ਚੰਡੀਗੜ੍ਹ / 23 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਸ਼੍ਰੀ ਆਸ਼ੀਸ਼ ਗੋਇਲ, ਡਾਇਰੈਕਟਰ (ਉੱਤਰ-ਪੱਛਮ ਖੇਤਰ), ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਨੇ ਕਿਹਾ ਗਾਂਧੀ ਜੀ ਦੇ ਕਈ ਉਪਦੇਸ਼ ਆਧੁਨਿਕ ਨੌਜਵਾਨਾਂ ਦੇ ਲਈ ਪ੍ਰਾਸੰਗਿਕ ਹਨ। ਉਹ ਮਹਾਤਮਾ ਗਾਂਧੀ ਜੀ ਦੀ 150ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਆਯੋਜਿਤ ਇੱਕ ਵੈਬੀਨਾਰ ਦੇ ਦੌਰਾਨ ਪ੍ਰਤੀਭਾਗੀਆਂ ਨੂੰ ਜਾਣਕਾਰੀ ਦੇ ਰਹੇ ਸਨ। ਪ੍ਰਤੀਭਾਗੀਆਂ ਦਾ ਸੁਆਗਤ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਸਵਾਵਲੰਬਨ (ਆਤਮਨਿਰਭਰਤਾ), ਅਹਿੰਸਾ ਅਤੇ ਸਰਵੋਦਯ (ਸਭ ਦੀ ਪ੍ਰਗਤੀ) ਜਿਹੇ ਮਹਾਤਮਾ ਗਾਂਧੀ ਦੇ ਵਿਚਾਰ ਅਤੇ ਸੰਕਲਪ ਸਮਾਜ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਨ।
ਵਰਤਮਾਨ ਸਮੇਂ ਦੇ ਦੌਰਾਨ ਗਾਂਧੀਵਾਦੀ ਦਰਸ਼ਨ ਦੀ ਪ੍ਰਾਸੰਗਿਕਤਾ ਦੇ ਬਾਰੇ ਗੱਲ ਕਰਦੇ ਹੋਏ, ਡਾ. ਮਨੀਸ਼ ਸ਼ਰਮਾ, ਚੇਅਰਪਰਸਨ, ਗਾਂਧੀਵਾਦੀ ਅਤੇ ਸ਼ਾਂਤੀ ਅਧਿਐਨ ਫੈਕਲਟੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਕੋਵਿਡ -19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਦੇ ਲਈ ਪਹਿਲੇ ਕਦਮ ਵਜੋਂ ਅੰਦਰੂਨੀ ਅਤੇ ਬਾਹਰੀ ਸਵੱਛਤਾ ਦੇ ਮਹੱਤਵ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਨੀਤੀ ਨਿਰਮਾਣ ਦ੍ਰਿਸ਼ਟੀਕੋਣ ਵਿੱਚ ਪਿਰਾਮਿਡ ਅਪ੍ਰੋਚ ਤੋਂ ਗਾਂਧੀ ਜੀ ਦੁਆਰਾ ਸੁਝਾਏ ਗਏ ਔਸ਼ਨਿਕ ਸਰਕਲ (oceanic circle) ਵੱਲ ਬਦਲਾਅ ਦੀ ਜ਼ਰੂਰਤ ਹੈ।
ਜਲੰਧਰ ਦੇ ਕੰਨਿਆ ਮਹਾ ਵਿਦਿਆਲਿਆ (ਕੇਐੱਮਵੀ), ਦੇ ਗਾਂਧੀਵਾਦੀ ਅਧਿਐਨ ਵਿਭਾਗ ਦੇ ਡਾਇਰੈਕਟਰ, ਡਾ. ਮੋਨਿਕਾ ਸ਼ਰਮਾ ਨੇ ਪ੍ਰਤੀਭਾਗੀਆਂ ਨੂੰ ਸੂਚਿਤ ਕੀਤਾ ਕਿ ਗਾਂਧੀ ਜੀ ਨੂੰ ਅਹਿੰਸਾ ਦੇ ਲਈ ਮਹਿਲਾਵਾਂ ਦੀ ਸੁਭਾਵਿਕ ਸਮਰੱਥਾ ਵਿੱਚ ਅਥਾਹ ਵਿਸ਼ਵਾਸ ਸੀ ਅਤੇ ਉਨ੍ਹਾਂ ਨੇ ਸੁਤੰਤਰਤਾ ਸੰਗਰਾਮ ਦੇ ਲਈ ਰਾਸ਼ਟਰੀ ਅੰਦੋਲਨ ਦੇ ਸਸ਼ਕਤੀਕਰਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਕਿਹਾ ਕਿ ਸੁਤੰਤਰਤਾ ਸੰਗਰਾਮ ਦੇ ਵਿਭਿੰਨ ਪੜਾਵਾਂ ਨੇ ਮਹਿਲਾਵਾਂ ਨੂੰ ਸਸ਼ਕਤ ਕਰਨ ਦੇ ਲਈ ਆਤਮਵਿਸ਼ਵਾਸ ਪੈਦਾ ਕਰਨ ਵਿੱਚ ਮਦਦ ਕੀਤੀ।
ਸ੍ਰੀ ਹਿਮਾਂਸ਼ੂ ਪਾਠਕ, ਸਹਾਇਕ ਡਾਇਰੈਕਟਰ, ਪੱਤਰ ਸੂਚਨਾ ਦਫ਼ਤਰ, ਚੰਡੀਗੜ੍ਹ ਨੇ ਵੈਬੀਨਾਰ ਦਾ ਸੰਚਾਲਨ ਕੀਤਾ। ਇਸ ਸੈਸ਼ਨ ਦਾ ਸਮਾਪਨ, ਸ਼੍ਰੀ ਹਿਤੇਸ਼ ਰਾਵਤ, ਸਹਾਇਕ ਡਾਇਰੈਕਟਰ, ਪੱਤਰ ਸੂਚਨਾ ਦਫ਼ਤਰ, ਚੰਡੀਗੜ੍ਹ ਦੁਆਰਾ ਸਾਰੇ ਪ੍ਰਤੀਭਾਗੀਆਂ ਨੂੰ ਧੰਨਵਾਦ ਪ੍ਰਸਤਾਵ ਪੇਸ਼ ਕਰਨ ਦੇ ਨਾਲ ਹੋਇਆ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਕੰਨਿਆ ਮਹਾ ਵਿਦਿਆਲਿਆ, ਜਲੰਧਰ ਦੇ ਵਿਦਿਆਰਥੀਆਂ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਹੋਰ ਅਧਿਕਾਰੀਆਂ ਨੇ ਵੈਬੀਨਾਰ ਵਿੱਚ ਹਿੱਸਾ ਲਿਆ।
ਵੈਬੀਨਾਰ ਦਾ ਆਯੋਜਨ ਪੱਤਰ ਸੂਚਨਾ ਦਫ਼ਤਾਰ ਅਤੇ ਰੀਜਨਲ ਆਊਟਰੀਚ ਬਿਊਰੋ, ਚੰਡੀਗੜ੍ਹ, ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਕੀਤਾ ਗਿਆ ਸੀ। ਇਸ ਵੈਬੀਨਾਰ ਵਿੱਚ ਗਾਂਧੀਵਾਦੀ ਅਧਿਐਨ ਦੇ ਖੇਤਰ ਦੇ ਮਾਹਿਰਾਂ ਨੂੰ ਮਹਿਮਾਨ ਬੁਲਾਰੇ ਵਜੋਂ ਬੁਲਾਇਆ ਗਿਆ ਸੀ।