*ਕਰੋਨਾ ਦੀ ਰੋਕਥਾਮ ਲਈ ਲੋਕ ਵੱਧ ਤੋਂ ਵੱਧ ਟੈਸਟ ਕਰਾ ਕੇ ਸਰਕਾਰ ਦਾ ਸਾਥ ਦੇਣ
ਫਰੀਦਕੋਟ / 6 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਸੀਨੀਅਰ ਮੈਡੀਕਲ ਅਫ਼ਸਰ ਫਰੀਦਕੋਟ ਡਾ: ਚੰਦਰ ਸ਼ੇਖਰ ਕੱਕੜ ਨੇ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਜਿਸ ਵਿੱਚ ਹਸਪਤਾਲਾਂ ਵਿੱਚ ਦਾਖਲ ਕਰੋਨਾ ਮਰੀਜ਼ਾਂ ਦੇ ਅੰਗ (ਆਰਗਨ ) ਕੱਢੇ ਜਾਣ ਬਾਰੇ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਵੀਡੀਓ ਵਿਚ ਦਿਖਾਏ ਪ੍ਰਾਪੇਗੰਡੇ, ਅਫ਼ਵਾਹਾਂ ਦੀ ਪੁਰਜ਼ੋਰ ਨਿੰਦਿਆ ਕੀਤੀ ਅਤੇ ਲੋਕਾਂ ਨੂੰ ਅਜਿਹੀਆਂ ਝੂਠੀਆਂ ਅਫ਼ਵਾਹਾਂ ਤੋਂ ਸੁਚੇਤ ਹੋਣ ਦੀ ਅਪੀਲ ਕੀਤੀ ਹੈ।
ਡਾ. ਕੱਕੜ ਨੇ ਦੱਸਿਆ ਕਿ ਅੰਗ (ਆਰਗਨ )ਟ੍ਰਾਂਸਪਲਾਂਟੇਸ਼ਨ ਦਾ ਕੰਮ ਬਹੁਤ ਹੀ ਔਖਾ ਕੰਮ ਅਤੇ ਆਰਗਨ ਟ੍ਰਾਂਸਪਲਾਂਟੇਸ਼ਨ ਲਈ ਲੱਗਭਗ ਵੀਹ ਦੇ ਕਰੀਬ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇ ਡੋਨਰ ਟਰਾਂਸਪਲਾਂਟ ਕਰਨ ਦੇ ਕਾਬਿਲ ਹੁੰਦਾ ਹੈ ਤਾਂ ਹੀ ਇਹ ਟਰਾਂਸਪਲਾਂਟੇਸ਼ਨ ਕੀਤੀ ਜਾਂਦੀ ਹੈ ਅਤੇ ਔਰਗਨ ਨੂੰ ਸੰਭਾਲਣ ਲਈ ਹਸਪਤਾਲ ਦੇ ਵਿੱਚ ਸਾਰੀਆਂ ਸਹੂਲਤਾਂ ਉਪਲੱਬਧ ਹੋਣੀਆਂ ਚਾਹੀਦੀਆਂ ਹਨ ਤਾਂ ਹੀ ਇਹ ਟਰਾਂਸਪਲਾਂਟੇਸ਼ਨ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਸੌਖਾ ਪ੍ਰੋਸੈੱਸ ਨਹੀਂ ਹੈ ਕਿ ਕਿਸੇ ਵੀ ਵਿਅਕਤੀ ਦੇ ਸਰੀਰ ਵਿੱਚੋਂ ਆਰਗਨ ਕੱਢ ਲਿਆ ਜਾਵੇ।
ਉਨ੍ਹਾਂ ਅੱਗੇ ਦੱਸਿਆ ਕਿ ਕਿਸੇ ਵੀ ਮਰੀਜ਼ ਦਾ ਅੰਗ ਕਿਸੇ ਵੀ ਤੰਦਰੁਸਤ ਵਿਅਕਤੀ ਦੇ ਸਰੀਰ ਵਿੱਚ ਨਹੀਂ ਪਾਇਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਜੋ ਵੀ ਡੋਨਰ ਹੁੰਦਾ ਹੈ ਸਰੀਰ ਦਾ ਅੰਗ ਦਾਨ ਕਰਨ ਵੇਲੇ ਉਸ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਕਰੋਨਾ ਦੇ ਵਧ ਤੋਂ ਵਧ ਟੈਸਟ ਇਸ ਲਈ ਕੀਤੇ ਜਾ ਰਹੇ ਹਨ ਕਿਉਕਿ ਇਸ ਲਈ ਸਿਹਤ ਵਿਭਾਗ ਨੂੰ ਤਿੰਨ ਲੱਖ ਰੁਪਿਆ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਪੰਜਾਬ ਵਿੱਚ ਆਰਥਿਕ ਮੰਦੀ ਜ਼ਰੂਰ ਆਈ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਕਰੋਨਾ ਦੇ ਇਲਾਜ ਲਈ ਚੌਵੀ ਘੰਟੇ ਸਿਹਤ ਸੇਵਾਵਾਂ ਉਪਲੱਬਧ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹ ਸਭ ਕੁਝ ਆਮ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਸਾਰੇ ਨਾਗਰਿਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਅਤੇ ਕਰੋਨਾ ਮਹਾਂਮਾਰੀ ਨਾਲ ਇੱਕ ਲੰਬੀ ਲੜਾਈ ਲੜਨ ਲਈ ਵਚਨਬੱਧ ਹੈ ਅਤੇ ਇਸ ਲਈ ਸਾਨੂੰ ਸਾਰਿਆਂ ਨੂੰ ਸਰਕਾਰ ਦਾ ਇਸ ਉਪਰਾਲੇ ਲਈ ਧੰਨਵਾਦ ਕਰਨਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਜੋ ਇਸ ਮਹਾਮਾਰੀ ਤੇ ਕਾਬੂ ਪਾਇਆ ਜਾ ਸਕੇ ।