ਪੜੋਂ ਕਿਤਾਬਾਂ ਬਣੋ ਸਫਲ ਕਿਸਾਨ, ਧੱਕੇ ਦੀ ਖੇਤੀ ਹੈ ਨੁਕਸਾਨ- ਰੋਡੇ
ਫਰੀਦਕੋਟ / 2 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੀ ਜਾਂਦੀ ਮਹੀਨਾਵਾਰ ਪੱਤ੍ਰਿਕਾ ਚੰਗੀ ਖੇਤੀ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਖੇਤੀਬਾੜੀ ਦਫਤਰ ਫਰੀਦਕੋਟ ਵਿਖੇ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਫਰੀਦਕੋਟ ਅਤੇ ਕੋਟਕਪੂਰਾ ਬਲਾਕ ਦੇ ਕੀੜੇਮਾਰ ਜ਼ਹਿਰਾਂ, ਖਾਦ ਅਤੇ ਬੀਜ ਵਿਕ੍ਰੇਤਾ ਐਸੋਸ਼ੀਏਸ਼ਨਾਂ ਦੇ ਪ੍ਰਧਾਨ ਅਤੇ ਪ੍ਰਤੀਨਿਧ ਵੀ ਸ਼ਾਮਿਲ ਸਨ।
ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ: ਹਰਨੇਕ ਸਿੰਘ ਰੋਡੇ ਵੱਲੋਂ ਇਸ ਕੰਮ ਨੂੰ ਇੱਕ ਮੁਹਿੰਮ ਦੇ ਤੌਰ ਤੇ ਨੇਪਰੇ ਚਾੜਣ ਦੇ ਨਿਰਦੇਸ਼ ਦਿੱਤੇ ।ਜਿਸ ਤਹਿਤ ਫਰੀਦਕੌਟ ਜਿਲੇ ਦੇ ਸਮੂਹ ਖਾਦ ,ਬੀਜ ਅਤੇ ਦਵਾਈਆਂ ਦੇ ਵਿਕ੍ਰੇਤਾਵਾਂ ਨੂੰ ਇਹ ਮਹੀਨਾਵਾਰ ਪੱਤ੍ਰਿਕਾ ਲਵਾਉਣ ਲਈ ਅਪੀਲ ਕੀਤੀ ਤਾਂ ਜੋ ਉਹਨਾਂ ਦੇ ਤਕਨੀਕੀ ਗਿਆਨ ਵਿੱਚ ਵਾਧਾ ਹੋ ਸਕੇ ਅਤੇ ਉਹ ਆਪਣੇ ਨਾਲ ਜੁੜੇ ਹੋਏ ਕਿਸਾਨਾਂ ਨੂੰ ਫਸਲਾਂ ਸਬੰਧੀ ਸਹੀ ਸੇਧ ਦੇ ਸਕਣ। ਇਸੇ ਤਹਿਤ ਫਰੀਦਕੋਟ ਵਿਖੇ ਮੈਸ: ਬਿੱਲੂ ਬੀਜ ਭੰਡਾਰ ਦੀ ਦੁਕਾਨ ਤੋਂ ਇਸ ਮੁਹਿੰਮ ਦਾ ਆਗਾਜ ਕੀਤਾ ਗਿਆ।ਵੱਖ ਵੱਖ ਐਸੋਸੀਏਸ਼ਨਾਂ ਦੇ ਪ੍ਰਤੀਨਿਧਾਂ ਵੱਲੋਂ ਮੁੱਖ ਖੇਤੀਬਾੜੀ ਅਫਸਰ ਨੂੰ ਯਕੀਨ ਦਿੱਤਾ ਗਿਆ ਕਿ ਉਹ ਆਪ ਤਾਂ ਇਹ ਪੱਤ੍ਰਿਕਾ ਲਵਾਉਣਗੇ ਹੀ ਨਾਲ ਦੀ ਨਾਲ ਆਪਣੇ ਨਾਲ ਜੁੜੇ ਹੋਏ ਕਿਸਾਨਾਂ ਨੂੰ ਵੀ ਇਸ ਪ੍ਰਤੀ ਜਾਗ੍ਰਿਤ ਕਰਨਗੇ ਤਾਂ ਜੋ ਉਹਨਾਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ।ਵਿਗਿਆਨੀਆਂ ਨੇ ਜਿਲੇ ਦੇ ਸਮੂਹ ਸਰਕਾਰੀ ਸਕੂਲਾਂ ਨੂੰ ਅਪੀਲ ਕੀਤੀ ਕਿ ਇਸ ਪੱਤ੍ਰਿਕਾ ਨੂੰ ਆਪਣੀ ਲਾਇਬ੍ਰੇਰੀ ਦਾ ਹਿੱਸਾ ਬਣਾਇਆ ਜਾਵੇ।
ਇਸ ਮੌਕੇ ਖੇਤੀ ਸਲਾਹਕਾਰ ਸੇਵਾ ਕੇਂਦਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਡਾ: ਹਰਿੰਦਰ ਸਿੰਘ ਨੇ ਇਸ ਰਸਾਲੇ ਬਾਰੇ ਦੱਸਦਿਆਂ ਹੋਇਆ ਕਿਹਾ ਕਿ ਇਸ ਵਿੱਚ ਮਹੀਨੇ ਦੌਰਾਨ ਫਸਲ ਉੱਪਰ ਆਉਣ ਵਾਲੇ ਕੀੜੇ ਮਕੌੜੇ ਬਿਮਾਰੀਆਂ ਆਦਿ ਦਾ ਚਿੱਤਰਾਂ ਰਾਹੀਂ ਹੱਲ ਤਾਂ ਦੱਸਿਆ ਜਾਂਦਾ ਹੀ ਹੈ ਨਾਲ ਦੀ ਨਾਲ ਅਗਲੇ ਮਹੀਨੇ ਦੇ ਖੇਤੀ ਰਝੇਵਿਆਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਮਿਲਦੀ ਹੇ। ਇਸ ਰਸਾਲੇ ਵਿੱਚ ਸਹਾਇਕ ਧੰਦਿਆਂ ਨੂੰ ਅਪਣਾਉਣ ਵਾਲੇ ਕਿਸਾਨਾਂ ਲਈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੁਆਰਾ ਦਿੱਤੀਆਂ ਜਾ ਰਹੀਆਂ ਟਰੇਨਿੰਗਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਕਿਸਾਨ ਬੀਬੀਆਂ ਲਈ ਅਚਾਰ ਬਣਾਉਣਾ ਮਰੱਬੇ ਬਣਾਉਣਾ ਆਦਿ ਜਿਹੀ ਜਾਣਕਾਰੀ ਵੀ ਇਸ ਰਸਾਲੇ ਵਿੱਚ ਹੁੰਦੀ ਹੈ। ਉਹਨਾਂ ਨੇ ਸਭ ਨੂੰੰ ਆਸ਼ਵਾਸ਼ਨ ਦਵਾਇਆ ਕਿ ਹਰ ਇੱਕ ਡੀਲਰ ਕੋਲ ਇਹ ਰਸਾਲਾ ਪਹੁੰਚਦਾ ਕੀਤਾ ਜਾਵੇਗਾ। ਇਸ ਰਸਾਲੇ ਦੀ ਸਲਾਨਾ ਫੀਸ 200/- ਰੁਪਏ ਹੈ। ਪੰਜ ਸਾਲ ਲਈ 800/- ਰੁਪਏ ਅਤੇ ਜੀਵਨਕਾਲ ਦੀ ਫੀਸ 3000/- ਰੁਪਏ ਹੈ। ਵਧੇਰੇ ਜਾਣਕਾਰੀ ਲਈ ਕਿਸੇ ਵੀ ਕੰਮ ਵਾਲੇ ਦਿਨ ਉਹਨਾਂ ਦੇ ਮੋਬਾਈਲ ਨੰ 9780090300 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਸੁਰਿੰਦਰ ਸਿੰਘ ਸੋਢੀ ਬਰੀਵਾਲਾ ਰਾਸ਼ਟਰੀ ਸਕੱਤਰ ਆਲ ਇੰਡੀਆ ਐਗਰੋ ਇਨਪੁਟਸ ਡੀਲਰ ਐਸੋਸ਼ੀਏਸ਼ਨ ਹਰਜੀਤ ਸਿੰਘ ਬਿੱਟੂ ਪ੍ਰਧਾਨ ਪੈਸਟੀਸਾਈਡ ਫਰਟੀਲਾਈਜਰ ਐਡ ਸੀਡ ਯੂਨੀਅਨ ਕੋਟਕਪੂਰਾ, ਸੁਰਿੰਦਰ ਮਹੇਸ਼ਵਰੀ ਜੈਤੋ, ਸੁਦੇਸ਼ ਜੈਨ ਫਰੀਦਕੌਟ, ਰਾਹੁਲ ਜੈਨ ਅਤੇ ਆਸ਼ੂ ਅਗਰਵਾਲ ਹਾਜਿਰ ਸਨ। ਵਿਭਾਗ ਤੋਂ ਡਾ: ਰਮਨਦੀਪ ਸਿੰਘ, ਡਾ: ਰੁਪਿੰਦਰ ਸਿੰਘ, ਡਾ: ਪਰਮਿੰਦਰ ਸਿੰਘ, ਡਾ: ਲਖਵੀਰ ਸਿੰਘ ਵੀ ਇਸ ਮੌਕੇ ਹਾਜਰ ਰਹੇ।