Site icon NewSuperBharat

ਜਗਸੀਰ ਸਿੰਘ ਪਿੰਡ ਬੱਗੇਆਣਾ ਪਰਾਲੀ ਤੇ ਨਾੜ ਨੂੰ ਅੱਗ ਨਾ ਲਾ ਕੇ ਬਣਿਆ ਦੂਜੇ ਕਿਸਾਨਾਂ ਲਈ ਮਿਸਾਲ **ਪਿਛਲੇ 25 ਸਾਲਾਂ ਤੋਂ ਖੇਤ ਵਿੱਚ ਹੀ ਖਪਾ ਰਿਹਾ ਹੈ ਪਰਾਲੀ ਅਤੇ ਕਣਕ ਦਾ ਨਾੜ ,ਫ਼ਸਲ ਦੇ ਝਾੜ ਤੇ ਕੋਈ ਅਸਰ ਨਹੀਂ ***ਜਗਸੀਰ ਸਿੰਘ ਵੱਲੋਂ ਸਮੂਹ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ

ਫ਼ਰੀਦਕੋਟ, 2 ਅਕਤੂਬਰ ( ਨਿਊ ਸੁਪਰ ਭਾਰਤ ਨਿਊਜ਼ )


ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੱਗੇਆਣਾ ਦਾ ਵਸਨੀਕ ਅਗਾਂਹਵਧੂ ਕਿਸਾਨ ਜਗਸੀਰ ਸਿੰਘ ਪੁੱਤਰ ਰਾਮ ਸਿੰਘ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਪਿਛਲੇ 25 ਸਾਲ ਤੋਂ ਅੱਗ ਨਾ ਲਗਾ ਕੇ ਅਤੇ ਰਵਾਇਤੀ ਤਕਨੀਕ ਨਾਲ ਇਸ ਨੂੰ ਖੇਤ ਵਿੱਚ ਹੀ ਖਪਾ ਕੇ ਜਿੱਥੇ ਵਾਤਾਵਰਨ ਦੀ ਸੰਭਾਲ ਲਈ ਮਿਸਾਲ ਪੈਦਾ ਕਰ ਰਿਹਾ ਹੈ ਉੱਥੇ ਜਗਸੀਰ ਸਿੰਘ ਇਸ ਵੱਡੇ ਤੇ ਲੋਕ ਪੱਖੀ, ਵਾਤਾਵਰਨ ਪੱਖੀ ਕਾਰਜ ਕਾਰਨ ਜ਼ਿਲ੍ਹੇ ਦੇ ਦੂਜੇ ਕਿਸਾਨਾਂ ਲਈ ਵੀ ਰਾਹ ਦਸੇਰਾ ਬਣਿਆ ਹੈ। ਗੁਰਬਾਣੀ ਦੇ ਸਿਧਾਂਤ “ਪਵਨ ਗੁਰੂ ਪਾਣੀ ਪਿਤਾ ” ਨੂੰ ਅਪਣਾ ਕੇ ਅਤੇ ਖੇਤੀ ਬਾੜੀ ਵਿਭਾਗ ਫ਼ਰੀਦਕੋਟ ਦੀ ਅਗਵਾਈ ਹੇਠ ਕਿਸਾਨ ਜਗਸੀਰ ਸਿੰਘ ਨੇ ਪਿਛਲੇ ਪੱਚੀ ਸਾਲਾਂ ਤੋਂ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਬਿਲਕੁਲ ਅੱਗ ਨਹੀਂ ਲਗਾਈ ।

ਉਸ ਨੇ ਦੱਸਿਆ ਕਿ ਉਹ ਕਰੀਬ 40 ਏਕੜ ਵਿੱਚ ਆਪਣੀ ਸਾਰੀ ਹੀ ਖੇਤੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਬਿਨਾਂ ਅੱਗ ਲਾਏ ਤੋਂ ਕਰ ਰਿਹਾ ਹੈ ।ਕਿਸਾਨ ਅਨੁਸਾਰ ਉਸ ਨੇ 1995 ਤੋਂ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲ਼ੀ ਨੂੰ ਅੱਗ ਲਾਉਣੀ ਬੰਦ ਕੀਤੀ ਹੋਈ ਹੈ। ਸਭ ਤੋਂ ਪਹਿਲਾਂ ਉਸ ਵੱਲੋਂ ਪਰਾਲੀ ਨੂੰ ਖੇਤ ਵਿੱਚ ਖਿਲਾਰ ਕੇ ਉਸ ਨੂੰ ਦੋ ਜਾਂ ਤਿੰਨ ਵਾਰ ਤਵੀਆਂ ਨਾਲ ਵਾਹਿਆ ਜਾਂਦਾ ਸੀ ਅਤੇ ਉਸ ਉਪਰੰਤ ਖੇਤ ਵਿੱਚ ਪਾਣੀ ਲਾ ਕੇ ਪਰਾਲੀ ਜਾਂ ਨਾੜ ਨੂੰ ਖੇਤ ਵਿਚ ਹੀ ਗਾਲਿਆ ਜਾਂਦਾ ਸੀ ਅਤੇ ਫਿਰ ਕਣਕ ਦੀ ਬਿਜਾਈ ਕੀਤੀ ਜਾਂਦੀ ਸੀ।ਉਸ ਨੇ ਦੱਸਿਆ ਕਿ ਇਸ ਉਪਰੰਤ ਖੇਤੀ-ਬਾੜੀ ਵਿਭਾਗ ਵੱਲੋਂ ਰੋਟਾਵੇਟਰ ਦੀ  ਕਾਢ ਨਾਲ ਉਸ ਦਾ ਕੰਮ ਹੋਰ ਸੁਖਾਲਾ ਹੋ ਗਿਆ ਅਤੇ ਖੇਤੀਬਾੜੀ ਵਿਭਾਗ ਦੀ ਮਦਦ ਨਾਲ ਉਸ ਨੇ ਆਪਣੀ ਕਣਕ ,ਝੋਨੇ ਦੀ ਬਿਜਾਈ ਲਈ ਰੋਟਾਵੇਟਰ ਦਾ ਵੀ ਸਹਾਰਾ ਲਿਆ ।ਉਸ ਨੇ ਦੱਸਿਆ ਕਿ ਪਹਿਲਾਂ ਝੋਨੇ ਦੀ ਕਟਾਈ ਉਪਰੰਤ ਖੇਤ ਵਿੱਚ ਰੋਟਾਵੇਟਰ ਚਲਾਇਆ ਜਾਂਦਾ ਸੀ ਅਤੇ ਫਿਰ ਕਣਕ ਦਾ ਛਿੱਟਾ ਦਿਤਾ ਜਾਂਦਾ ਸੀ ।

ਉਸ ਨੇ ਕਿਹਾ ਕਿ ਇਸ ਤਕਨੀਕ ਨਾਲ ਵੀ ਕਣਕ ਦੇ ਝਾੜ ਤੇ ਕੋਈ ਅਸਰ ਨਹੀਂ ਪਿਆ ਸਗੋਂ ਝਾੜ ਵਿੱਚ ਵਾਧਾ ਹੀ ਹੋਇਆ ਹੈ ਕਿਉਂਕਿ ਪਰਾਲੀ ਤੋਂ ਜ਼ਮੀਨ ਨੂੰ ਕਈ ਤੱਤ ਮਿਲਦੇ ਹਨ ।ਅਗਾਂਹ ਵਧੂ ਕਿਸਾਨ ਜਗਸੀਰ ਸਿੰਘ ਨੇ ਅੱਗੇ ਦੱਸਿਆ ਕਿ ਹੁਣ ਖੇਤੀ ਵਿੱਚ  ਹੋਰ ਨਵੀਆਂ ਕਾਢਾਂ / ਤਕਨੀਕਾਂ ਆਉਣ ਨਾਲ ਇਹ ਕੰਮ ਹੋਰ ਸੁਖਾਲਾ ਹੋਇਆ ਹੈ ਅਤੇ ਹੁਣ ਉਹ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਦੀਆਂ ਗੱਠਾਂ ਬੇਲਰ ਰਾਹੀਂ ਬਣਾਉਂਦਾ ਹੈ ਜਿੱਥੇ ਕਿ ਖੁਦ ਬੇਲਰ ਵਾਲਾ ਹੀ ਇਸ ਪਰਾਲੀ ਨੂੰ ਅੱਗੇ ਪਿੰਡ ਸੇਢਾ ਸਿੰਘ ਵਾਲਾ ਦੇ ਬਿਜਲੀ ਪਲਾਂਟ ਵਿੱਚ ਵੇਚਦਾ ਹੈ ।ਉਸ ਨੇ ਕਿਹਾ ਕਿ ਹੁਣ ਬੇਲਰ ਨਾਲ ਝੋਨੇ ਦੀ ਪਰਾਲੀ ਸਾਂਭਣ ਦਾ ਕੰਮ ਬਹੁਤ ਸੁਖਾਲਾ ਹੋ ਗਿਆ ਹੈ ਸਗੋਂ ਕਿਸਾਨ ਦੇ ਖਰਚੇ ਵੀ ਕਾਫੀ ਘਟੇ ਹਨ ।

ਉਹ ਇਸ ਸਭ ਦਾ ਸਿਹਰਾ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਫਰੀਦਕੋਟ  ਨੂੰ ਦਿੰਦਾ ਹੈ ਜਿੱਥੋਂ ਉਸਨੂੰ ਹਮੇਸ਼ਾ ਯੋਗ ਅਗਵਾਈ ਮਿਲਦੀ ਹੈ।ਜਗਸੀਰ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਗੁਰਬਾਣੀ ਤੋਂ ਸੇਧ ਲੈ ਕੇ ਪੰਜਾਬ ਦੇ ਦਿਨੋਂ ਦਿਨ ਪਲੀਤ ਹੁੰਦੇ ਜਾ ਰਹੇ ਵਾਤਾਵਰਨ ਦੀ ਸੰਭਾਲ ਅਤੇ ਲੋਕਾਂ ਨੂੰ ਬਿਮਾਰੀਆਂ ,ਐਕਸੀਡੈਂਟਾਂ ਤੇ ਹੋਰ ਦੁਰਘਟਨਾਵਾਂ ਤੋਂ ਬਚਾਉਣ, ਪਸ਼ੂ -ਪੰਛੀਆਂ  ਦੀ ਸਿਹਤ ਸੰਭਾਲ ਲਈ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਬਿਲਕੁਲ ਅੱਗ ਨਾ ਲਗਾਉਣ ਬਲਕਿ ਖੇਤੀਬਾੜੀ ਵਿਭਾਗ ਫ਼ਰੀਦਕੋਟ ਤੋਂ  ਸੇਧ ਲੈ ਕੇ ਇਸ ਨੂੰ ਮਲਚਰ, ਰੋਟਾਵੇਟਰ , ਹੈਪੀ ਸੀਡਰ ਰਾਹੀਂ  ਜਾਂ ਤਾਂ ਖੇਤ ਵਿਚ ਹੀ ਖਪਾਉਣ ਜਾਂ ਇਸ ਦੀਆਂ ਗੱਠਾਂ ਬਣਾ ਕੇ ਇਸ ਨੂੰ ਅੱਗੇ ਵੇਚ ਦੇਣ।ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ. ਹਰਨੇਕ ਸਿੰਘ ਰੋਡੇ ਅਤੇ ਡਾ. ਰਮਨਦੀਪ ਸਿੰਘ ਸੰਧੂ ਏ. ਡੀ.ਓ ਨੇ  ਅਗਾਂਹਵਧੂ ਕਿਸਾਨ ਜਗਸੀਰ ਸਿੰਘ ਦੇ ਰੋਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਕੀ ਕਿਸਾਨਾਂ ਨੂੰ ਵੀ ਅਜਿਹੇ ਰਾਹ ਦਸੇਰੇ ਕਿਸਾਨਾਂ ਤੋਂ ਸੇਧ ਲੈ ਕੇ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ।

Exit mobile version