ਡਿਪਟੀ ਕਮਿਸ਼ਨਰ ਵੱਲੋਂ ਪਿੰਡ ਨੱਥੇਵਾਲਾ ਵਿਖੇ ਵਾਟਰ ਟਰੀਟਮੈਂਟ ਪਲਾਟ ਦਾ ਜਾਇਜ਼ਾ **ਪਿੰਡ ਦੇ ਗੰਦੇ ਪਾਣੀ ਨੂੰ ਸਾਫ ਕਰਕੇ ਖੇਤੀਬਾੜੀ ਯੋਗ ਬਣਾਉਣ ਤੇ ਖਰਚੇ ਜਾ ਰਹੇ ਹਨ 44 ਲੱਖ ਰੁਪਏ: ਸੇਤੀਆ
ਫਰੀਦਕੋਟ / 11 ਅਗਸਤ / ਨਿਊ ਸੁਪਰ ਭਾਰਤ ਨਿਊਜ
ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਵੱਲੋਂ ਅੱਜ ਜ਼ਿਲ੍ਹੇ ਦੇ ਪਿੰਡ ਨੱਥੇਵਾਲਾ ਦਾ ਵਿਸੇਸ਼ ਦੌਰਾ ਕਰਕੇ ਪਿੰਡ ਦੇ ਗੰਦੇ ਪਾਣੀ ਨੂੰ ਸਾਫ ਕਰਕੇ ਉਸ ਨੂੰ ਖੇਤੀਬਾੜੀ ਦੀ ਵਰਤੋ ਯੋਗ ਬਣਾਉਣ ਲਈ ਬਣਾਏ ਜਾ ਰਹੇ ਟਰੀਟਮੈਂਟ ਪਲਾਂਟ ਦਾ ਜਾਇਜ਼ਾ ਲਿਆ ਗਿਆ ਅਤੇ ਅਧਿਕਾਰੀਆਂ ਨੂੰ ਇਸ ਕੰਮ ਨੂੰ ਹੋਰ ਤੇਜ਼ੀ ਨਾਲ ਕਰਨ ਲਈ ਕਿਹਾ।
ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਰਾਸ਼ਟਰੀ ਗਰੀਨ ਟ੍ਰਿਬਿਊਨਲ ਵੱਲੋਂ ਪਿੰਡ ਦਾ ਗੰਦਾ ਪਾਣੀ ਜ਼ੋ ਕਿ ਪਹਿਲਾ ਸੇਮ ਨਾਲੇ ਵਿਚ ਜਾਂਦਾ ਸੀ ਤੇ ਰੋਕ ਲਗਾਈ ਗਈ ਸੀ ਜਿਸ ਦੇ ਹੱਲ ਲਈ ਪਿੰਡ ਦੇ ਗੰਦੇ ਪਾਣੀ ਨੂੰ ਸਾਫ ਕਰਕੇ ਉਸ ਨੂੰ ਪਿੰਡ ਦੇ ਛੱਪੜ ਵਿਚ ਪਾਉਣ ਅਤੇ ਉਸ ਨੂੰ ਖੇਤੀਬਾੜੀ ਜਾਂ ਹੋਰ ਕੰਮਾਂ ਲਈ ਵਰਤੋਂ ਵਿਚ ਲਿਆਉਣਾ ਹੈ।ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤੇ 44 ਲੱਖ ਦੀ ਲਾਗਤ ਆਵੇਗੀ ਅਤੇ ਹੁਣ ਤੱਕ ਇਸ ਪ੍ਰਾਜੈਕਟ ਤੇ 17 60 ਲੱਖ ਰੁਪਏ ਖਰਚੇ ਜਾ ਚੁੱਕੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕੰਮ ਲਈ ਮਗਨਰੇਗਾ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ ਅਤੇ ਕੰਮ ਕਰਦੇ ਸਮੇਂ ਕੋਵਿਡ-19 ਸਬੰਧੀ ਜਾਰੀ ਸਾਵਧਾਨੀਆਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ।
ਪੰਚਾਇਤ ਵਿਭਾਗ ਫਰੀਦਕੋਟ ਦੇ ਐਕਸੀਅਨ ਸ੍ਰੀ ਮਹੇਸ਼ ਗਰਗ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਪਿੰਡ ਦੇ ਛੱਪੜ ਦੀ ਰੀ-ਮਾਡਲਿੰਗ ਕੀਤੀ ਜਾਵੇਗੀ ਅਤੇ ਉਸ ਉਪਰੰਤ ਗੰਦੇ ਪਾਣੀ ਨੂੰ ਪਹਿਲੇ ਪੜਾਅ ਤੇ ਰੀ-ਟਰੀਟ ਕਰਨ ਲਈ ਥਾਪਰ ਟੈਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ। ਇਸ ਉਪਰੰਤ ਗੰਦਾ ਪਾਣੀ ਤਿੰਨ ਵੱਖ ਵੱਖ ਪੜਾਵਾਂ ਵਿਚੋਂ ਗੁਜ਼ਰਦਾ ਹੋਇਆ ਪਿੰਡ ਦੇ ਛੱਪੜ ਵਿਚ ਜਾਵੇਗਾ ਜਿਥੇ ਉਸ ਨੂੰ ਖੇਤੀਬਾੜੀ ਜਾਂ ਹੋਰ ਕੰਮਾਂ ਲਈ ਵਰਤੋਂ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਯਕੀਨ ਦਿਵਾਇਆ ਕਿ ਉਹ ਇਸ ਕੰਮ ਨੂੰ ਮਿੱਥੇ ਸਮੇਂ ਵਿਚ ਨੇਪਰੇ ਚੜਾਉਣਗੇ ਅਤੇ ਵੱਧ ਤੋਂ ਵੱਧ ਮਗਨਰੇਗਾ ਮਜ਼ਦੂਰਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ।