*ਸਾਉਣੀ ਦੀਆਂ ਫਸਲਾਂ ਉੱਪਰ ਅੰਧਾਂ-ਧੂੰਦ ਸਪਰੇਆਂ ਨਾ ਕਰਨ ਕਿਸਾਨ **ਹਾਨੀਕਾਰਕ ਸਪਰੇਆ ਦੀ ਵਰਤੋਂ ਤੇ ਸਰਕਾਰ ਨੇ ਲਗਾਈ ਪਾਬੰਦੀ
ਫਰੀਦਕੋਟ / 9 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਮਲ ਕੁਮਾਰ ਸੇਤੀਆ ਜੀ ਦੀ ਰਹਿਨੁਮਾਈ ਹੇਠ ਆਉਣ ਵਾਲੇ ਝੋਨੇ ਦੀ ਵਾਢੀ ਸਮੇੇਂ ਪਰਾਲੀ ਨੂੰ ਖੇਤ ਵਿੱਚ ਹੀ ਸਾਂਭਣ ਲਈ ਖੇਤੀਬਾੜੀ ਵਿਭਾਗ ਵੱਲੋਂ ਜਲਦ ਹੀ ਕਿਸਾਨਾਂ, ਕਿਸਾਨ ਗਰੁੱਪਾਂ, ਪੰਚਾਇਤਾਂ ਅਤੇ ਸਹਿਕਾਰੀ ਸਭਾਵਾਂ ਨੂੰ ਮਸ਼ੀਨਰੀ ਸਬਸਿਡੀ ਉੱਪਰ ਉਪਲਭਧ ਕਰਵਾਈ ਜਾਵੇਗੀ। ਇਸ ਸਬੰਧੀ ਵਿਭਾਗ ਨੂੰ ਪ੍ਰਾਪਤ ਬਿਨੈਪੱਤਰਾਂ ਦਾ ਕੰਪਿਊਟਰ ਰਾਂਹੀ ਜਲਦ ਹੀ ਡਰਾਅ ਕੱਢਿਆ ਜਾਵੇਗਾ। ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਹਰਨੇਕ ਸਿੰਘ ਰੋਡੇ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਇੰਨ੍ਹਾਂ ਮਸ਼ੀਨਾਂ ਦੀ ਵਰਤੋਂ ਨਾਲ ਖੇਤ ਵਿੱਚ ਹੀ ਸਾਂਭਣ ਤਾਂ ਜੋ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਿਆ ਜਾ ਸਕੇ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਇਆ ਜਾ ਸਕੇ।
ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਛੋਟੇ-ਛੋਟੇ ਗਰੁੱਪ ਬਣਾਕੇ ਸਾਂਝੀ ਖੇਤੀ ਵੱਲ ਪਰਤਣ ਦੀ ਜਰੂਰਤ ਹੈ।ਅੱਜ ਦੇ ਸਮੇਂ ਵਿੱਚ ਖੇਤੀ ਲਾਗਤਾਂ ਵਧ ਰਹੀਆਂ ਹਨ ਜਿਸ ਕਾਰਨ ਅਮਦਨ ਘਟ ਰਹੀ ਹੈ।ਰੋਜਾਨਾਂ ਘਰੇਲੂ ਵਰਤੋਂ ਵਾਲੀਆਂ ਦਾਲਾਂ, ਸਬਜੀਆਂ, ਅਨਾਜ, ਤੇਲ ਆਦਿ ਹਰ ਕਿਸਾਨ ਨੂੰ ਆਪ ਪੈਦਾ ਕਰਨ ਦੀ ਜਰੂਰਤ ਹੈ ਤਾਂ ਜੋ ਸ਼ੁੱਧ ਅਤੇ ਆਰਗੈਨਿਕ ਭੋਜਨ ਰਾਂਹੀ ਕਰੋਨਾ ਵਰਗੀ ਭਿਆਨਕ ਬਿਮਾਰੀ ਦਾ ਟਾਕਰਾ ਕਰਨ ਦੇ ਕਿਸਾਨ ਸਮਰੱਥ ਹੋ ਸਕਣ।
ਉਨ੍ਹਾਂ ਅੱਗੇ ਕਿਹਾ ਕਿ ਵਾਤਾਵਰਣ ਅੰਦਰ 85% ਮਿੱਤਰ ਕੀੜੇ ਹੁੰਦੇ ਹਨ ਅਤੇ 15% ਹੀ ਦੁਸ਼ਮਣ ਕੀੜੇ-ਮਕੌੜੇ ਮੌਜੂਦ ਹੁੰਦੇ ਹਨ।ਮਿੱਤਰ ਕੀੜਿਆਂ ਦੀ ਅਹਿਮੀਅਤ ਪ੍ਰਤੀ ਅਗਿਆਨਤਾ ਕਾਰਨ ਕਿਸਾਨ ਵੀਰਾਂ ਵਿੱਚ ਅੰਧਾ-ਧੁੰਦ ਸਪਰੇਆਂ ਕਰਨ ਦਾ ਰੁਝਾਨ ਪਾਇਆ ਜਾਂਦਾ ਹੈ। ਇਸ ਸਾਉਣੀ ਦੇ ਸੀਜਨ ਵਿੱਚ ਮੌਸਮ ਦਾ ਮਿਜਾਜ ਵੱਖ-ਵੱਖ ਫਸਲਾ ਲਈ ਕਾਫੀ ਅਨੁਕੂਲ ਹੈ। ਖਾਸ ਤੌਰ ਤੇ ਝੌਨੇ ਅਤੇ ਬਾਸਮਤੀ ਦੀ ਫਸਲ ਲਈ ਇਸ ਸਾਲ ਹੁਣ ਤੱਕ ਦਾ ਮੌਸਮ ਬਿਲਕੁਲ ਢੁਕਵਾਂ ਰਿਹਾ ਹੈ, ਜਿਸ ਦੇ ਚੱਲਦਿਆਂ ਇੰਨ੍ਹਾਂ ਫਸਲਾਂ ਤੇ ਨਾ ਕਿਸੇ ਕੀੜੇ-ਮਕੌੜੇ ਅਤੇ ਨਾ ਹੀ ਕਿਸੇ ਗੰਭੀਰ ਬਿਮਾਰੀ ਦਾ ਹਮਲਾ ਦੇਖਣ ਵਿੱਚ ਆਇਆ ਹੈ। ਅਨੁਕੂਲ ਵਾਤਾਵਰਣ ਕਾਰਨ ਝੌਨੇ ਅਤੇ ਬਾਸਮਤੀ ਦੀ ਫਸਲ ਵਿੱਚ ਇਸ ਸਮੇਂ ਬਹੁਤ ਵੱਡੀ ਗਿਣਤੀ ਵਿੱਚ ਮਿੱਤਰ ਕੀੜੇ ਮੌਜੂਦ ਹਨ, ਜੋ ਕਿ ਦੁਸ਼ਮਣ ਕੀੜਿਆਂ ਨੂੰ ਖਤਮ ਕਰਕੇ ਕਿਸਾਨਾਂ ਦੀ ਮੱਦਦ ਕਰ ਰਹੇ ਹਨ। ਪਰ ਕਿਸਾਨ ਅਜਿਹੇ ਮਿੱਤਰ ਕੀੜਿਆਂ ਨੂੰ ਦੁਸ਼ਮਨ ਕੀੜੇ ਸਮਝ ਕੇ ਕੀਟ-ਨਾਸ਼ਕਾਂ ਦਾ ਛਿੜਕਾਅ ਕਰ ਦਿੰਦੇ ਹਨ। ਜਿਸ ਨਾਲ ਮਿੱਤਰ ਕੀੜੇ ਮਰ ਜਾਂਦੇ ਹਨ ਅਤੇ ਦੁਸ਼ਮਣ ਕੀੜਿਆਂ ਦੀ ਗਿਣਤੀ ਵਿੱਚ ਵਾਧਾ ਸ਼ੁਰੂ ਹੋ ਜਾਂਦਾ ਹੈ। ਸਮੇਂ ਦੀ ਲੋੜ ਹੈ ਕਿ ਇੰਨ੍ਹਾਂ ਲੱਖਾਂ ਮਿੱਤਰ ਕੀੜਿਆਂ ਦੀ ਸਹੀ ਪਛਾਣ ਕਰਕੇ ਬੇ-ਲੋੜੇ ਕੀਟ ਨਾਸ਼ਕਾਂ ਦਾ ਛਿੜਕਾਅ ਨਾ ਕੀਤਾ ਜਾਵੇ ਜੋ ਇੰਨ੍ਹਾਂ ਦੀ ਬਲੀ ਲੈਦੇ ਹਨ।
ਡਾ ਹਰਨੇਕ ਸਿੰਘ ਰੋੋਡੇ ਨੇ ਦੱਸਿਆ ਕਿ ਬਾਸਮਤੀ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਸਰਕਾਰ ਵੱਲੋਂ ਕਈ ਦਵਾਈਆਂ ਬੈਨ ਕੀਤੀਆਂ ਗਈਆਂ ਹਨ। ਇੰਨ੍ਹਾਂ ਦੀ ਸਪਰੇਅ ਕਰਨ ਨਾਲ ਉਸ ਦਾ ਸਿੱਧਾ ਅਸਰ ਦਾਣਿਆਂ ਵਿੱਚ ਆ ਜਾਂਦਾ ਹੈ, ਜਿਸ ਨੂੰ ਖਾਣ ਨਾਲ ਮਨੁੱਖੀ ਸਿਹਤ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਬਾਹਰਲੇ ਸੂਬਿਆਂ ਅਤੇ ਵਿਦੇਸ਼ਾਂ ਵਿੱਚ ਵੇਚਣ ਸਮੇਂ ਵੀ ਵੱਢੀ ਮੁਸ਼ਕਿਲ ਖੜੀ ਹੋ ਜਾਂਦੀ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਜਾਣਕਾਰੀ ਦਿੰਦੇ ਅਪੀਲ ਕੀਤੀ ਕਿ ਐਸੀਫੇਟ, ਟਰਾਈਜੋਫਾਸ, ਥਾਇੳਮੈਥਾਕਸਿਮ, ਕਾਰਬੋਡਾਇਜਮ, ਟਰਾਈਸਾਈਕਲਾਜੋਲ, ਬੁਪਰਾਫੇਜਿਨ, ਕਾਰਬੋਫਿੳਰੌਨ, ਪ੍ਰੋਪੀਕੋਨਾਜੋਲ, ਥਾਈਵਫਿਨੇਟ-ਮਿਥਾਈਲ ਦਵਾਈਆਂ ਦਾ ਛਿੜਕਾਅ ਫਸਲ ਉੱਪਰ ਨਾ ਕੀਤਾ ਜਾਵੇ।ਲੋੜ ਪੈਣ ਤੇ ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀ ਸਲਾਹ ਨਾਲ ਬਦਲਵੀਆਂ ਦਵਾਈਆਂ ਹੀ ਵਰਤੀਆਂ ਜਾਣ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਫਸਲਾਂ ਨੂੰ ਕੀੜਿਆਂ ਅਤੇ ਬਿਮਾਰੀਆਂ ਦੇ ਹਮਲੇ ਤੋਂ ਬਚਾਉਣ ਲਈ ਨਿਰੰਤਰ ਨਿਰੀਖਣ ਕਰਦੇ ਰਹਿਣ ਅਤੇ ਜੇਕਰ ਕੋਈ ਸਮੱਸਿਆ ਆਵੇ ਤਾਂ ਸਮੇਂ ਸਿਰ ਖੇਤੀ ਮਾਹਿਰਾਂ ਦੀ ਸਲਾਹ ਨਾਲ ਰੋਕਥਾਮ ਕੀਤੀ ਜਾਵੇ।