November 24, 2024

ਮਯਾਂਮਾਰ ਵਿੱਚ ਜਾਅਲੀ ਨੌਕਰੀ ਰੈਕੇਟ , ਸਾਵਧਾਨ ! ਥਾਈਲੈਂਡ ਵਿਚ ਨੌਕਰੀ ਦਾ ਲਾਲਚ ਦੇ ਕੇ ਭਾਰਤੀਆਂ ਨਾਲ ਹੋ ਰਹੀ ਹੈ ਠੱਗੀ

0

ਨਵੀਂ ਦਿੱਲੀ/ ਚੰਡੀਗੜ੍ਹ / 22 ਸਿਤੰਬਰ / ਨਿਊ ਸੁਪਰ ਭਾਰਤ ਨਿਊਜ਼

ਵਿਦੇਸ਼ ਮੰਤਰਾਲਾ ਦੇ ਸਰਕਾਰੀ ਪਰਵਕਤਾ ਨੇ ਜਾਰੀ ਵਿਆਂ ਰਾਹੀਂ ਦਸਿਆ ਹੈ ਕਿ ਮਯਾਂਮਾਰ-ਅਧਾਰਿਤ ਜਾਅਲੀ ਨੌਕਰੀ ਰੈਕੇਟ ਨਾਲ ਸਬੰਧਿਤ ਮੀਡੀਆ ਰਿਪੋਰਟਾਂ ਆਈਆਂ ਹਨ ਜੋ ਡਿਜੀਟਲ/ਕ੍ਰਿਪਟੋਕਰੰਸੀ ਘੁਟਾਲਿਆਂ ਲਈ ਭਾਰਤੀਆਂ ਨੂੰ ਫਸਾਉਂਦੀਆਂ ਹਨ। ਅੰਦਾਜ਼ਨ 100-150 ਭਾਰਤੀ ਨਾਗਰਿਕ ਥਾਈਲੈਂਡ ਦੇ ਪਾਰ ਮਯਾਂਮਾਰ ਦੇ ਮਿਆਵਾਦੀ (Myawaddy) ਖੇਤਰ ਵਿੱਚ ਫਸੇ ਹੋਏ ਹਨ। ਸਾਡਾ ਮੁਲਾਂਕਣ ਇਹ ਹੈ ਕਿ ਜ਼ਿਆਦਾਤਰ ਭਾਰਤੀ ਨਾਗਰਿਕ ਕੇਰਲ ਅਤੇ ਤਾਮਿਲਨਾਡੂ ਦੇ ਹਨ।

ਸਰਕਾਰੀ ਪਰਵਕਤਾ ਨੇ ਦਸਿਆ ਹੈ ਕਿ ਜੁਲਾਈ 2022 ਵਿੱਚ ਮਾਮਲੇ ਦੀ ਪਹਿਲੀ ਰਿਪੋਰਟਿੰਗ ਤੋਂ ਬਾਅਦ, ਵਿਦੇਸ਼ ਮੰਤਰਾਲਾ ਥਾਈਲੈਂਡ ਅਤੇ ਮਯਾਂਮਾਰ ਵਿੱਚ ਆਪਣੇ ਦੂਤਾਵਾਸਾਂ ਜ਼ਰੀਏ ਅਜਿਹੇ ਭਾਰਤੀ ਨਾਗਰਿਕਾਂ ਨੂੰ ਬਚਾਉਣ ਲਈ ਲੋੜੀਂਦੀ ਕਾਰਵਾਈ ਕਰ ਰਿਹਾ ਹੈ, ਜਿਸ ਵਿੱਚ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰਾਂ ਵਿੱਚ ਛੁਡਾਏ/ਛੱਡੇ ਗਏ ਭਾਰਤੀ ਨਾਗਰਿਕਾਂ ਲਈ ਕੌਂਸਲਰ ਪਹੁੰਚ ਸੁਵਿਧਾਵਾਂ ਵੀ ਸ਼ਾਮਲ ਹਨ। ਸਰਕਾਰੀ ਪਰਵਕਤਾ ਨੇ ਦਸਿਆ ਹੈ ਕਿ ਯਾਂਗੂਨ ਵਿੱਚ ਸਾਡੇ ਮਿਸ਼ਨ ਦੇ ਪ੍ਰਯਤਨਾਂ ਰਾਹੀਂ ਮਯਾਂਮਾਰ ਤੋਂ 32 ਭਾਰਤੀ ਨਾਗਰਿਕਾਂ ਨੂੰ ਪਹਿਲਾਂ ਹੀ ਬਚਾਇਆ ਜਾ ਚੁੱਕਾ ਹੈ। ਯਾਂਗੋਨ ਅਤੇ ਬੈਂਕਾਕ ਵਿੱਚ ਸਾਡੇ ਦੋਵੇਂ ਦੂਤਾਵਾਸਾਂ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਨਿਯਮਿਤ ਤੌਰ ‘ਤੇ ਸਥਾਨਕ ਅਧਿਕਾਰੀਆਂ ਨਾਲ ਇਸ ਮਾਮਲੇ ਨੂੰ ਉਠਾ ਰਹੇ ਹਨ।

ਸਰਕਾਰੀ ਪਰਵਕਤਾ ਨੇ ਦਸਿਆ ਹੈ ਕਿ ਸਾਡੇ ਧਿਆਨ ਵਿੱਚ ਆਇਆ ਹੈ ਕਿ ਠੱਗੀ ਦਾ ਸ਼ਿਕਾਰ ਹੋਏ ਭਾਰਤੀ ਨਾਗਰਿਕ ‘ਵੀਜ਼ਾ ਔਨ ਅਰਾਈਵਲ’ ਦੀ ਸੁਵਿਧਾ ਦੀ ਵਰਤੋਂ ਕਰਕੇ ਬੈਂਕਾਕ ਜਾਂਦੇ ਹਨ ਅਤੇ ਜਲਦੀ ਹੀ ਮਯਾਂਮਾਰ ਵਿੱਚ ਤਬਦੀਲ ਕਰ ਦਿੱਤੇ ਜਾਂਦੇ ਹਨ, ਇਸ ਲਈ ਉਨ੍ਹਾਂ ਦੇ ਆਉਣ ਅਤੇ ਅੱਗੇ ਦੀ ਹਰਕਤ ਦਾ ਪਤਾ ਲਗਾਉਣਾ ਉਦੋਂ ਤੱਕ ਸੰਭਵ ਨਹੀਂ ਹੈ ਜਦੋਂ ਤੱਕ ਪੀੜਤਾਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਦੁਆਰਾ ਸਰਹੱਦ ਪਾਰ ਤਸਕਰੀ ਤੋਂ ਬਾਅਦ ਭਾਰਤੀ ਦੂਤਘਰ ਤੱਕ ਪਹੁੰਚ ਨਹੀਂ ਕੀਤੀ ਜਾਂਦੀ। ਬਚਾਏ ਗਏ ਕੁਝ ਪੀੜਤਾਂ ਦੁਆਰਾ ਇਹ ਖੁਲਾਸਾ ਕੀਤਾ ਗਿਆ ਹੈ ਕਿ ਅਜਿਹੇ ਕੈਂਪ ਮਯਾਂਮਾਰ ਵਿੱਚ ਸਥਿਤ ਹਨ ਅਤੇ ਜ਼ਿਆਦਾਤਰ ਕੁਝ ਹਥਿਆਰਬੰਦ ਸਮੂਹਾਂ ਦੀ ਸੁਰੱਖਿਆ ਹੇਠ ਹਨ। ਸਾਡੇ ਮਿਸ਼ਨਾਂ ਦੁਆਰਾ ਨਿਯਮਤ ਸਲਾਹ-ਮਸ਼ਵਰੇ ਦੁਆਰਾ ਪਹਿਲਾਂ ਚੇਤਾਵਨੀ ਦਿੱਤੇ ਜਾਣ ਦੇ ਬਾਵਜੂਦ, ਬਹੁਤ ਸਾਰੇ ਮਾਮਲਿਆਂ ਵਿੱਚ ਵਿਅਕਤੀਆਂ ਨੇ ਪੇਸ਼ਕਸ਼ ਸਵੀਕਾਰ ਕੀਤੀ ਅਤੇ ਕੈਂਪਾਂ ਵਿੱਚ ਸ਼ਾਮਲ ਹੋ ਗਏ। ਇਹ ਵੀ ਨੋਟ ਕੀਤਾ ਗਿਆ ਹੈ ਕਿ ਕੁਝ ਭਾਰਤੀ ਸਵੈ-ਇੱਛਾ ਨਾਲ ਧੋਖਾਧੜੀ ਵਾਲੀਆਂ ਨੌਕਰੀਆਂ ਦੇ ਕੰਮ ਵਿੱਚ ਸ਼ਾਮਲ ਹੁੰਦੇ ਹਨ ਅਤੇ ਕਥਿਤ ਤੌਰ ‘ਤੇ ਦੂਜੇ ਭਾਰਤੀ ਨਾਗਰਿਕਾਂ ਨੂੰ ਲੁਭਾਉਣ ਲਈ ਚੰਗਾ ਮਿਹਨਤਾਨਾ/ਪ੍ਰੋਤਸਾਹਨ ਪ੍ਰਾਪਤ ਕਰਦੇ ਹਨ।

ਸਰਕਾਰੀ ਪਰਵਕਤਾ ਨੇ ਦਸਿਆ ਹੈ ਕਿ ਟਾਰਗੇਟ ਗਰੁੱਪ ਆਈਟੀ ਸਕਿੱਲਡ ਨੌਜਵਾਨ ਹਨ ਜੋ ਸੋਸ਼ਲ ਮੀਡੀਆ ਵਿਗਿਆਪਨਾਂ ਦੇ ਨਾਲ-ਨਾਲ ਦੁਬਈ ਅਤੇ ਭਾਰਤ ਸਥਿਤ ਏਜੰਟਾਂ ਦੁਆਰਾ ਥਾਈਲੈਂਡ ਵਿੱਚ ਲਾਹੇਵੰਦ ਡੇਟਾ ਐਂਟਰੀ ਨੌਕਰੀਆਂ ਦੇ ਨਾਮ ‘ਤੇ ਧੋਖਾ ਖਾ ਰਹੇ ਹਨ। ਹੁਣ ਤੱਕ, ਓਕੇਈਐੱਕਸ ਪਲੱਸ (ਦੁਬਈ ਅਧਾਰਿਤ), ਲਾਜ਼ਾਦਾ, ਸੁਪਰ ਐਨਰਜੀ ਗਰੁਪ, ਜੇਨਟੀਅਨ ਗਰੁੱਪ ਨਾਮ ਦੀਆਂ ਕੰਪਨੀਆਂ ਦੇ ਨਾਵਾਂ ਦੀ ਪਹਿਚਾਣ ਕੀਤੀ ਗਈ ਹੈ ਜੋ ਇਹ ਨੌਕਰੀਆਂ ਦੀ ਪੇਸ਼ਕਸ਼ ਕਰ ਰਹੀਆਂ ਹਨ। ਫਸੇ ਹੋਏ ਪੀੜਤਾਂ ਨੂੰ ਸੀਮਿਤ ਆਵਾਜਾਈ ਅਤੇ ਸੀਮਿਤ ਫ਼ੋਨ ਦੀ ਵਰਤੋਂ ਦੀ ਆਗਿਆ ਹੈ। ਉਹ ਡਿਜੀਟਲ ਘੁਟਾਲੇ ਅਤੇ ਕ੍ਰਿਪਟੋ ਧੋਖਾਧੜੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਮਜਬੂਰ ਹਨ। ਸਰਕਾਰੀ ਪਰਵਕਤਾ ਨੇ ਦਸਿਆ ਹੈ ਕਿ ਜਾਅਲੀ ਐੱਫਬੀ/ਇੰਸਟਾਗ੍ਰਾਮ ਖਾਤੇ ਅਤੇ ਆਈਡੀ ਚੀਨੀ ਲੜਕੀਆਂ ਦੇ ਨਾਮ ‘ਤੇ ਬਣਾਈਆਂ ਜਾਂਦੀਆਂ ਹਨ ਜੋ ਅੱਗੇ ਅਮਰੀਕਾ ਅਤੇ ਯੂਰਪੀਅਨ ਦੇਸ਼ਾਂ ਦੇ ਉੱਚ ਨੈੱਟਵਰਥ ਵਾਲੇ ਵਿਅਕਤੀਆਂ ਨਾਲ ਦੋਸਤੀ ਕਰਨ ਲਈ ਵਰਤੀਆਂ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਕ੍ਰਿਪਟੋ ਕਰੰਸੀ ਨਿਵੇਸ਼ ਦੇ ਨਾਮ ‘ਤੇ ਠੱਗਿਆ ਜਾ ਸਕੇ। ਸਾਡੇ ਧਿਆਨ ਵਿੱਚ ਇਹ ਵੀ ਆਇਆ ਹੈ ਕਿ ਕੁਝ ਭਾਰਤੀ 3500 ਤੋਂ 7000 ਡਾਲਰ ਦੀ ਫਿਰੌਤੀ ਅਦਾ ਕਰਨ ਤੋਂ ਬਾਅਦ ਆਪਣੀ ਰਿਹਾਈ ਨੂੰ ਯਕੀਨੀ ਬਣਾਉਣ ਦਾ ਪ੍ਰਬੰਧ ਕਰ ਰਹੇ ਹਨ।

Leave a Reply

Your email address will not be published. Required fields are marked *