ਐਸ ਏ ਐਸ ਨਗਰ, 23 ਮਈ / ਨਿਊ ਸੁਪਰ ਭਾਰਤ ਨਿਊਜ਼:
ਜ਼ਿਲ੍ਹਾ ਪੁਲਿਸ ਦੇ ਸਾਈਬਰ ਸੈੱਲ ਨੇ ਐਸਐਸਪੀ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਹੇਠ ਇੱਕ ਨਕਲੀ ਪੈਟਰੋਲ ਡੀਲਰਸ਼ਿਪ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੰਜ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ (ਡੀ) ਸ੍ਰੀ ਹਰਮਨਦੀਪ ਸਿੰਘ ਹਾਂਸ ਅਤੇ ਡੀਐਸਪੀ ਰੁਪਿੰਦਰ ਕੌਰ ਨੇ ਦੱਸਿਆ ਕਿ ਇਹ ਗਿਰੋਹ ਪੈਟਰੋਲ ਪੰਪ ਡੀਲਰਸ਼ਿਪ ਦੇਣ ਦੇ ਨਾਮ ‘ਤੇ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਕਾਰਜ ਵਿਧੀ ਇਹ ਸੀ ਕਿ ਇਹ ਗਿਰੋਹ ਮੱਧ ਪ੍ਰਦੇਸ਼, ਛੱਤੀਸਗੜ, ਰਾਜਸਥਾਨ, ਗੁਜਰਾਤ, ਉੜੀਸਾ, ਯੂ ਪੀ, ਬੰਗਲੌਰ, ਮਣੀਪੁਰ, ਅਸਾਮ ਅਤੇ ਕਰਨਾਟਕ ਵਰਗੇ ਵੱਖ-ਵੱਖ ਰਾਜਾਂ ਵਿੱਚ ਆਨਲਾਈਨ ਇਸ਼ਤਿਹਾਰ ਦਿੰਦਾ ਸੀ। ਇਹ ਗਿਰੋਹ ਪੈਟਰੋਲ ਪੰਪ ਡੀਲਰਸ਼ਿਪ ਦੇਣ ਦੇ ਨਾਮ ‘ਤੇ ਵੱਖ-ਵੱਖ ਖਾਤਿਆਂ ‘ਚ ਪੈਸੇ ਜਮ੍ਹਾ ਕਰਵਾ ਕੇ ਲੋਕਾਂ ਨਾਲ ਧੋਖਾ ਕਰਦਾ ਸੀ। ਲੋਕਾਂ ਨੂੰ ਜਾਅਲੀ ਮਨਜ਼ੂਰੀ ਪੱਤਰ ਅਤੇ ਜਾਅਲੀ ਲਾਇਸੈਂਸ ਦਿੱਤੇ ਗਏ ਸਨ। ਡੀਲਰਸ਼ਿਪਾਂ ਬਾਰੇ ਪੁੱਛੇ ਜਾਣ ‘ਤੇ ਗਿਰੋਹ ਦੇ ਮੈਂਬਰ ਆਪਣੇ ਫੋਨ ਬੰਦ ਕਰ ਲੈਂਦੇ ਸਨ।
ਹੁਣ ਤੱਕ, ਲੋਕਾਂ ਨਾਲ 1 ਕਰੋੜ ਰੁਪਏ ਤੱਕ ਦਾ ਧੋਖਾ ਕੀਤਾ ਗਿਆ ਹੈ।
ਗਵਾਲੀਅਰ, ਹਮੀਰਪੁਰ (ਯੂਪੀ) ਵਿੱਚ ਪੁਲਿਸ ਨੇ ਛਾਪੇ ਮਾਰੇ ਅਤੇ ਚਾਰ ਨੂੰ ਗ੍ਰਿਫਤਾਰ ਕੀਤਾ ਜਦਕਿ ਇੱਕ ਹੋਰ ਨੂੰ ਖਰੜ ਤੋਂ ਕਾਬੂ ਕੀਤਾ ਗਿਆ।
ਮੁਲਜ਼ਮ ਮਹਿੰਦਰ ਸਿੰਘ, ਬ੍ਰਹਮਪ੍ਰਕਾਸ਼ ਸ਼ੁਕਲਾ, ਜਤਿੰਦਰ ਸਿੰਘ, ਆਸਿਫ ਖਾਨ, ਅਤੇ ਅਕਾਸ਼ ਸਿੰਘ ਦੀ ਗ੍ਰਿਫਤਾਰੀ ਦੇ ਨਤੀਜੇ ਵਜੋਂ 4,90,000 ਰੁਪਏ ਨਕਦ, ਇਕ ਸਕਾਰਪੀਓ, 2 ਲੈਪਟਾਪ, ਅਪਰਾਧ ਵਿਚ ਵਰਤੇ ਗਏ ਮੋਬਾਈਲ ਫੋਨ ਅਤੇ ਸਿਮ ਕਾਰਡ ਬਰਾਮਦ ਕੀਤੇ ਗਏ। ਮੁਲਜ਼ਮ ਦੇ ਵੱਖ ਵੱਖ ਬੈਂਕਾਂ ਵਿੱਚ 21 ਖਾਤੇ ਸਨ। ਇਨ੍ਹਾਂ ਖਾਤਿਆਂ ਵਿਚ 2.50 ਲੱਖ ਰੁਪਏ ਫਰੀਜ਼ ਕਰ ਦਿੱਤੇ ਗਏ ਹਨ।
ਇਸ ਸਬੰਧੀ ਥਾਣਾ ਮਟੌਰ ਵਿਖੇ ਮਿਤੀ 15-5-2020 ਨੂੰ ਆਈ.ਪੀ.ਸੀ. ਦੀ ਧਾਰਾ 406, 419, 420, 465, 467, 471 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦਾ ਰਿਮਾਂਡ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।