ਫ਼ਰੀਦਕੋਟ ,31 ਅਕਤੂਬਰ -( ਨਿਊ ਸੁਪਰ ਭਾਰਤ ਨਿਊਜ਼ )
ਅੱਜ ਰਾਸ਼ਟਰੀ ਏਕਤਾ ਦਿਵਸ ਦੇ ਸਬੰਧ ਵਿੱਚ ਇੱਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅਸ਼ੋਕਾ ਚੱਕਰ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹੇ ਦੇ ਸਮੂਹ ਸਿਵਲ ਤੇ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਇਸ ਸਮਾਗਮ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ ਸ: ਗੁਰਜੀਤ ਸਿੰਘ ਵਲੋਂ ਕੀਤੀ ਗਈ । ਇਸ ਮੌਕੇ ਰਾਸ਼ਟਰੀ ਏਕੀਕਰਨ ਦੇ ਪ੍ਰਤੀਕ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਦੇ ਸਬੰਧ ਵਿਚ ਜਿਸ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ ,ਵਿਚ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਰਾਸ਼ਟਰੀ ਏਕਤਾ ਆਪਸੀ ਭਾਈਚਾਰਾ ਬਣਾਈ ਰੱਖਣ ਦੀ ਸੌਂਹ ਖਾਧੀ ਅਤੇ ਹੋਰਨਾਂ ਲੋਕਾਂ ਵਿੱਚ ਵੀ ਰਾਸ਼ਟਰੀ ਏਕਤਾ ਦਾ ਸੰਦੇਸ਼ ਫੈਲਾਉਣ ਦਾ ਪ੍ਰਣ ਲਿਆ ।
ਵਧੀਕ ਡਿਪਟੀ ਕਮਿਸ਼ਨਰ ਸ: ਗੁਰਜੀਤ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਖ਼ੁਦ ਵੀ ਰਾਸ਼ਟਰੀ ਏਕਤਾ ,ਅਖੰਡਤਾ ਅਤੇ ਆਪਸੀ ਭਾਈਚਾਰਾ ਬਨਾਈ ਰੱਖਣ ਲਈ ਜਾਗਰੂਕ ਹੋਈਏ ਅਤੇ ਹੋਰਨਾਂ ਨੂੰ ਵੀ ਰਾਸ਼ਟਰੀ ਏਕਤਾ ਲਈ ਜਾਗਰੂਕ ਕਰੀਏ ।ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਦੇਸ਼ ਨੂੰ ਦੁਸ਼ਮਣ ਦੇ ਨਾਪਾਕ ਮਨਸੂਬਿਆਂ ਤੋਂ ਸੁਰੱਖਿਅਤ ਰੱਖ ਕੇ ਇਸ ਦੀ ਏਕਤਾ, ਅਖੰਡਤਾ ,ਆਨ ਅਤੇ ਸ਼ਾਨ ਲਈ ਹਮੇਸ਼ਾ ਤੱਤਪਰ ਰਹੀਏ। ਉਨ੍ਹਾਂ ਕਿਹਾ ਕਿ ਅੱਜ ਰਾਸ਼ਟਰੀ ਏਕਤਾ ਦਿਵਸ ਤੇ ਸਾਨੂੰ ਸਾਰਿਆਂ ਨੂੰ ਇਹ ਵੀ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਧਰਮ, ਜਾਤ ,ਮਜ਼ਹਬ ਦੇ ਨਾਂ ਤੋਂ ਉੱਪਰ ਹੋ ਕੇ ਆਪਣੇ ਰਾਸ਼ਟਰ ਨਿਰਮਾਣ ਵਿੱਚ ਹਿੱਸਾ ਪਾਈਏ ਅਤੇ ਸਮਾਜ ਵਿਚੋਂ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਵੀ ਹੰਭਲਾ ਮਾਰੀਏ। ਇਸ ਸਮਾਗਮ ਵਿੱਚ ਐਸ ਟੀ ਐਚ ਸ੍ਰੀ ਕੁਲਦੀਪ ਸਿੰਘ ਸੋਹੀ, ਡੀ ਡੀ ਪੀ ਓ ਮੈਡਮ ਬਲਜੀਤ ਕੌਰ, ਏ ਐਮ ਈ ਰਾਕੇਸ਼ ਕੰਬੋਜ ਵੀ ਹਾਜ਼ਰ ਸਨ।