ਆਈ.ਜੀ ਤੇ ਪੁਲਿਸ ਜ਼ਿਲਾ ਮੁਖੀ ਨੇ ਲਗਵਾਈ ਕੋਰੋਨਾ ਤੋਂ ਬਚਾਅ ਲਈ ਵੈਕਸੀਨ

***ਲੋਕਾਂ ਨੂੰ ਟੀਕਾਕਰਨ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸਾਵਧਾਨ ਰਹਿਣ ਦੀ ਲੋੜ- ਵਿਮਲ ਸੇਤੀਆ
***ਪੁਲਿਸ ਮੁਲਾਜਮ ਆਪਣੀ ਵੈਕਸੀਨ ਸਮੇਂ ਸਿਰ ਲੈਣ, ਤਾਂ ਹੀ ਇੰਨਫੈਕਸ਼ਨ ਤੋਂ ਰਹਿਣਗੇ ਦੂਰ- ਆਈ.ਜੀ ਡਾ. ਕੋਸਤੁਬ ਸ਼ਰਮਾਂ
ਫਰੀਦਕੋਟ, 3 ਫ਼ਰਵਰੀ ( ਰਾਜਨ ਚੱਬਾ )
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਫਰੰਟ ਲਾਈਨ ਵਰਕਰਾਂ ਲਈ ਕੋਵਿਡ -19 ਟੀਕਾਕਰਨ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਪੁਲਿਸ ਲਾਈਨ ਹੈਡਕੁਆਟਰ ਤੋਂ ਕੀਤੀ ਗਈ ਸੀ ਜਿਸ ਮੁਹਿੰਮ ਅੱਜ ਮੂਹਰਲੀ ਕਤਾਰ ਵਿਚ ਆ ਕੇ ਪੁਲਿਸ ਪ੍ਰਸ਼ਾਸ਼ਨਿਕ ਅਧਿਕਾਰੀਆਂ ਆਈ.ਜੀ ਡਾ. ਕੋਸਤੁਬ ਸ਼ਰਮਾਂ ਅਤੇ ਸੀਨੀਅਰ ਪੁਲਿਸ ਕਪਤਾਨ ਸ. ਸਵਰਨਦੀਪ ਸਿੰਘ ਵੱਲੋਂ ਸਿਵਲ ਹਸਪਤਾਲ ਫ਼ਰੀਦਕੋਟ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਦੀ ਹਾਜ਼ਰੀ ਵਿਚ ਵੈਕਸੀਨ ਲਗਵਾਈ। ਇਸ ਮੌਕੇ ਸਿਵਲ ਸਰਜਨ ਡਾ. ਸੰਜੇ ਕਪੂਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਡਾ. ਚੰਦਰ ਸ਼ੇਖਰ ਵੀ ਹਾਜ਼ਰ ਸਨ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ 19 ਵਿਰੁੱਧ ਚਲਾਈ ਗਈ ਮਿਸ਼ਨ ਫਤਿਹ ਮੁਹਿੰਮ ਦਾ ਅੱਜ ਇਕ ਹੋਰ ਮਹੱਤਵਪੂਰਨ ਦਿਨ ਹੈ ਜਿਸ ਤਹਿਤ ਅੱਜ ਸੀਨੀਅਰ ਪੁਲਿਸ ਅਧਿਕਾਰੀਆਂ ਆਈ.ਜੀ ਡਾ. ਕੋਸਤੁਬ ਸ਼ਰਮਾਂ ਅਤੇ ਸੀਨੀਅਰ ਪੁਲਿਸ ਕਪਤਾਨ ਸ. ਸਵਰਨਦੀਪ ਸਿੰਘ ਅਤੇ ਐਸ ਪੀ ਸ੍ਰੀ ਸਿੰਗਲਾ ਵੱਲੋਂ ਕੋਵਿਡ 19 ਦੀ ਵੀ ਵੈਕਸੀਨੇਸ਼ਨ ਲਗਵਾਈ ਗਈ ਹੈ। ਉਨਾਂ ਦੱਸਿਆ ਕਿ ਫ਼ਰੀਦਕੋਟ ਜ਼ਿਲੇ ਵਿੱਚ ਟੀਕਾਕਰਨ ਲਈ 9 ਥਾਵਾਂ ਦੀ ਚੋਣ ਕੀਤੀ ਗਈ ਹੈ। ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਕੋਰੋਨਾ ਵਾਇਰਸ ਨੂੰ ਰੋਕਣ ਲਈ ਇਸ ਮੁਹਿੰਮ ਵਿਚ ਹਿੱਸੇਦਾਰ ਬਣਨਾ ਚਾਹੀਦਾ ਹੈ। ਉਨਾਂ ਲੋਕਾਂ ਨੂੰ ਟੀਕਾਕਰਨ ਸਬੰਧੀ ਕਿਸੇ ਤਰਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਇਹ ਟੀਕਾ ਪੂਰੀ ਤਰਾਂ ਨਾਲ ਸੁਰੱਖਿਅਤ ਹੈ। ਉਨਾਂ ਸਿਵਲ ਸਰਜਨ ਸ੍ਰੀ ਸੰਜੇ ਕਪੂਰ ਅਤੇ ਐਸ ਐਮ ਓ ਡਾ ਚੰਦਰ ਸ਼ੇਖਰ ਕੱਕੜ ਨੂੰ ਕੀਤੇ ਗਏ ਪ੍ਰਬੰਧਾਂ ਲਈ ਵਧਾਈ ਦਿੱਤੀ।
ਇਸ ਮੌਕੇ ਫਰੀਦਕੋਟ ਰੇਜ਼ ਦੇ ਆਈ ਜੀ ਡਾ. ਕੋਸਤੁਬ ਸ਼ਰਮਾ ਅਤੇ ਐਸ ਐਸ ਪੀ ਫਰੀਦਕੋਟ ਸ ਸਵਰਨਦੀਪ ਸਿੰਘ ਵੱਲੋਂ ਪੁਲਿਸ ਵਿਭਾਗ ਦੀ ਵੈਕਸੀਨੇਸ਼ਨ ਡਰਾਈਵ ਕੋਵਿਡ-19 ਵਿਰੁੱਧ ਕੋਵਿਡ ਸ਼ੀਲਡ ਵੈਕਸੀਨ ਲਗਵਾਉਣ ਉਪਰੰਤ ਕਿਹਾ ਕਿ ਇਹ ਟੀਕਾ ਪੂਰੀ ਤਰਾਂ ਨਾਲ ਸੁਰੱਖਿਅਤ ਹੈ। ਅਸੀਂ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਉਨਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਸਾਡੇ ਸਾਰੇ ਪੁਲਿਸ ਮੁਲਾਜਮ ਅੱਗੇ ਆ ਕੇ ਆਪਣੀ ਵੈਕਸੀਨ ਸਮੇਂ ਸਿਰ ਲੈਣਗੇ ਤਾਂ ਜ਼ੋ ਉਨਾਂ ਦੀ ਸਿਹਤ ਠੀਕ ਰਹੇ ਅਤੇ ਅੱਗੇ ਕੋਵਿਡ ਇੰਨਫੈਕਸ਼ਨ ਤੋਂ ਉਨਾਂ ਦਾ ਬਚਾਅ ਰਹੇ। ਉਨਾਂ ਕਿਹਾ ਕਿ ਆਮ ਲੋੋਕਾਂ ਨੂੰ ਵੀ ਇਹ ਹੌਸਲਾ ਮਿਲੇਗਾ ਕਿ ਸਾਰੇ ਅਫਸਰ ਆਪ ਅੱਗੇ ਆ ਕੇ ਵੈਕਸੀਨ ਲੈ ਰਹੇ ਹਨ। ਉਨਾਂ ਕਿਹਾ ਕਿ ਜਿੰਨੀ ਜਲਦੀ ਵੈਕਸੀਨੇਸ਼ਨ ਕਰਵਾਈ ਜਾਵੇਗੀ ਉਨੀ ਜਲਦੀ ਹੀ ਕੋਵਿਡ-19 ਦੀ ਚੇਨ ਨੂੰ ਤੋੜਿਆ ਜਾ ਸਕਦਾ ਹੈ ਅਤੇ ਕੋਵਿਡ 19 ਦੀ ਵੈਕਸੀਨ ਕੋਵਿਡ ਸ਼ੀਲਡ ਲਗਾਉਣ ਨਾਲ ਇੰਮਿਊਨਿਟੀ ਬਣ ਜ਼ਾਂਦੀ ਹੈ ਅਤੇ ਇਸ ਦੀ ਦੂਸਰੀ ਡੋਜ਼ 28 ਦਿਨ ਬਾਅਦ ਲਗਾਈ ਜਾਵੇਗੀ।
ਇਸ ਤੋਂ ਪਹਿਲਾਂ ਪਹਿਲੇ ਪੜਾਅ ਅਧੀਨ ਸਿਹਤ ਵਿਭਾਗ ਦੇ ਅਧਿਕਾਰੀਆਂ ਸੀਨੀਅਰ ਮੈਡੀਕਲ ਅਫਸਰ ਡਾ ਚੰਦਰ ਸ਼ੇਖਰ ਕੱਕੜ, ਡਾ: ਪਸਪਿੰਦਰ ਕੂਕਾ ਅਤੇ ਹੋਰ ਸੀਨੀਅਰ ਡਾਕਟਰਾਂ ਵੱਲੋਂ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ ਲਗਵਾਇਆ ਗਿਆ ਸੀ।
ਇਸ ਮੌਕੇ ਸਿਵਲ ਸਰਜਨ ਡਾ ਸੰਜੇ ਕਪੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫ਼ਰੀਦਕੋਟ ਜ਼ਿਲੇ ਵਿੱਚ ਕੋਵਿਡ ਸ਼ੀਲਡ ਦਵਾਈ ਸਿਹਤ ਵਿਭਾਗ ਵੱਲੋਂ ਉਪਲੱਬਧ ਕਰਵਾਈ ਜਾ ਰਹੀ ਹੈ ਅਤੇ ਹੁਣ ਤੱਕ ਕੋਰੋਨਾ ਵੈਕਸੀਨ ਲਈ 9866 ਫਰੰਟ ਲਾਈਨ ਵਰਕਰਜ਼ ਨੂੰ ਰਜਿਸਟਰਡ ਕੀਤਾ ਗਿਆ ਹੈ। ਇਸ ਮੌਕੇ ਜ਼ਿਲਾ ਟੀਕਾਕਰਨ ਅਫ਼ਸਰ ਡਾ. ਰਣਦੀਪ ਸਿੰਘ ਸਹੋਤਾ, ਡਾ. ਵਿਸ਼ਵਦੀਪ ਗੋਇਲ ਅਤੇ ਪੈਰਾ ਮੈਡੀਕਲ ਸਟਾਫ ਵੀ ਹਾਜ਼ਰ ਸਨ।