੱਦੇਨਜ਼ਰ ਪਹਿਲ ਦੇ ਅਧਾਰ ਤੇ ਇਹ ਮੁਰੰਮਤ ਕਰਵਾਉਣ ਦੀ ਹਦਾਇਤ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨੰਗਲ ਤੋ ਕੀਰਤਪੁਰ ਸਾਹਿਬ ਤੱਕ ਵੱਡੇ ਪ੍ਰਮੁੱਖ ਧਾਰਮਿਕ ਸਥਾਨ ਹਨ, ਜਿੱਥੇ ਦਿਨ ਰਾਤ ਸੰਗਤਾਂ ਦੀ ਆਮਦ ਰਹਿੰਦੀ ਹੈ। ਸੈਲਾਨੀ ਵੀ ਵੱਡੀ ਗਿਣਤੀ ਵਿਚ ਇਸ ਇਲਾਕੇ ਵਿਚ ਆਉਦੇ ਹਨ, ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸਾਡੀ ਜਿੰਮੇਵਾਰੀ ਹੈ, ਇਸ ਲਈ ਇਹ ਕੰਮ ਪਹਿਲ ਦੇ ਅਧਾਰ ਤੇ ਕਰਵਾਏ ਜਾਣ। ਜਿਸ ਉਪਰੰਤ ਏਜੰਸੀ ਨੇ ਸੜਕਾਂ ਦੇ ਆਲੇ ਦੁਆਲੇ ਬਰਸਾਤੀ ਨਾਲਿਆਂ ਦੀ ਸਫਾਈ, ਰੇਲਿੰਗ ਅਤੇ ਡਵਾਈਡਰ ਦੀ ਮੁਰੰਮਤ ਤੇ ਰੰਗ ਰੋਗਨ ਦਾ ਕੰਮ ਸੁਰੂ ਕਰ ਦਿੱਤਾ ਹੈ। ਜਿਸ ਨਾਲ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ।