ਸ: ਕੁਸ਼ਲਦੀਪ ਸਿੰਘ ਢਿੱਲੋਂ ਦੇ ਯਤਨਾ ਸਦਕਾ ਗੁਰੂ ਗੋਬਿੰਦ ਸਿੰਘ ਹਸਪਤਾਲ ਦਾ ਗੇਟ ਦੁਬਾਰਾ ਖੁੱਲਿਆ **ਸ਼ਹਿਰ ਵਾਸੀਆਂ, ਸਮਾਜ ਸੇਵੀ ਸੰਸਥਾਵਾਂ ਤੇ ਦੁਕਾਨਦਾਰਾਂ ਦੀ ਮੰਗ ਹੋਈ ਪੂਰੀ

ਫਰੀਦਕੋਟ / 25 ਅਗਸਤ / ਨਿਊ ਸੁਪਰ ਭਾਰਤ ਨਿਊਜ
ਫਰੀਦਕੋਟ ਦੇ ਵਿਧਾਇਕ ਅਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਸ: ਕੁਸ਼ਲਦੀਪ ਸਿੰਘ ਢਿੱਲੋਂ ਦੇ ਵਿਸ਼ੇਸ਼ ਯਤਨਾਂ ਸਦਕਾ ਅੱਜ ਫਰੀਦਕੋਟ ਸ਼ਹਿਰ ਦੇ ਵਸਨੀਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਜਦੋਂ ਕਰੋਨਾ ਵਾਇਰਸ ਦੌਰਾਨ ਲਾਕਡਾਊਨ ਸਮੇਂ ਬਾਬਾ ਫਰੀਦ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਰਾਮ ਬਾਗ ਮਾਰਕੀਟ ਵਾਲੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਜਾਂਦੇ ਰਸਤੇ ਨੂੰ ਬੰਦ ਕੀਤਾ ਗਿਆ ਸੀ ਅਤੇ ਅੱਜ ਸ: ਕੁਸ਼ਲਦੀਪ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਗੇਟ ਨੂੰ ਆਮ ਲੋਕਾਂ ਲਈ ਖੋਲ ਦਿੱਤਾ ਗਿਆ ਹੈ।

ਇਸ ਮੌਕੇ ਸ:ਕੁਸ਼ਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਯੂਨੀਵਰਸਿਟੀ ਅਤੇ ਮੈਡੀਕਲ ਹਸਪਤਾਲ ਨੂੰ ਜਾਂਦੇ ਰਸਤੇ ਤੇ ਸੀਵਰੇਜ ਪੈਣ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਇਸ ਮਗਰੋਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਰਾਮ ਬਾਗ ਮਾਰਕਿਟ ਵਾਲਾ ਰਸਤਾ ਵੀ ਬੰਦ ਕਰ ਦਿੱਤਾ ਸੀ ਜਿਸ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਭਾਰੀ ਵਾਧਾ ਹੋ ਗਿਆ ਸੀ। ਇਸ ਸਬੰਧੀ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਤੇ ਦੁਕਾਨਦਾਰਾਂ ਨੇ ਵੀ ਉਨਾਂ ਨੂੰ ਮਿਲ ਕੇ ਗੇਟ ਖੁੱਲਵਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਉਨਾਂ ਨੇ ਇਸ ਸੰਜੀਦਾ ਮਸਲੇ ਤੇ ਯੂਨੀਵਰਸਿਟੀ ਨਾਲ ਗੱਲਬਾਤ ਕਰਕੇ ਅਤੇ ਆਪਣਾ ਅਸਰ ਰਸੂਖ ਵਰਤ ਕੇ ਅੱਜ ਇਹ ਗੇਟ ਆਮ ਜਨਤਾ ਲਈ ਖੁਲਵਾ ਦਿੱਤਾ ਹੈ ਤੇ ਹੁਣ ਲੋਕ ਆਪਣੇ ਛੋਟੇ ਵਹੀਕਲਾਂ ਨਾਲ ਮੈਡੀਕਲ ਕਾਲਜ ਦੇ ਰਸਤੇ ਰਾਹੀਂ ਆ ਜਾ ਸਕਣਗੇ।ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ, ਸ਼ਹਿਰ ਵਾਸੀਆਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹਨ ਤੇ ਉਨਾਂ ਨੂੰ ਕਿਸੇ ਤਰਾਂ ਦੀ ਵੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ਹਿਰ ਸ਼ਹਿਰ ਦੀ ਬਿਹਤਰੀ ਲਈ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿੱਚ ਸਰਕਾਰ ਨੂੰ ਸਹਿਯੋਗ ਦੇਣ ਤਾਂ ਜੋ ਸ਼ਹਿਰ ਨੂੰ ਹੋਰ ਖੂਬਸੂਰਤ ਬਣਾਇਆ ਜਾ ਸਕੇ।

ਇਸ ਮੌਕੇ ਵੱਖ ਵੱਖ ਸਵੈ ਸੇਵੀ ਸੰਸਥਾਵਾਂ ਦੇ ਆਗੂਆਂ, ਦੁਕਾਨਦਾਰਾਂ, ਸ਼ਹਿਰ ਵਾਸੀਆਂ ਨੇ ਸ: ਕੁਸ਼ਲਦੀਪ ਸਿੰਘ ਢਿੱਲੋਂ ਦੇ ਇਸ ਉਪਰਾਲੇ ਤੇ ਉਨਾਂ ਦਾ ਧੰਨਵਾਦ ਕੀਤਾ ਹੈ। ਇਨਾਂ ਲੋਕਾਂ ਨੇ ਕਿਹਾ ਕਿ ਪਹਿਲਾਂ ਸਾਦਿਕ ਰੋਡ ਦੇ ਖਰਾਬ ਰਸਤੇ ਅਤੇ ਇਹ ਗੇਟ ਬੰਦ ਹੋਣ ਕਾਰਨ ਉਨਾਂ ਨੂੰ ਲੰਮਾ ਪੈਂਡਾ ਕਰਕੇ ਆਪਣੇ ਘਰਾਂ ਅਤੇ ਦੁਕਾਨਾਂ ਆਦਿ ਤੇ ਆਉਣਾ ਪੈਂਦਾ ਸੀ ਪਰ ਸ: ਢਿੱਲੋਂ ਦੇ ਦਖਲ ਕਾਰਨ ਅੱਜ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਹ ਗੇਟ ਛੋਟੇ ਵਹੀਕਲਾਂ ਲਈ ਖੋਲ ਦਿੱਤਾ ਹੈ ਜਿਸ ਨਾਲ ਜਿੱਥੇ ਉਨਾਂ ਦੇ ਸਮੇਂ ਦੀ ਬੱਚਤ ਹੋਵੇਗੀ ਤੇ ਉਹ ਖੱਜਲ ਖੁਆਰੀ ਤੋਂ ਵੀ ਬਚਣਗੇ। ਇਸ ਦੇ ਨਾਲ ਦੁਕਾਨਦਾਰਾਂ ਨੂੰ ਉਨਾਂ ਦੇ ਵਪਾਰ ਵਿੱਚ ਵੀ ਵੱਡੀ ਮਦਦ ਮਿਲੇਗੀ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਡਾ. ਜੰਗੀਰ ਸਿੰਘ, ਡਾ. ਰੇਸ਼ਮ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਗਿੰਦਰਜੀਤ ਸਿੰਘ ਸੇਖੋਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।
