ਮਿਸ਼ਨ ਫਤਿਹ : ਸ਼ਹਿਰ ਵਿਚੋਂ ਅਵਾਰਾ ਤੇ ਬੇਸਹਾਰਾ ਜਾਨਵਰ ਫੜਣ ਦੀ ਮੁਹਿੰਮ ਸ਼ੁਰੂ
*ਸਰਕਾਰੀ ਗਊਸ਼ਾਲਾਂ ‘ਚ ਹਰਾ ਚਾਰਾ, ਪਾਣੀ ਆਦਿ ਉਚਿਤ ਮਾਤਰਾ ਵਿਚ ਮਿਲੇਗਾ – ਸੇਤੀਆ **20 ਦੇ ਕਰੀਬ ਜਾਨਵਰਾਂ ਨੂੰ ਸਰਕਾਰੀ ਗਊਸ਼ਾਲਾ ਗੋਲੇਵਾਲਾ ਭੇਜਿਆ ਗਿਆ
ਫ਼ਰੀਦਕੋਟ / 2 ਜੁਲਾਈ / ਨਿਊ ਸੁਪਰ ਭਾਰਤ ਨਿਊਜ
ਫ਼ਰੀਦਕੋਟ ਸ਼ਹਿਰ ਵਿਚੋਂ ਬੇਸਹਾਰਾ ਪਸ਼ੂਆਂ ਤੋਂ ਨਿਜ਼ਾਤ ਦਿਵਾਉਣ ਲਈ ਅੱਜ ਤੜਕਸਾਰ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ, ਆਈ.ਏ.ਐਸ ਦੀ ਅਗਵਾਈ ਹੇਠ ਇੰਨਾਂ ਜਾਨਵਰਾਂ ਨੂੰ ਫੜ ਕੇ ਵੱਖ ਵੱਖ ਗਊਸ਼ਾਲਾਵਾਂ ਵਿਚ ਭੇਜਣ ਦੀ ਸ਼ੁਰੂਆਤ ਕੀਤੀ ਗਈ। ਅੱਜ ਲਗਭਗ 20 ਦੇ ਕਰੀਬ ਅਵਾਰਾ ਅਤੇ ਬੇਸਹਾਰਾ ਜਾਨਵਰਾਂ ਨੂੰ ਸਰਕਾਰੀ ਗਊਸ਼ਾਲਾ ਗੋਲੇਵਾਲਾ ਅਤੇ ਸ਼ਹਿਰ ਦੀਆਂ ਗਊਸ਼ਾਲਾਵਾਂ ਵਿਚ ਭੇਜਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਵਿਚੋਂ ਇੰਨਾਂ ਜਾਨਵਰਾਂ ਨੂੰ ਫੜਣ ਲਈ ਦੋ ਟੀਮਾਂ ਦਾ ਗਠਨ ਕੀਤਾ ਗਿਆ ਜਿਸ ਵਿਚ ਪਸ਼ੂ ਪਾਲਣ ਵਿਭਾਗ ਦੇ ਡਾਕਟਰ, ਨਗਰ ਕੌਂਸਲ ਦੇ ਕਰਮਚਾਰੀ ਅਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਮਦਦ ਕੀਤੀ ਗਈ। ਉਨਾਂ ਦੱਸਿਆ ਕਿ ਉਨਾਂ ਵੱਲੋਂ ਕੁਝ ਦਿਨ ਪਹਿਲਾਂ ਰਾਤ ਸਮੇਂ ਸ਼ਹਿਰ ਦਾ ਦੌਰਾ ਕੀਤਾ ਗਿਆ ਅਤੇ ਪਾਇਆ ਕਿ ਸ਼ਹਿਰ ਵਿਚ ਅਵਾਰਾ ਅਤੇ ਬੇਸਹਾਰਾ ਜਾਨਵਰ ਘੁੰਮ ਰਹੇ ਹਨ ਜਿਸ ਨਾਲ ਕੋਈ ਵੀ ਦੁਰਘਟਨਾ ਵਾਪਰ ਸਕਦੀ ਹੈ। ਉਨਾਂ ਦੱਸਿਆ ਕਿ ਹਾਲਾਂਕਿ ਸ਼ਹਿਰ ਵਿਚ ਰਾਤ ਸਮੇਂ ਦਾ ਕਰਫ਼ਿਊ ਜਾਰੀ ਹੈ ਪਰ ਐਮਰਜੈਸੀ ਹਾਲਾਤਾਂ ਵਿਚ ਕੋਈ ਵੀ ਰਾਹਗੀਰ ਜਾਂ ਵਾਹਨ ਚਾਲਕ ਦਾ ਜਾਨੀ ਨੁਕਸਾਨ ਹੋ ਸਕਦਾ ਹੈ ਅਤੇ ਦੂਸਰਾ ਪੱਖ ਇਹ ਹੈ ਕਿ ਇੰਨਾਂ ਜਾਨਵਰਾਂ ਨੂੰ ਪੀਣ ਵਾਲਾ ਪਾਣੀ ਅਤੇ ਨਾ ਹੀ ਪੂਰਾ ਚਾਰਾ ਆਦਿ ਮਿਲਦਾ ਹੈ।
ਇਸ ਤੋਂ ਤੁਰੰਤ ਬਾਅਦ ਉਨਾਂ ਸ਼ਹਿਰ ਦੇ ਪਸ਼ੂ ਪ੍ਰੇਮੀਆਂ ਨਾਲ ਮੀਟਿੰਗ ਕਰਕੇ ਇਸ ਤੇ ਹੱਲ ਲਈ ਸੁਝਾਅ ਲਏ ਗਏ ਅਤੇ ਅੱਜ ਇਸ ਤੇ ਅਮਲ ਕੀਤਾ ਗਿਆ। ਫੜੇ ਗਏ ਇੰਨਾਂ ਜਾਨਵਰਾਂ ਨੂੰ ਸਰਕਾਰੀ ਗਊਸ਼ਾਲਾਂ ਵਿਖੇ ਭੇਜਣ ਨਾਲ ਜਿਥੇ ਪਾਣੀ ਅਤੇ ਹਰਾ ਚਾਰਾ ਆਦਿ ਉਚਿਤ ਮਾਤਰਾ ਵਿਚ ਮਿਲੇਗਾ ਅਤੇ ਦੇਖਭਾਲ ਹੋ ਸਕੇਗੀ। ਉਨਾਂ ਕਿਹਾ ਕਿ ਸ਼ਹਿਰ ਦੇ ਹਿੱਤ ਅਤੇ ਜਾਨਵਰਾਂ ਦੀ ਭਲਾਈ ਲਈ ਇਹ ਜਰੂਰੀ ਵੀ ਸੀ। ਉਨਾਂ ਸਮਾਜੇਵੀ ਸੰਸਥਾਵਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿਚ ਜ਼ਿਲਾ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਤਾਂ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਚਲਾਈ ਗਈ ਮਿਸ਼ਨ ਫ਼ਤਿਹ ਮੁਹਿੰਮ ਤਹਿਤ ਕੋਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਜਿਕ ਦੂਰੀ ਬਣਾਈ ਰੱਖਣ, ਘਰ ਆਉਣ ਤੇ 20 ਸੈਕਿੰਟ ਹੱਥ ਧੋਣ, ਕਿਸੇ ਨਾਲ ਹੱਥ ਨਾ ਮਿਲਾਉਣ, ਮੂੰਹ ਤੇ ਮਾਸਕ ਆਦਿ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਪਸ਼ੂ ਪਾਲਣ ਵਿਭਾਗ ਵੱਲੋਂ ਫੜੇ ਗਏ ਜਾਨਵਰਾਂ ਦੇ ਪੀਲੇ ਰੰਗ ਦੀ ਨਿਸ਼ਾਨੀ ਅਤੇ ਟੀਕੇ ਵੀ ਲਗਾਏ ਗਏ।
ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਾ. ਜਸਵਿੰਦਰ ਗਰਗ, ਵੈਟਨਰੀ ਅਫ਼ਸਰ ਡਾ. ਸ਼ਿਵਮ, ਜਸਵੀਰ ਸਿੰਘ, ਅਮਨਦੀਪ ਸਿੰਘ, ਰੋਵਿੰਗ ਸੁਸਾਇਟੀ ਦੀ ਚੇਅਰਪਰਸਨ ਮੈਡਮ ਬਿਮਲ ਰਾਂਝਾ ਪ੍ਰਧਾਨ ਐਡਵੋਕੇਟ ਅਤੁਲ ਗੁਪਤਾ, ਸ੍ਰੀ ਅਸ਼ੋਕ ਸੱਚਰ, ਨੈਸ਼ਨਲ ਯੂਥ ਕੱਲਬ ਦੇ ਦਵਿੰਦਰ ਸਿੰਘ ਪੰਜਾਬ ਮੋਟਰਜ਼, ਨਵਦੀਪ ਗਰਗ, ਬਲਜੀਤ ਸ਼ਰਮਾ ਅਤੇ ਬ੍ਰਾਹਮਣ ਸਭਾ ਤੋਂ ਸ੍ਰੀ ਰਾਕੇਸ਼ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।