*ਰਾਜ ਸਿੱਖਿਆ, ਸਿਖਲਾਈ ਤੇ ਖੋਜ ਪ੍ਰੀਸ਼ਦ ਵੱਲੋਂ ਕਰਵਾਏ ਗਏ ਮੁਕਾਬਲੇ
ਫ਼ਰੀਦਕੋਟ / 28 ਜੁਲਾਈ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਦੂਸਰੀ ਪ੍ਰਤੀਯੋਗਤਾ ਗੀਤ ਮੁਕਾਬਲੇ ਪ੍ਰਤੀ ਫ਼ਰੀਦਕੋਟ ‘ਚ ਵਿਦਿਆਰਥੀਆਂ ਅੰਦਰ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ।ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਕਰਵਾਏ ਗੀਤ ਮੁਕਾਬਲਿਆਂ ‘ਚ ਰਾਜ ਭਰ ਦੇ ਕੇਵਲ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਗਾਇਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਫ਼ਰੀਦਕੋਟ ਜ਼ਿਲੇ ਅੰਦਰ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਪਰਮਿੰਦਰ ਸਿੰਘ ਬਰਾੜ ਅਤੇ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਕਮਲਜੀਤ ਤਾਹੀਮ ਨੇ ਦੱਸਿਆ ਕਿ ਰਾਜ ਸਿੱਖਿਆ, ਸਿਖਲਾਈ ਤੇ ਖੋਜ ਪ੍ਰੀਸ਼ਦ ਵੱਲੋਂ ਕਰਵਾਏ ਗਏ ਸਕੂਲ ਪੱਧਰ ਦੇ ਗੀਤ ਗਾਇਨ ਮੁਕਾਬਲਿਆਂ ‘ਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਨੇ ਆਪਣੀਆਂ ਵੀਡੀਓਜ਼ ਆਪਣੇ ਗਾਈਡ ਅਧਿਆਪਕਾਂ ਦੀ ਸਹਾਇਤਾ ਨਾਲ ਫ਼ੇਸਬੁੱਕ ਅਤੇ ਯੂ ਟਿਊਯ ਤੇ ਅਪਲੋਡ ਕੀਤੀਆਂ ਹਨ। ਗੀਤ ਮੁਕਾਬਲੇ ‘ਚ ਪੂਰੀ ਤਰਾਂ ਗੁਰ ਮਰਿਆਦਾ ‘ਚ ਰਹਿੰਦਿਆਂ ਕਰਵਾਏ ਗਏ। ਪਹਿਲੇ ਪੜਾਅ ‘ਚ ਵਿਦਿਆਰਥੀਆਂ ਨੇ ਸਕੂਲ ਪੱਧਰੀ ਪੱਧਰ ਤੇ ਸ੍ਰੀ ਗੁਰੁ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ, ਜੀਵਨ, ਸਿਧਾਂਤਾਂ, ਉਦੇਸ਼ਾਂ, ਉਸਤਤ ਤੇ ਕੁਰਬਾਨੀ ‘ਤੇ ਅਧਾਰਿਤ। ਗੀਤ ਪੇਸ਼ ਕੀਤੇ। ਸਕੂਲ ਪੱਧਰ ਤੇ ਜੇਤੂ ਬੱਚਿਆਂ ਦੇ ਵੇਰਵੇ ਸਕੂਲ ਮੁਖੀਆਂ ਵੱਲੋਂ ਬਲਾਕ ਪੱਧਰ ਦੇ ਮੁਕਾਬਲੇ ਲਈ ਭੇਜ ਦਿੱਤੇ ਗਏ ਹਨ। ਗੀਤ ਮੁਕਾਬਲੇ ‘ਚ ਬਲਾਕ ਪੱਧਰ ਦੇ ਜੇਤੂ ਰਹਿਣ ਵਾਲੇ ਬੱਚੇ ਜ਼ਿਲਾ ਪੱਧਰ ਤੇ ਭਾਗ ਲੈਣਗੇ ਤੇ ਫ਼ਿਰ ਜ਼ਿਲਾ ਜੇਤੂ ਰਾਜ ਪੱਧਰ ਗੀਤ ਮੁਕਾਬਲੇ ਦੀ ਪ੍ਰਕਿਰਿਆ ‘ਚ ਸ਼ਾਮਲ ਹੋਣਗੇ।
ਇਸ ਮੌਕੇ ਪ੍ਰਦੀਪ ਦਿਓੜਾ, ਜਸਮਿੰਦਰ ਸਿੰਘ ਹਾਂਡਾ ਦੋਨੋਂ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ, ਜ਼ਿਲਾ ਨੋਡਲ ਅਫਸਰ ਐਲੀਮੈਂਟਰੀ ਮਨਿੰਦਰ ਕੌਰ ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਜ਼ਿਲਾ ਨੋਡਲ ਅਫਸਰ ਸੈਕੰਡਰੀ ਜਸਬੀਰ ਸਿੰਘ ਜੱਸੀ ਜ਼ਿਲਾ ਗਾਈਡੈਂਸ ਕਾਊਂਸਲਰ ਨੇ ਭਾਗ ਲੈਣ ਵਾਲੇ ਬੱਚਿਆਂ, ਉਨਾਂ ਦੇ ਗਾਈਡ ਅਧਿਆਪਕਾਂ, ਸਕੂਲ ਦੇ ਪ੍ਰਿੰਸੀਪਲ ਸਾਹਿਬਾਨ, ਮੁੱਖ ਅਧਿਆਪਕ ਸਾਹਿਬਾਨ, ਇੰਚਾਰਜ਼ ਸਾਹਿਬਾਨ ਅਤੇ ਮਾਪਿਆਂ ਦਾ ਧੰਨਵਾਦ ਕੀਤਾ।