Site icon NewSuperBharat

ਹਲਕੇ ਦਾ ਪਿੰਡ ਟਹਿਣਾ ਬਣਿਆ ਦੂਜੇ ਪਿੰਡਾਂ ਲਈ ਮਿਸਾਲ- ਕੁਸ਼ਲਦੀਪ ਢਿੱਲੋਂ

*ਪਿੰਡ ਨੂੰ ਰਾਸ਼ਟਰੀ ਪੁਰਸਕਾਰ ‘ਚ ਕੇਂਦਰ ਸਰਕਾਰ ਵੱਲੋਂ ਮਿਲੀ 8 ਲੱਖ ਦੀ ਰਾਸ਼ੀ **ਸਾਲ 2018-19 ਦੀਨ ਦਿਆਲ ਓਪਾਧਿਆਏ ਪੰਚਾਇਤ ਸ਼ਸ਼ਕਤੀਕਰਨ ਪੁਰਸਕਾਰ ਵਾਸਤੇ ਪਿੰਡ ਟਹਿਣਾ ਦੀ ਹੋਈ ਸੀ ਚੋਣ ***ਪਿੰਡ ਦੀ ਖੂਬਸੂਰਤ ਦਿੱਖ ਬਣੀ ਆਲੇ-ਦੁਆਲੇ ਸ਼ਹਿਰਾਂ ਲਈ ਖਿੱਚ ਦਾ ਕੇਂਦਰ

ਫ਼ਰੀਦਕੋਟ / 25 ਅਗਸਤ / ਨਿਊ ਸੁਪਰ ਭਾਰਤ ਨਿਊਜ

ਦੀਨ ਦਿਆਲ ਓਪਾਧਿਆਏ ਪੰਚਾਇਤ ਸ਼ਸ਼ਕਤੀਕਰਨ ਤਹਿਤ ਜ਼ਿਲੇ ਦੇ ਪਿੰਡ ਟਹਿਣਾ ਨੂੰ ਕੇਂਦਰ ਸਰਕਾਰ ਵੱਲੋਂ 8 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਦਿੱਤੀ ਗਈ ਹੈ। ਇਹ ਜਾਣਕਾਰੀ ਹਲਕਾ ਫ਼ਰੀਦਕੋਟ ਦੇ ਵਿਧਾਇਕ ਅਤੇ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਕੁਸ਼ਲਦੀਪ ਸਿੰਘ ਢਿੱਲੋਂ ਨੇ ਦਿੰਦਿਆਂ ਪਿੰਡ ਟਹਿਣਾ ਦੀ ਪੰਚਾਇਤ ਨੂੰ ਮੁਬਾਰਕਬਾਦ ਵੀ ਦਿੱਤੀ ਤੇ ਕਿਹਾ ਪਿੰਡ ਟਹਿਣਾ ਰਾਸ਼ਟਰੀ ਐਵਾਰਡ ਪ੍ਰਾਪਤ ਕਰਕੇ ਦੂਜੇ ਪਿੰਡਾਂ ਲਈ ਵੀ ਮਿਸ਼ਾਲ ਬਣਿਆ ਹੈ।

ਵਿਧਾਇਕ ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪਿੰਡ ਦੀ ਪੰਚਾਇਤ ਵੱਲੋਂ ਕੀਤੇ ਗਏ ਬਹੁਪੱਖੀ ਵਿਕਾਸ ਕਾਰਜਾਂ ਕਰਕੇ ਪੰਚਾਇਤ ਸ਼ਸ਼ਕਤੀਕਰਨ ਪੁਰਸਕਾਰ ਦੇ ਲਈ ਫ਼ਰੀਦਕੋਟ ਜ਼ਿਲੇ ਦੇ ਪਿੰਡ ਟਹਿਣਾ ਦੀ ਚੋਣ ਕੀਤੀ ਗਈ ਸੀ ਜਿਸ ਸਬੰਧੀ ਬਕਾਇਦਾ ਐਲਾਨ ਵੀ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਪਿੰਡ ਦੇ ਅਗਾਂਹਵਧੂ ਸੋਚ ਵਾਲੇ ਸਰਪੰਚ ਗੁਰਪ੍ਰੀਤ ਸਿੰਘ ਵੱਲੋਂ ਸਾਲ 2017-18 ‘ਚ ਪੰਚਾਇਤ ਵੱਲੋਂ ਪਿੰਡ ਦੇ ਕਰਵਾਏ ਗਏ ਚੌਮੁਖੀ ਵਿਕਾਸ ਨੂੰ ਵੇਖਦਿਆਂ ਉਨਾਂ ਦੀ ਪੰਚਾਇਤ ਨੂੰ ਇਹ ਪੁਰਸਕਾਰ ਸਾਲ 2018-19 ਲਈ ਮਿਲਿਆ ਹੈ। ਉਨਾਂ ਦੱਸਿਆ ਇਸ ਪੁਰਸਕਾਰ ਦਾ ਐਲਾਨ ਅਪ੍ਰੈੱਲ ਮਹੀਨੇ ‘ਚ ਹੋਣਾ ਸੀ ਪਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਸ ਦਾ ਐਲਾਨ ਜੂਨ ਮਹੀਨੇ ਦੌਰਾਨ ਕੀਤਾ ਗਿਆ । ਉਨਾਂ ਦੱਸਿਆ ਇਸ ਪੁਰਸਕਾਰ ‘ਚ ਪਿੰਡ ਦੀ ਪੰਚਾਇਤ ਨੂੰ 8 ਲੱਖ ਰੁਪਏ ਦੀ ਗ੍ਰਾਂਟ ਮਿਲੀ ਹੈ, ਜਿਸ ਨਾਲ ਪਿੰਡ ਦਾ ਹੋਰ ਕਾਇਆ ਕਲਪ ਕੀਤਾ ਜਾਵੇਗਾ।

ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਪਿੰਡ ਨੂੰ ਕੇਂਦਰ ਸਰਕਾਰ ਵੱਲੋਂ ਪਹਿਲੀ ਵਾਰ ਮਿਲਣ ਵਾਲੇ ਪੁਰਸਕਾਰ ਨੂੰ ਜਿੱਥੇ ਪਿੰਡ ਵਾਸੀ ਖੁਸ਼ੀ ਹਨ, ਉੱਥੇ ਆਲੇ-ਦੁਆਲੇ ਦੇ ਸ਼ਹਿਰਾਂ ਦੇ ਲੋਕ ਇਸ ਪਿੰਡ ਦੀ ਖੂਬਸੂਰਤ ਦਿੱਖ ਨੂੰ ਵੇਖਣ ਵਾਸਤੇ ਨਿਰੰਤਰ ਪਿੰਡ ਟਹਿਣਾ ਪਹੁੰਚ ਰਹੇ ਹਨ। ਉਨਾਂ ਸਰਕਾਰ ਵੱਲੋਂ ਮਿਲੀਆਂ ਗ੍ਰਾਂਟਾਂ ਦੀ ਸਹੀ ਵਰਤੋਂ ਕਰਕੇ ਪਿੰਡ ਟਹਿਣਾ ਦੀ ਪੰਚਾਇਤ ਵੱਲੋਂ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਉਨਾਂ ਕਿਹਾ ਪਿੰਡ ਅਤੇ ਪੰਚਾਇਤ ਵੱਲੋਂ ਤਨਦੇਹੀ ਨਾਲ ਪਿੰਡ ਦੇ ਵਿਕਾਸ ਕਾਰਜਾਂ ‘ਚ ਪਾਏ ਯੋਗਦਾਨ ਬਦਲੇ ਹੀ ਇਹ ਇਨਾਮੀ ਰਾਸ਼ੀ ਮਿਲੀ ਹੈ। ਉਨਾਂ ਕਿਹਾ ਕਿ ਇਹ ਪਿੰਡ ਜਿਲੇ ਅਤੇ ਰਾਜ ਦੇ ਦੂਜੇ ਪਿੰਡਾਂ ਲਈ ਵੀ ਮਿਸਾਲ ਬਣਿਆ ਹੈ।   

ਇਸ ਮੌਕੇ ਸਰਪੰਚ ਸ: ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਲ 2017-18 ਦੌਰਾਨ ਸਰਕਾਰ ਵੱਲੋਂ ਮਿਲੀ ਗ੍ਰਾਂਟ ਨੂੰ ਪੰਚਾਇਤ ਨੇ ਬਹੁਤ ਸਾਰੇ ਪੱਖ ਸੋਚਣ ਤੋਂ ਬਾਅਦ ਖਰਚਿਆ ਸੀ। ਪਿੰਡ ਦੇ ਉੱਦਮੀ ਨੌਜਵਾਨ ਕਰਮਜੀਤ ਸਿੰਘ ਟਹਿਣਾ ਦੀ ਅਗਵਾਈ ਹੇਠ ਪੰਚਾਇਤ ਵੱਲੋਂ ਪਿੰਡ ਅੰਦਰ ਪਾਰਕ, ਬੈਠਣ ਵਾਸਤੇ ਬੈਂਚ, ਫ਼ੁੱਟਪਾਥ, ਸਫ਼ਾਈ ਦੇ ਪ੍ਰਬੰਧ, ਗੰਦੇ ਪਾਣੀ ਦਾ ਨਿਕਾਸ, ਪੀਣ ਵਾਲਾ ਸ਼ੁੱਧ ਪਾਣੀ, ਸਟਰੀਟ ਲਾਈਟਾਂ, ਪਿੰਡ ਦੇ ਪ੍ਰਾਇਮਰੀ ਸਕੂਲ, ਪੰਚਾਇਤ ਭਵਨ, ਪਿੰਡ ਦੀ ਸੁੰਦਰਤਾ ਵਧਾਉਣ ਲਈ ਲਗਾਏ ਪੌਦੇ, ਬੱਚਿਆਂ ਦੇ ਖੇਡਣ ਵਾਸਤੇ ਤਿਆਰ ਕੀਤੇ ਮੈਦਾਨ, ਸਿਹਤ ਸੇਵਾਵਾਂ ਤੇ ਪੈੱਸੇ ਖਰਚ ਕੀਤੇ ਗਏ ਸਨ। ਉਨਾਂ ਦੱਸਿਆ ਕਿ ਪਿੰਡ ਦੇ ਵਿਕਾਸ ਨੂੰ ਵੇਖਦਿਆਂ ਆਨਲਾਈਨ ਇਸ ਐਵਾਰਡ ਵਾਸਤੇ ਅਪਲਾਈ ਕੀਤਾ ਗਿਆ ਸੀ ਅਤੇ ਹੁਣ ਇਹ 8 ਲੱਖ ਰੁਪਏ ਦੀ ਰਾਸ਼ੀ ਪੰਚਾਇਤ ਦੇ ਖਾਤੇ ਵਿਚ ਆ ਗਈ ਹੈ। ਉਨਾਂ ਹੋਰ ਦੱਸਿਆ ਕਿ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਆਈਆਂ ਵੱਖ-ਵੱਖ ਏਜੰਸੀਆਂ ਦੀ ਜਾਂਚ ਪੜਤਾਲ ਤੋਂ ਬਾਅਦ ਪਿੰਡ ਦੀ ਗਰੇਡਿੰਗ ਕੀਤੀ ਗਈ। ਜਿਸ ਤੋਂ ਬਾਅਦ ਸਰਕਾਰ ਨੇ ਪੁਰਸਕਾਰ ਲਈ ਚੁਣੀਆਂ ਪੰਚਾਇਤਾਂ ਦੇ ਨਾਮ ਦਾ ਐਲਾਨ ਕੀਤਾ ਤਾਂ ਪਿੰਡ ਟਹਿਣਾ ਦਾ ਨਾਮ ਇਸ ਸੂਚੀ ‘ਚ ਸ਼ਾਮਲ ਸੀ।ਜਿਸ ਨਾਲ ਪਿੰਡ ਟਹਿਣ ਅੰਦਰ ਖੁਸ਼ੀ ਦੀ ਲਹਿਰ ਹੈ।

Exit mobile version