ਫਰੀਦਕੋਟ 28 ਸਤੰਬਰ 2020 ( ਨਿਊ ਸੁਪਰ ਭਾਰਤ ਨਿਊਜ਼)
ਵਧੀਕ ਜਿਲਾ ਮੈਜਿਸਟ੍ਰੇਟ ਫਰੀਦਕੋਟ ਸ: ਗੁਰਜੀਤ ਸਿੰਘ, ਪੀ.ਸੀ.ਐਸ., ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲਾ ਫਰੀਦਕੋਟ ‘ਚ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ । ਇਹ ਆਦੇਸ਼ 26 ਨਵੰਬਰ 2020 ਤੱਕ ਲਾਗੂ ਰਹਿਣਗੇ।
ਅਸਲਾ ਡੱਬ ਵਿੱਚ ਛੁਪਾ ਕੇ ਚੱਲਣ ਤੇ ਪਾਬੰਦੀ
ਵਧੀਕ ਜਿਲਾ ਮੈਜਿਸਟ੍ਰੇਟ ਵੱਲੋਂ ਜਿਲੇ ‘ਚ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਦੇ ਮੱਦੇਨਜ਼ਰ ਜਿਲਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ, ਐਸ.ਐਸ.ਪੀ. ਸਮੂਹ ਉਪ ਮੰਡਲ ਮੈਜਿਸਟ੍ਰੇਟਾਂ ਅਤੇ ਜੁਡੀਸ਼ੀਅਲ ਕੰਪਲੈਕਸ ਦੇ ਦਫਤਰਾਂ ਦੀ ਬਾਉਂਡਰੀ ਦੇ ਅੰਦਰ ਅਤੇ ਜਨਤਕ ਥਾਵਾਂ ਜਿਵੇਂ ਕਿ ਮੈਰਿਜ ਪੈਲੇਸ, ਹੋਟਲ ਸਰਾਂ, ਢਾਬਿਆਂ, ਹਸਪਤਾਲਾਂ ਆਦਿ ਅਤੇ ਜਿਲਾ ਭੀੜ ਵਾਲੇ ਇਲਾਕਿਆਂ, ਧਾਰਮਿਕ ਸਥਾਨਾਂ ਅਤੇ ਮੇਲਿਆਂ ਆਦਿ ਤੇ ਲਾਇਸੈਸੀ ਹਥਿਆਰ ਲਿਜਾਣ ਅਤੇ ਪ੍ਰਦਰਸ਼ਨ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ਅਤੇ ਇਸ ਦੇ ਨਾਲ ਹੀ ਪੂਰੇ ਜਿਲਾ ਫਰੀਦਕੋਟ ਦੀ ਹਦੂਦ ਅੰਦਰ ਕੋਈ ਵੀ ਅਸਲਾ ਲਾਈਸੈਂਸ ਹੋਲਡਰ ਜੇਕਰ ਅਸਲਾ ਨਾਲ ਲੈ ਕੇ ਚੱਲਣਾ ਚਾਹੁੰਦੇ ਹਨ, ਤਾਂ ਉਨਾਂ ਦਾ ਅਸਲਾ ਬੈਲਟ ਲਗਾ ਕੇ ਕਵਰ ਵਿਚ ਹੋਣਾ ਚਾਹੀਦਾ ਹੈ ਤੇ ਨਜ਼ਰ ਆਉਣਾ ਚਾਹੀਦਾ ਹੈ, ਤਾਂ ਕਿ ਛੁਪਾ ਕੇ ਬਿਨਾ ਲਾਈਸੈਂਸ ਗਲਤ ਰੱਖਣ ਵਾਲਿਆਂ ਨੂੰ ਕਾਬੂ ਕੀਤਾ ਜਾ ਸਕੇ । ਇਸ ਦੇ ਨਾਲ ਹੀ ਨੰਗੀਆਂ ਤਲਵਾਰਾਂ, ਬਰਸ਼ੇ ਅਤੇ ਕਿਸੇ ਵੀ ਤਰਾਂ ਦੇ ਤੇਜ਼ਧਾਰ ਹਥਿਆਰ ਲੈ ਕੇ ਚੱਲਣ ਅਤੇ ਉਨਾਂ ਦੇ ਪ੍ਰਦਰਸ਼ਨ ਤੇ ਵੀ ਪਾਬੰਦੀ ਲਗਾਈ ਗਈ ਹੈ ।
ਲਾਊਡ ਸਪੀਕਰ ਲਾਉਣ ਤੇ ਪਾਬੰਦੀ
ਵਧੀਕ ਜਿਲਾ ਮੈਜਿਸਟ੍ਰੇਟ ਨੇ ਜਿਲਾ ਫਰੀਦਕੋਟ ਦੀ ਸੀਮਾਵਾਂ ਅੰਦਰ ਲਾਊਡ ਸਪੀਕਰ ਲਾਉਣ ਤੇ ਪਾਬੰਦੀ ਲਗਾਈ ਹੈ ।ਉਨ•ਾਂ ਦੱਸਿਆ ਕਿ ਪੰਜਾਬ ਇੰਸਟਰੂਮੈਂਟ (ਕੰਟਰੋਲ ਆਫ ਨੋਆਇਜਜ) ਐਕਟ 1956 ਤਹਿਤ ਕੋਈ ਵੀ ਵਿਅਕਤੀ ਬਿਨਾ ਪ੍ਰਵਾਨਗੀ ਦੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਬਿਨਾ ਪ੍ਰਵਾਨਗੀ ਦੇ ਲਾਊਡ ਸਪੀਕਰ ਨਹੀਂ ਚਲਾ ਸਕਦਾ। ਉਨਾਂ ਦੱਸਿਆ ਕਿ ਖਾਸ ਹਾਲਤਾਂ ਅਤੇ ਮੌਕਿਆਂ ਸਮੇਂ ਪ੍ਰਬੰਧਕ ਸਬੰਧਤ ਉਪ ਮੰਡਲ ਮੈਜਿਸਟਰੇਟਾਂ ਪਾਸੋਂ ਲਿਖਤੀ ਪ੍ਰਵਾਨਗੀ ਲੈਣ ਉਪਰੰਤ ਹੀ ਲਾਊਡ ਸਪੀਕਰਾਂ ਦਾ ਇਸਤੇਮਾਲ ਕਰ ਸਕਦੇ ਹਨ। ਉਨਾਂ ਦੱਸਿਆ ਕਿ ਜਿਲੇ ਵਿੱਚ ਪਬਲਿਕ ਵੱਲੋਂ ਕਲਚਰਲ ਅਤੇ ਧਾਰਮਿਕ ਜਾਂ ਖੁਸ਼ੀ ਦੇ ਸਮਾਗਮਾਂ ਸਮੇਂ ਲਾਊਡ ਸਪੀਕਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਦੀ ਵਰਤੋਂ ਸਦਕਾ ਲੋਕ ਸ਼ਾਂਤੀ ਭੰਗ ਹੁੰਦੀ ਹੈ। ਇਸ ਸਭ ਦੇ ਮੱਦੇਨਜ਼ਰ ਵਧੀਕ ਜਿਲਾ ਮੈਜਿਸਟ੍ਰੇਟ ਨੇ ਲਾਊਡ ਸਪੀਕਰ ਦੀ ਵਰਤੋਂ ਤੇ ਪਾਬੰਦੀ ਲਗਾਈ ਹੈ । ਇਹ ਪਾਬੰਦੀ 26 ਨਵੰਬਰ 2020 ਤੱਕ ਲਾਗੂ ਰਹੇਗੀ।
ਨਜਾਇਜ਼ ਕਬਜਿਆਂ ਤੇ ਪਾਬੰਦੀ
ਇਸ ਤੋਂ ਇਲਾਵਾ ਜਿਲਾ ਫਰੀਦਕੋਟ ਦੀ ਹਦੂਦ ਅੰਦਰ ਕੋਈ ਵੀ ਵਿਅਕਤੀ ਸਰਕਾਰੀ ਰਸਤੇ/ਸੜਕਾਂ ਦੀ ਜ਼ਮੀਨ ਤੇ ਨਜਾਇਜ਼ ਕਬਜਾ ਕਰਨ ਤੇ ਵੀ ਪਾਬੰਦੀ ਲਗਾਈ ਹੈ । ਇਹ ਪਾਬੰਦੀ 26 ਨਵੰਬਰ 2020 ਤੱਕ ਲਾਗੂ ਰਹੇਗੀ।
ਤੰਬਾਕੂ ਵੇਚਣ ਤੇ ਪਾਬੰਦੀ
ਵਧੀਕ ਜਿਲਾ ਮੈਜਿਸਟ੍ਰੇਟ ਸ: ਗੁਰਜੀਤ ਸਿੰਘ ਨੇ ਜਿਲਾ ਫਰੀਦਕੋਟ ਦੀ ਹਦੂਦ ਅੰਦਰ ਵਿਦਿਅਕ ਸੰਸਥਾਵਾਂ ਦੇ ਦੁਆਲੇ 100 ਮੀਟਰ ਦੇ ਘੇਰੇ ਅੰਦਰ ਤੰਬਾਕੂ ਰੱਖਣ ਅਤੇ 18 ਸਾਲ ਤੋਂ ਘੱਟ ਉਮਰ ਵਾਲੇ ਵਿਅਕਤੀ ਨੂੰ ਵੇਚਣ ਅਤੇ ਵਰਤੋਂ ਕਰਨ ਤੇ ਮੁਕੰਮਲ ਪਾਬੰਦੀ ਲਗਾਈ ਹੈ ।ਉਨਾਂ ਕਿਹਾ ਕਿ ਤੰਬਾਕੂ ਦੀ ਵਰਤੋਂ ਵਿਅਕਤੀ ਦੇ ਸਰੀਰ ਨੂੰ ਨੁਕਸਾਨ ਪਹੰਚਾਉਂਦੀ ਹੈ ਜਿਸ ਨਾਲ ਵਿਅਕਤੀ ਸਰੀਰਕ ਅਤੇ ਮਾਨਸਿਕ ਤੌਰ ਤੇ ਰੋਗੀ ਹੋ ਜਾਂਦਾਂ ਹੈ। ਇਹ ਪਾਬੰਦੀ 26 ਨਵੰਬਰ 2020 ਤੱਕ ਲਾਗੂ ਰਹੇਗੀ।
ਸਾਈਕਲ, ਰਿਕਸ਼ਾ, ਟਰੈਕਟਰ-ਟਰਾਲੀ, ਰੇਹੜੀ ਆਦਿ ਦੇ ਅੱਗੇ-ਪਿੱਛੇ ਲਾਈਟਾਂ ਨਹੀਂ, ਰਿਫਲੈਕਟਰ ਤੋਂ ਬਿਨਾਂ ਚੱਲਣ ‘ਤੇ ਰੋਕ
ਇਸੇ ਤਰਾਂ ਸਾਈਕਲ, ਰਿਕਸ਼ਾ, ਟਰੈਕਟਰ-ਟਰਾਲੀ, ਰੇਹੜੀ ਅਤੇ ਅਜਿਹੀਆਂ ਹੀ ਹੋਰ ਗੱਡੀਆਂ ਜਿੰਨਾਂ ਦੇ ਅੱਗੇ-ਪਿੱਛੇ ਲਾਈਟਾਂ ਨਹੀਂ ਹਨ, ਅਜਿਹੇ ਵਾਹਨਾਂ ਨੂੰ ਰਿਫਲੈਕਟਰ ਤੋਂ ਬਿਨਾਂ ਚੱਲਣ ‘ਤੇ ਰੋਕ ਲਗਾਈ ਗਈ ਹੈ। ਵਧੀਕ ਜਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਅਜਿਹੇ ਵਾਹਨ ਅਕਸਰ ਐਕਸੀਡੈਂਟਾਂ ਦਾ ਕਾਰਣ ਬਣਦੇ ਹਨ। ਇਸ ਨਾਲ ਜਿੱਥੇ ਮਾਲੀ ਤੇ ਜਾਨੀ ਨੁਕਸਾਨ ਹੁੰਦਾ ਹੈ, ਉੱਥੇ ਕਈ ਵਾਰ ਆਮ ਜਨਤਾ ਵਿੱਚ ਅਸ਼ਾਂਤੀ ਅਤੇ ਅਮਨ ਭੰਗ ਹੋਣ ਦਾ ਖਤਰਾ ਪੈਦਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਇੰਨਾਂ ਦੇ ਅੱਗੇ-ਪਿੱਛੇ ਲਾਲ ਰੰਗ ਦੇ ਰਿਫਲੈਕਟਰ ਜਾਂ ਕੋਈ ਆਈ ਗਲਾਸ ਜਾਂ ਚਮਕਦਾਰ ਟੇਪ ਫਿੱਟ ਕਰਵਾਏ ਬਿਨਾਂ ਨਹੀਂ ਚਲਾਏਗਾ। ਇਹ ਪਾਬੰਦੀ 26 ਨਵੰਬਰ 2020 ਤੱਕ ਲਾਗੂ ਰਹੇਗੀ।