ਅਧਿਆਪਕ ਰਾਸ਼ਟਰ ਦੇ ਨਿਰਮਾਣ ‘ਚ ਆਪਣਾ ਪੂਰਾ ਯੋਗਦਾਨ ਪਾਉਂਦਾ ਹੈ- ਵਿਮਲ ਸੇਤੀਆ
ਫ਼ਰੀਦਕੋਟ / 5 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਕੋਵਿਡ ਮਹਾਂਮਾਰੀ ਕਾਰਣ ਅਧਿਆਪਕ ਦਿਵਸ ਤੇ ਆਨਲਾਈਨ ਵਰਚੂਅਲ ਸਰੈਮਨੀ ਰਾਹੀਂ ਭਾਰਤ ਦੇ ਰਾਸ਼ਟਰਪਤੀ ਮਹਾਮਹਿਮ ਸ੍ਰੀ ਰਾਮ ਨਾਥ ਕੋਵਿੰਦ ਜੀ ਵੱਲੋਂ ਸੂਬੇ ਦੇ ਇਕਮਾਤਰ ਅਧਿਆਪਕ ਸ੍ਰੀ ਰਾਜਿੰਦਰ ਕੁਮਾਰ ਨੂੰ ਨੈਸ਼ਨਲ ਅਵਾਰਡ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਰਾਹੀਂ ਦਿੱਤਾ ਗਿਆ।
ਜਿਸ ਵਿਚ ਇਕ ਮੈਡਲ ਅਤੇ ਸਰਟੀਫਿਕੇਟ ਸ਼ਾਮਿਲ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਗੁਰਜੀਤ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਰਾਜਿੰਦਰ ਕੁਮਾਰ ਨੇ ਪੂਰੇ ਭਾਰਤ ਵਿਚ ਪੰਜਾਬ ਅਤੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ ਅਤੇ ਹੋਰਨਾਂ ਅਧਿਆਪਕਾਂ ਲਈ ਉਹ ਚਾਨਣ ਮੁਨਾਰਾ ਦਾ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਇਕ ਅਧਿਆਪਕ ਹੀ ਹੈ ਜੋ ਰਾਸ਼ਟਰ ਦੇ ਨਿਰਮਾਣ ‘ਚ ਆਪਣਾ ਪੂਰਾ ਯੋਗਦਾਨ ਪਾਉਂਦਾ ਹੈ।
ਇਸ ਮੌਕੇ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਤ ਸ੍ਰੀ ਰਾਜਿੰਦਰ ਕੁਮਾਰ ਨੇ ਕੇਂਦਰ ਸਰਕਾਰ, ਰਾਜ ਸਰਕਾਰ ਅਤੇ ਸਕੱਤਰ ਸਕੂਲ ਸਿੱਖਿਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਹੀ ਸਿੱਖਿਆ ਦੇ ਖੇਤਰ ਵਿਚ ਆਪਣਾ ਵੱਢਮੁੱਲਾ ਯੋਗਦਾਨ ਪਾਉਂਦੇ ਰਹਿਣਗੇ। ਉਨਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਆਪਣੇ ਮਾਪਿਆਂ ਦੀ ਆਸ ਹੁੰਦੇ ਹਨ। ਇਸ ਲਈ ਸਾਡਾ ਫ਼ਰਜ਼ ਬਣਦਾ ਹੈ ਕਿ ਉਨਾਂ ਨੂੰ ਵਧੀਆ ਸਿੱਖਿਆ ਦੇ ਕੇ ਦੇਸ਼ ਦਾ ਵਧੀਆ ਨਾਗਰਿਕ ਬਣਾਈਏ ਤਾਂ ਜੋ ਉਹ ਆਪਣੇ ਦੇਸ਼ ਲਈ ਕੁਝ ਕਰ ਸਕੇ। ਉਨ੍ਹਾਂ ਕਿਹਾ ਕਿ ਇਹ ਸਨਮਾਨ ਮਿਲਣ ਨਾਲ ਉਨਾਂ ਦਾ ਜਿੰਮੇਵਾਰੀ ਬੱਚਿਆਂ ਪ੍ਰਤੀ ਹੋਰ ਵਧ ਗਈ ਹੈ ਅਤੇ ਉਨ੍ਹਾਂ ਨੂੰ ਹੋਰ ਤਕੜੇ ਹੋ ਕੇ ਸਿੱਖਿਆ ਦੇ ਖੇਤਰ ਵਿਚ ਕੰਮ ਕਰਨਾ ਪਵੇਗਾ।
ਸ੍ਰੀ ਰਾਜਿੰਦਰ ਨੇ ਕਿਹਾ ਕਿ ਸਾਨੂੰ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਕਰਨੀ ਚਾਹੀਦੀ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਪਰਮਜੀਤ ਸਿੰਘ ਬਰਾੜ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਮਲਜੀਤ ਤਾਹੀਮ, ਡੀ.ਆਈ.ਓ ਅਨਿਲ ਕੁਮਾਰ ਅਤੇ ਸ੍ਰੀ ਰਾਜਿੰਦਰ ਕੁਮਾਰ ਦੀ ਧਰਮ ਪਤਨੀ ਵੀ ਹਾਜ਼ਰ ਸਨ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸ ਪਰਮਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸ਼੍ਰੀ ਰਾਜਿੰਦਰ ਕੁਮਾਰ ਦੀ ਸੁਪਤਨੀ ਸ਼੍ਰੀਮਤੀ ਹਰਿੰਦਰ ਕੌਰ ਅਤੇ ਸ਼੍ਰੀ ਕੁਲਵੰਤ ਸਿੰਘ ਨੂੰ ਸਿੱਖਿਆ ਦੇ ਖੇਤਰ ਵਿੱਚ ਦਿੱਤੀਆਂ ਅਹਿਮ ਯੋਗਦਾਨ ਸਦਕਾ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।