ਮੁੱਖ ਮੰਤਰੀ 2 ਅਕਤੂਬਰ ਨੂੰ ਵੀਡੀਓ ਕਾਨਫਰੰਸ ਰਾਹੀਂ ਜਿਲੇ ਦੇ ਤਿੰਨ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਣਗੇ- ਏ.ਡੀ.ਸੀ.
*ਪਿੰਡ ਕਿਲਾ ਨੌ, ਕੋਠੇ ਹਰੀ ਸਿੰਘ ਮੱਲਾ ਅਤੇ ਕੋਠੇ ਨਾਨਕਸਰ ਵਿਖੇ ਬਨਣਗੇ ਨਵੇਂ ਖੇਡ ਸਟੇਡੀਅਮ
ਫਰੀਦਕੋਟ / 29 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਵੱਲੋਂ ਜ਼ਿਲਾ ਫਰੀਦਕੋਟ ਦੇ ਪਿੰਡਾਂ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਅਤੇ ਬੱਚਿਆਂ ਤੇ ਨੌਜਵਾਨ ਪੀੜੀ ਦੇ ਖੇਡ ਹੁਨਰ ਵਿੱਚ ਵਧੇਰੇ ਨਿਖਾਰ ਲਿਆਉਣ ਦੇ ਉਦੇਸ਼ ਨਾਲ ਬਲਾਕਾਂ ਦੇ ਚੋਣਵੇਂ ਪਿੰਡਾਂ ਵਿੱਚ ਖੇਡ ਸਟੇਡੀਅਮਾਂ ਦਾ ਨਿਰਮਾਣ ਕਰਨ ਦੀ ਪ੍ਰਕਿਰਿਆ ਪ੍ਰਗਤੀ ਅਧੀਨ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ 2 ਅਕਤੂਬਰ ਨੂੰ ਇਨਾਂ ਖੇਡ ਸਟੇਡੀਅਮਾਂ ਦਾ ਪੜਾਅਵਾਰ ਉਦਘਾਟਨ ਕਰਨ ਦੀ ਪ੍ਰਕਿਰਿਆ ਹੋਵੇਗੀ ਜਿਸ ਤਹਿਤ ਜ਼ਿਲੇ ਵਿੱਚ ਪਹਿਲੇ ਪੜਾਅ ਤਹਿਤ 3 ਖੇਡ ਸਟੇਡੀਅਮ ਕੋਵਿਡ ਦੀਆਂ ਸਿਹਤ ਸਲਾਹਾਂ ਦੀ ਪਾਲਣਾ ਕਰਦਿਆਂ ਰਸਮੀ ਤੌਰ ‘ਤੇ ਖਿਡਾਰੀਆਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 2 ਏਕੜ ਵਿੱਚ ਖੇਡ ਸਟੇਡੀਅਮ ਦਾ ਨਿਰਮਾਣ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸਮੂਹ ਜਿਲੇ ਦੇ ਸਮੂਹ ਬਲਾਕਾਂ ਵਿੱਚ 5-5 ਮਾਡਲ ਪਲੇ ਗਰਾਂਊਂਡ ਬਣਾਉਣ ਦਾ ਟਾਰਗੇਟ ਦਿੱਤਾ ਗਿਆ ਹੈ, ਜਿਸ ਅਨੁਸਾਰ 1 ਏਕੜ, 2 ਏਕੜ ਅਤੇ 4 ਏਕੜ ਵਿੱਚ ਉਕਤ ਪਲੇ ਗਰਾਂਊਂਡ ਬਣਾਏ ਜਾਣੇ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਫਰੀਦਕੋਟ ਦੀ ਗ੍ਰਾਮ ਪੰਚਾਇਤ ਕਿਲਾ ਨੌ ਦੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਵਿੱਚ, ਬਲਾਕ ਜੈਤੋ ਦੀ ਗ੍ਰਾਮ ਪੰਚਾਇਤ ਕੋਠੇ ਹਰੀ ਸਿੰਘ ਮੱਲਾ ਦੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਅਤੇ ਬਲਾਕ ਕੋਟਕਪੂਰਾ ਦੀ ਗ੍ਰਾਮ ਪੰਚਾਇਤ ਕੋਠੇ ਨਾਨਕਸਰ ਦੇ ਸਰਕਾਰੀ ਮਿਡਲ ਸਕੂਲ ਵਿੱਚ ਤਿਆਰ ਕੀਤੇ ਜਾ ਰਹੇ ਮਾਡਲ ਪਲੇ ਗਰਾਂਊਂਡ ਨੀਂਹ ਪੱਥਰ 2 ਅਕਤੂਬਰ ਨੂੰ ਵੀਡੀਓ ਕਾਨਫਰੰਸ ਰਾਹੀਂ ਰੱਖਿਆ ਜਾਵੇਗਾ।