Site icon NewSuperBharat

ਸੂਬੇ ਚੋਂ ਫਰੀਦਕੋਟ ਜਿਲੇ ਦੇ ਅਧਿਆਪਕ ਨੂੰ ਮਿਲੇਗਾ “ਨੈਸ਼ਨਲ ਅਧਿਆਪਕ ਐਵਾਰਡ 2020”

*ਡਿਪਟੀ ਕਮਿਸ਼ਨਰ ਫਰੀਦਕੋਟ ਨਿਭਾਉਣਗੇ ਐਵਾਰਡ ਦੇਣ ਦੀ ਰਸਮ **ਮੈਂਬਰ ਲੋਕ ਸਭਾ ਜਨਾਬ ਮੁਹੰਮਦ ਸਦੀਕ ਅਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਦਿੱਤੀ ਮੁਬਾਰਕਬਾਦ

ਫ਼ਰੀਦਕੋਟ / 3 ਸਤੰਬਰ / ਨਿਊ ਸੁਪਰ ਭਾਰਤ ਨਿਊਜ

5 ਸਤੰਬਰ ਨੂੰ ਅਧਿਆਪਕ ਦਿਵਸ ਤੇ ਕੇਂਦਰ ਸਰਕਾਰ ਵਲੋਂ ਦਿੱਤੇ ਜਾਣ ਵਾਲੇ “ਨੈਸ਼ਨਲ ਅਧਿਆਪਕ ਐਵਾਰਡ 2020” ਲਈ ਸੂਬੇ ਵਿਚੋਂ ਫਰੀਦਕੋਟ ਜਿਲੇ ਦੇ ਪਿੰਡ ਵਾੜਾ ਭਾਈਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਸ੍ਰੀ ਰਾਜਿੰਦਰ ਕੁਮਾਰ ਦੀ ਚੋਣ ਹੋਈ ਸੀ। ਸੂਬੇ ਭਰ ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਮੈਂਬਰ ਲੋਕ ਸਭਾ ਜਨਾਬ ਮੁਹੰਮਦ ਸਦੀਕ ਅਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਤੇ ਹਲਕਾ ਵਿਧਾਇਕ ਫ਼ਰੀਦਕੋਟ ਸ.ਕੁਸ਼ਲਦੀਪ ਸਿੰਘ ਢਿੱਲੋਂ ਨੇ ਫ਼ਰੀਦਕੋਟ ਜ਼ਿਲੇ ਦਾ ਨਾਂ ਰੋਸ਼ਨ ਕਰਨ ਤੇ ਅਧਿਆਪਕ ਸ੍ਰੀ ਰਾਜਿੰਦਰ ਕੁਮਾਰ ਨੂੰ ਵਧਾਈ ਦਿੱਤੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਕਾਫ਼ੀ ਸੁਧਾਰ ਕੀਤਾ ਗਿਆ ਹੈ। ਪੰਜਾਬ ਦੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਗਿਆ ਹੈ ਜਿਸ ਨਾਲ ਸਰਕਾਰੀ ਸਕੂਲਾਂ ਦੇ ਦਾਖਲੇ ਵਿਚ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ। ਉਨਾਂ ਕਿਹਾ ਕਿ ਅਜਿਹੇ ਮਿਹਨਤੀ ਅਧਿਆਪਕ ਸੂਬੇ ਦੇ ਦੂਜੇ ਅਧਿਆਪਕਾਂ ਲਈ ਮਿਸਾਲ ਅਤੇ ਚਾਨਣ ਮੁਨਾਰਾ ਹਨ।

ਜਿਲਾ ਸਿਖਿਆ ਅਫਸਰ ਪ੍ਰਾਇਮਰੀ ਫ਼ਰੀਦਕੋਟ ਸ੍ਰੀ ਕਮਲਜੀਤ ਤਾਹੀਮ  ਨੇ ਦੱਸਿਆ ਕਿ ਅਧਿਆਪਕ ਰਜਿੰਦਰ ਕੁਮਾਰ ਨੂੰ ਇਹ ਐਵਾਰਡ ਕੇਂਦਰ ਸਰਕਾਰ ਵਲੋਂ 5 ਸਤੰਬਰ 2020 ਨੂੰ ਦਿੱਲੀ ਵਿਖੇ ਦਿੱਤਾ ਜਾਣਾ ਸੀ ਪਰ ਕੋਵਿਡ 19 ਦੀ ਮਹਾਂਮਾਰੀ ਦੌਰਾਨ ਹੁਣ ਸਰਕਾਰ ਨੇ ਇਹ ਐਵਾਰਡ ਵੈਬੀਨਾਰ ਕਰ ਕੇ ਦੇਣ ਦਾ ਫੈਸਲਾ ਲਿਆ ਹੈ। ਉਨਾਂ ਦੱਸਿਆ ਕਿ ਉਹਨਾਂ ਨੂੰ ਸਰਕਾਰ ਵਲੋਂ ਇਕ ਪੱਤਰ ਮਿਲਿਆ ਹੈ ਜਿਸ ਤਹਿਤ 5 ਸਤੰਬਰ ਨੂੰ ਦਿੱਤੇ ਜਾਣ ਵਾਲੇ “ਨੈਸ਼ਨਲ ਅਧਿਆਪਕ ਐਵਾਰਡ 2020” ਹੁਣ ਵੈਬੀਨਾਰ ਰਾਹੀਂ ਦਿੱਤਾ ਜਾਵੇਗਾ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਮਲ ਕੁਮਾਰ ਸੇਤੀਆ, ਆਈ.ਏ.ਐਸ ਵਿਸ਼ੇਸ਼ ਸਮਾਗਮ ਰਾਹੀਂ ਅਧਿਆਪਕ ਰਾਜਿੰਦਰ ਕੁਮਾਰ ਨੂੰ ਇਹ ਐਵਾਰਡ ਦੇਣਗੇ ਜਿਸ ਵਿਚ ਇਕ ਸਰਟੀਫਿਕੇਟ ਅਤੇ ਸਿਲਵਰ ਮੈਡਲ ਹੋਵੇਗਾ।ਉਹਨਾਂ ਦੱਸਿਆ ਕਿ ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਡਿਪਟੀ ਕਮਿਸ਼ਨਰ ਦਫਤਰ ਫਰੀਦਕੋਟ ਵਿਖੇ 5 ਸਤੰਬਰ ਨੂੰ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਮਲ ਕੁਮਾਰ ਸੇਤੀਆ ਵਲੋਂ ਇਹ ਐਵਾਰਡ ਦਿੱਤਾ ਜਾਵੇਗਾ। ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫ਼ਸਰ ਮੈਡਮ ਮਨਿੰਦਰ ਕੋਰ ਅਤੇ ਜ਼ਿਲਾ ਮੀਡੀਆ ਕੋਆਰਡੀਨੇਟਰ ਸ੍ਰੀ ਸੱਤਪਾਲ ਵੀ ਹਾਜ਼ਰ ਸਨ।

Exit mobile version