*ਕੋਵਿਡ ਦੀ ਜੰਗ ਜਿੱਤ ਚੁੱਕੇ ਮਰੀਜ਼ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ- ਡਾ. ਰਾਜ ਬਹਾਦਰ ***ਠੀਕ ਹੋਏ ਮਰੀਜ 4 ਹਫਤਿਆਂ ਬਾਅਦ ਦਾਨ ਕਰ ਸਕਦੇ ਹਨ ਪਲਾਜ਼ਮਾ ***2 ਡਾਕਟਰਾਂ ਨੇ ਪਹਿਲੇ ਦਿਨ ਕੀਤਾ ਪਲਾਜ਼ਮਾ ਦਾਨ
ਫਰੀਦਕੋਟ / 11 ਅਗਸਤ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਤਹਿਤ ਕਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਅੱਗੇ ਵਧਣ ਤੋਂ ਰੋਕਣ ਅਤੇ ਇਸ ਦੇ ਖਾਤਮੇ ਲਈ ਕੀਤੇ ਜਾ ਰਹੇ ਵੱਡੇ ਉਪਰਾਲਿਆਂ ਤਹਿਤ ਪਟਿਆਲਾ ਅਤੇ ਅਮ੍ਰਿੰਤਸਰ ਤੋਂ ਬਾਅਦ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਪਲਾਜ਼ਮਾ ਬੈਂਕ ਦੀ ਸ਼ੁਰੂਆਤ ਕੀਤੀ ਗਈ। ਪਲਾਜ਼ਮਾ ਥੈਰੇਪੀ ਨਾਲ ਕੋਵਿਡ-19 ਤੋਂ ਪ੍ਰਭਾਵਿਤ ਗੰਭੀਰ ਮਰੀਜ਼ਾਂ ਦਾ ਇਲਾਜ ਪਲਾਜ਼ਮਾ ਥੈਰੇਪੀ ਨਾਲ ਕੀਤਾ ਜਾਂਦਾ ਹੈ। ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ, ਆਈ.ਏ.ਐਸ. ਅਤੇ ਯੂਨੀਵਰਸਿਟੀ ਦੇ ਉਪ ਕੁੱਲਪਤੀ ਡਾ. ਰਾਜ ਬਹਾਦਰ ਦੀ ਮੌਜੂਦਗੀ ਵਿੱਚ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਪਲਾਜ਼ਮਾ ਬੈਂਕ ਨੂੰ ਵੀਡੀਓ ਕਾਨਫਰੰਸ ਰਾਹੀਂ ਲੋਕ ਅਰਪਣ ਕੀਤਾ।
ਕੈਬਨਿਟ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਕੋਵਿਡ-19 ਦੀ ਜੰਗ ਜਿੱਤ ਕੇ ਠੀਕ ਹੋ ਚੁੱਕੇ ਮਰੀਜਾਂ ਨੂੰ ਅਪੀਲ ਕੀਤੀ ਕਿ ਉਹ ਦੂਜੇ ਹੋਰ ਕਰੋਨਾ ਪਾਜੀਟਿਵ ਮਰੀਜਾਂ ਦੇ ਇਲਾਜ ਵਿੱਚ ਮਦਦ ਕਰਨ ਲਈ ਆਪਣਾ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ। ਉਨਾਂ ਕਿਹਾ ਕਿ ਹੁਣ ਫਰੀਦਕੋਟ, ਪਟਿਆਲਾ ਅਤੇ ਅੰਮ੍ਰਿਤਸਰ ਤੋਂ ਬਾਅਦ ਤੀਜਾ ਜਿਲਾ ਬਣ ਗਿਆ ਹੈ, ਜਿੱਥੋ ਦੇ ਮੈਡੀਕਲ ਕਾਲਜ ਵਿਖੇ ਪਲਾਜ਼ਮਾ ਥੈਰੇਪੀ ਦੀ ਸ਼ੁਰੂਆਤ ਹੋ ਗਈ ਹੈ। ਉਨਾਂ ਕਿਹਾ ਕਿ ਕਰੋਨਾ ਦੇ ਗੰਭੀਰ ਮਰੀਜਾਂ ਦੇ ਸਫਲਤਾਪੂਰਵਕ ਇਲਾਜ ਦੀ ਦਿਸ਼ਾ ਵਿੱਚ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਇਤਿਹਾਸਕ ਕਦਮ ਹੈ, ਜਿਸ ਨਾਲ ਕਰੋਨਾ ਦੇ ਗੰਭੀਰ ਮਰੀਜਾਂ ਦਾ ਅਤਿ ਆਧੁਨਿਕ ਤਰੀਕੇ ਨਾਲ ਇਲਾਜ ਕਰਕੇ ਉਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਇਸ ਉਪਰਾਲੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਸ੍ਰੀ ਓ.ਪੀ. ਸੋਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਟਾਕਰੇ ਅਤੇ ਇਲਾਜ ਲਈ ਫਰੀਦਕੋਟ ਵਿਖੇ ਸਥਾਪਿਤ ਹੋਇਆ ਪੰਜਾਬ ਦਾ ਤੀਜਾ ਪਲਾਜ਼ਮਾ ਬੈਂਕ ਬਹੁਤ ਵੱਡੀ ਪ੍ਰਾਪਤੀ ਹੈ। ਪਲਾਜ਼ਮਾ ਬੈਂਕ ਦੀ ਸਥਾਪਨਾ ਨੂੰ ਇਸ ਦਿਸ਼ਾ ਵਿਚ ਮੀਲ ਪੱਥਰ ਦੱਸਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਤਹਿਤ ਕੋਵਿਡ ਮਹਾਂਮਾਰੀ ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਦਾ ਇਹ ਉਪਰਾਲਾ ਮੀਲ ਪੱਧਰ ਸਾਬਤ ਹੋਵੇਗਾ।
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਉਪ ਕੁੱਲਪਤੀ ਡਾ. ਰਾਜ ਬਹਾਦਰ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਪਹਿਲਾਂ ਵੀ ਪਲਾਜ਼ਮਾ ਥੈਰੇਪੀ ਦਾ ਸਫਲਤਾ ਪੂਰਵਕ ਟਰਾਈਲ ਹੋ ਚੁੱਕਾ ਹੈ ਤੇ ਹੁਣ ਮਾਲਵਾ ਖਿੱਤੇ ਦੇ ਵੱਡੀ ਗਿਣਤੀ ਵਿੱਚ ਕਰੋਨਾ ਪ੍ਰਭਾਵਿਤ ਮਰੀਜਾਂ ਨੂੰ ਪਲਾਜ਼ਮਾ ਬੈਂਕ ਦੀ ਸਥਾਪਨਾ ਮਗਰੋ ਇਲਾਜ ਵਿੱਚ ਵੱਡੀ ਸਹੂਲਤ ਮਿਲੇਗੀ। ਉਨਾਂ ਦੱਸਿਆ ਕਿ ਹੋਰ ਬਿਮਾਰੀਆਂ ਤੋਂ ਪੀੜਤ ਜਾਂ ਗਰਭਵਤੀ ਔਰਤਾਂ ਤੋਂ ਬਿਨਾ ਕਰੋਨਾ ਤੋਂ ਸਿਹਤਯਾਬ ਕੋਈ ਵੀ ਮਰੀਜ 28 ਦਿਨਾਂ ਬਾਅਦ ਆਪਣਾ ਪਲਾਜ਼ਮਾ ਦਾਨ ਕਰ ਸਕਦਾ ਹੈ। ਉਨਾਂ ਕਿਹਾ ਕਿ ਪਲਾਜ਼ਮਾ ਦਾਨ ਕਰਨ ਵਾਲੇ ਵਿਅਕਤੀ ਦੀ ਉਮਰ 18 ਤੋਂ 65 ਸਾਲ ਤੱਕ ਅਤੇ ਭਾਰ 55 ਕਿਲੋ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪਲਾਜ਼ਮਾ ਦਾਨ ਕਰਨ ਦੀ ਪ੍ਰਕਿਰਿਆ ਬੇਹੱਦ ਸਰਲ ਅਤੇ ਸੁਰੱਖਿਅਤ ਕਾਰਜ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਕਰੋਨਾ ਜਾਂਚ ਲਈ ਸਥਾਪਤ ਕੀਤੀ ਗਈ ਲੈਬ ਵੀ ਬਹੁਤ ਸਫਲਤਾਪੂਰਵ ਕੰਮ ਕਰ ਰਹੀ ਹੈ ਤੇ ਹੁਣ ਪਲਾਜ਼ਮਾ ਬੈਂਕ ਦੀ ਸਥਾਪਨਾ ਨਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਰਾਜ ਦੇ ਦੂਜਾ ਅਜਿਹਾ ਹਸਪਤਾਲ ਬਣ ਗਿਆ ਹੈ ਜਿੱਥੇ ਇਸ ਤਕਨੀਕ ਨਾਲ ਇਲਾਜ ਹੋਵੇਗਾ।ਇਸ ਮੌਕੇ ਉਦਘਾਟਨ ਤੋਂ ਤੁਰੰਤ ਬਾਅਦ ਡਾ. ਏਵਨ ਅਤੇ ਡਾ. ਅਕਰਮਵੀਰ ਸਿੰਘ ਬਰਾੜ ਨੇ ਆਪਣਾ ਪਲਾਜ਼ਮਾ ਦਾਨ ਕੀਤਾ ਅਤੇ ਉਹ ਇਸ ਬੈਂਕ ਵਿੱਚ ਪਲਾਜ਼ਮਾ ਦਾਨ ਕਰਨ ਵਾਲੇ ਪਹਿਲੇ ਦਾਨੀ ਬਣੇ।
ਇਸ ਮੌਕੇ ਰਜਿਸਟਰਾਰ ਡਾ. ਜੀ.ਸੀ. ਵਹੀਰ, ਕੰਟਰੋਲਰ ਪ੍ਰੀਖਿਆਵਾਂ ਡਾ. ਐਸ.ਪੀ. ਸਿੰਘ, ਡਾ. ਰਾਜੀਵ ਜ਼ੋਸੀ ਮੈਡੀਕਲ ਸੁਪਰਡੈਂਟ, ਡਾ. ਨੀਤੂ ਕੁੱਕੜ ਇੰਚਾਰਜ ਪਲਾਜਮਾ ਬੈਂਕ ਵੀ ਹਾਜ਼ਰ ਸਨ।