ਰਾਤ ਸਮੇਂ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਕਰਨ ਤੇ ਪੂਰਨ ਪਾਬੰਦੀ- ਜਿਲਾ ਮੈਜਿਸਟ੍ਰੇਟ
*ਸ਼ਾਮ 7 ਵਜੇ ਤੋਂ ਸਵੇਰੇ 8 ਵਜੇ ਤੱਕ ਝੋਨੇ ਦੀ ਫ਼ਸਲ ਦੀ ਕੰਬਾਇਨਾਂ ਰਾਹੀਂ ਕਟਾਈ ‘ਤੇ ਪਾਬੰਦੀ
ਫਰੀਦਕੋਟ / 25 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਜਿਲਾ ਮੈਜਿਸਟਰੇਟ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਫੌਜ਼ਦਾਰੀ ਦੰਡ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਫਰੀਦਕੋਟ ਅੰਦਰ ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਸ਼ਾਮ 7 ਵਜੇ ਤੋਂ ਸਵੇਰੇ 8 ਵਜੇ ਤੱਕ ਝੋਨੇ ਦੀ ਫ਼ਸਲ ਦੀ ਕੰਬਾਇਨਾਂ ਰਾਹੀਂ ਕਟਾਈ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 23 ਨਵੰਬਰ 2020 ਤੱਕ ਲਾਗੂ ਰਹਿਣਗੇ।
ਸ਼੍ਰੀ ਵਿਮਲ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਸਾਉਣੀ 2020 ਦੌਰਾਨ ਝੋਨੇ ਦੀ ਫਸਲ ਦੀ ਕਟਾਈ ਜਲਦੀ ਸ਼ੁਰੂ ਕੀਤੀ ਜਾ ਰਹੀ ਹੈ। ਝੋਨੇ ਦੀ ਕਟਾਈ ਵਾਸਤੇ ਜਿਆਦਾਤਰ ਕਿਸਾਨਾਂ ਵੱਲੋਂਕੰਬਾਇਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕੰਬਾਇਨਾਂ ਸਵੇਰ ਸਮੇਂ ਜਲਦੀ ਚੱਲਣ ਨਾਲ ਰਾਤ ਸਮੇਂ ਪਈ ਤਰੇਲ ਕਾਰਨ ਝੋਨੇ ਦੀ ਗਿਲੀ ਫਸਲ ਦੀ ਕਟਾਈ ਕਰਦੇ ਹਨ। ਜਿਸ ਨਾਲ ਫਸਲ ਵਿੱਚ ਨਮੀ ਦੀ ਮਾਤਰਾ ਨਿਰਧਾਰਤ ਮਾਪਦੰਡ ਤੋਂ ਵੱਧਣ ਦੀ ਸੰਭਾਵਨਾ ਹੁੰਦੀ ਹੈ। ਇਸੇ ਤਰ੍ਹਾਂ ਕਈ ਕਿਸਾਨ ਰਾਤ ਨੂੰ ਲੇਟ ਸਮੇਂ ਤੱਕ ਫਸਲ ਦੀ ਕਟਾਈ ਕਰਦੇ ਹਨ। ਇਸ ਤਰ੍ਹਾਂ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਗਿੱਲੀ ਫਸਲ ਦੀ ਢੁਆਈ ਕੀਤੀ ਜਾਦੀ ਹੈ, ਜਿਸ ਕਰਕੇ ਖਰੀਦ ਏਜੰਸੀਆਂ ਇਹ ਫਸਲ ਸਰਕਾਰੀ ਹਦਾਇਤਾਂ ਮੁਤਾਬਿਕ ਨਮੀ ਜ਼ਿਆਦਾ ਹੋਣ ਕਰਕੇ ਖਰੀਦ ਕਰਨ ਵਿੱਚ ਅਸਮਰੱਥ ਰਹਿੰਦੀਆਂ ਹਨ। ਇਸੇ ਤਰਾ ਗਿੱਲੀ ਫਸਲ ਨੂੰ ਮੰਡੀ ਵਿੱਚ ਖਿਲਾਰ ਕੇ ਸੁਕਾਉਣ ਨਾਲ ਟਰੈਫ਼ਿਕ ਮੈਨੇਜਮੈਂਟ ਵਿੱਚ ਸਮੱਸਿਆ ਆਉਂਦੀ ਹੈ ਜੋ ਕਿਸੇ ਸਮੇਂ ਅਮਨ ਅਤੇ ਕਾਨੂੰਨ ਦੀ ਸਥਿਤੀ ਲਈ ਖਤਰਾ ਬਣਦਾ ਹੈ। ਹੁਕਮ 23 ਨਵੰਬਰ, 2020 ਤੱਕ ਲਾਗੂ ਰਹਿਣਗੇ।