ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਵਾਸੀਆਂ ਨੂੰ ਕਰੋਨਾ ਦੇ ਲੱਛਣ ਪਾਏ ਜਾਣ ‘ਤੇ ਤੁਰੰਤ ਟੈਸਟ ਕਰਵਾਉਣ ਦੀ ਕੀਤੀ ਅਪੀਲ **ਸਰਕਾਰ ਨੇ ਘਰ ‘ਚ ਇਕਾਂਤਵਾਸ ਦੀ ਪ੍ਰਕਿਰਿਆ ਕੀਤੀ ਸਰਲ; ਲੋਕ ਟੈਸਟਿੰਗ ਤੋਂ ਨਾ ਘਬਰਾਉਣ: ਡਿਪਟੀ ਕਮਿਸ਼ਨਰ
*ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਹੋਰ ਜ਼ਿਆਦਾ ਸਾਵਧਾਨੀਆਂ ਵਰਤਣ ਦੀ ਲੋੜ ‘ਤੇ ਦਿੱਤਾ ਜ਼ੋਰ
ਫਰੀਦਕੋਟ / 1 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਪਾਜ਼ਿਟੀਵ ਆਉਣ ਵਾਲੇ ਮਰੀਜ਼ਾਂ ਲਈ ਘਰ ਵਿਚ ਇਕਾਂਤਵਾਸ ਹੋਣ ਦੀ ਪ੍ਰਕਿਰਿਆ ਨੂੰ ਹੁਣ ਸਰਕਾਰ ਵੱਲੋਂ ਸਰਲ ਕਰ ਦਿੱਤਾ ਗਿਆ ਹੈ ਇਸ ਲਈ ਕੋਰੋਨਾ ਟੈਸਟਿੰਗ ਅਤੇ ਇਲਾਜ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਸ ਦੇ ਲਈ ਕਰੋਨਾ ਮਰੀਜ ਨੂੰ ਘਰ ਵਿਚ ਯੋਗ ਲੋੜੀਂਦੇ ਪ੍ਰਬੰਧ ਅਤੇ ਸਿਹਤ ਸਲਾਹਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਕੀਤਾ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਕੋਵਿਡ ਦੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਹ ਤੁਰੰਤ ਬਿਨਾਂ ਕਿਸੇ ਦੇਰੀ ਦੇ ਨੇੜਲੇ ਕੋਵਿਡ ਟੈਸਟਿੰਗ ਸੈਂਟਰ ‘ਤੇ ਜਾ ਕੇ ਆਪਣਾ ਟੈਸਟ ਜ਼ਰੂਰ ਕਰਵਾਉਣ, ਕਿਉਂਕਿ ਜੇਕਰ ਮੁਢਲੇ ਪੜਾਅ ਵਿਚ ਹੀ ਪਤਾ ਲੱਗ ਜਾਵੇ ਤਾਂ ਇਸ ਤੋਂ ਬਿਮਾਰੀ ਤੋਂ ਜਲਦ ਨਿਜ਼ਾਤ ਪਾਈ ਜਾ ਸਕਦੀ ਹੈ। ਉਨਾਂ ਕਿਹਾ ਕਿ ਇਹ ਟੈਸਟ ਜ਼ਿਲੇ ਦੇ ਸਾਰੇ ਸਰਕਾਰੀ ਟੈਸਟਿੰਗ ਸੈਂਟਰਾਂ ‘ਤੇ ਮੁਫ਼ਤ ਕੀਤੇ ਜਾਂਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲੇ ਵਿਚ ਕੋਵਿਡ ਤੋਂ ਬਚਾਅ ਲਈ ਹਰੇਕ ਤਰਾਂ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਲੋਕਾਂ ਨੂੰ ਡਰਨ ਜਾਂ ਦਹਿਸ਼ਤ ਵਿਚ ਆਉਣ ਦੀ ਲੋੜ ਨਹੀਂ ਹੈ। ਉਨਾਂ ਕਿਹਾ ਕਿ ਜ਼ਿਲੇ ਵਿਚ ਟੈਸਟਿੰਗ ਸਮਰੱਥਾ ਵਧਾਈ ਗਈ ਹੈ। ਉਨਾਂ ਕਿਹਾ ਕਿ ਰਾਜ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹੁਣ ਘੱਟ ਸੀਰੀਅਸ ਪਾਜ਼ੀਟਿਵ ਕੇਸ ਆਉਣ ‘ਤੇ ਘਰਾਂ ‘ਚ ਲੋੜੀਂਦੀ ਸੁਵਿਧਾ ਹੋਣ ਦੇ ਆਧਾਰ ‘ਤੇ ਇਕਾਂਤਵਾਸ ਲਈ ਆਗਿਆ ਦਿੱਤੀ ਜਾਵੇਗੀ ਅਤੇ ਮਰੀਜ਼ ਨੂੰ ਹਸਪਤਾਲ ਦਾਖ਼ਲ ਹੋਣ ਦੀ ਲੋੜ ਨਹੀਂ ਪਵੇਗੀ। ਉਨਾਂ ਕਿਹਾ ਕਿ ਅਜਿਹੇ ਮਰੀਜ਼ਾਂ ਨੂੰ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਕੋਰੋਨਾ ਟੈਸਟਿੰਗ ਕਰਵਾਉਣੀ ਲਾਜ਼ਮੀ ਹੈ। ਸਾਰਿਆਂ ਦੇ ਸਹਿਯੋਗ ਨਾਲ ਹੀ ਇਸ ਬਿਮਾਰੀ ਨੂੰ ਠੱਲ ਪਾਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਟੈਸਟਿੰਗ/ਸੈਂਪਲਿੰਗ ਦੀ ਇਹ ਸੁਵਿਧਾ ਸਿਵਲ ਹਸਪਤਾਲ ਫਰੀਦਕੋਟ, ਕੋਟਕਪੂਰਾ, ਬਾਜਾਖਾਨਾ, ਜੈਤੋ, ਸਾਦਿਕ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿਖੇ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਟੈਸਟਿੰਗ ਕਰਵਾਉਣ। ਉਨਾਂ ਕਿਹਾ ਕਿ ਸਾਰਿਆਂ ਨੂੰ ਮੂੰਹ ਤੇ ਨੱਕ ਨੂੰ ਮਾਸਕ ਨਾਲ ਢੱਕ ਕੇ ਰੱਖਣ, ਆਪਸ ਵਿਚ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਇਕੱਠ ਵਾਲੀ ਜਗਾ ਜਾਣ ਤੋਂ ਗੁਰੇਜ ਕਰਨਾ ਅਤੇ ਕਿਸੇ ਵੀ ਚੀਜ਼ ਨੂੰ ਛੂਹਣ ਤੋਂ ਪਹਿਲਾਂ ਤੇ ਬਾਅਦ ਵਿਚ ਹੱਥ ਜ਼ਰੂਰ ਧੋਣ ਵਰਗੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਦਾ ਫੈਲਾਅ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਇਸ ਕਰਕੇ ਸਾਵਧਾਨੀਆਂ ਅਤੇ ਬਚਾਅ ਵਿਚ ਸਾਡਾ ਸਾਰਿਆਂ ਦਾ ਬਚਾਅ ਹੈ ਇਸ ਲਈ ਕਰੋਨਾ ਨੂੰ ਹਰਾਉਣ ਲਈ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।